ਸ਼੍ਰੋਮਣੀ ਕਮੇਟੀ ਮੈਂਬਰ ਨੂੰ ਘੇਰਨ ਜਾ ਰਹੀ ਸੰਗਤ ਨੂੰ ਪੁਲੀਸ ਨੇ ਘੇਰਿਅਾ

By October 29, 2015 0 Comments


ਲੰਬੀ, (29 ਅਕਤੂਬਰ, ਇਕਬਾਲ ਸਿੰਘ ਸ਼ਾਂਤ):ਲੰਬੀ ਹਲਕੇ ਦੀ ਸਰਾਵਾਂ ਜੈਲ ਦੇ ਪਿੰਡ ਡੱਬਵਾਲੀ ਢਾਬ ਦੀਆਂ ਸਿੱਖ ਸੰਗਤਾਂ ਨੇ ਮੁਆਵਜ਼ੇ ਦੇ ਚੈੱਕ ਕਿਸਾਨਾਂ ਨੂੰ ਵੰਡਣ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਮੈਂਬਰ, ਪੰਜਾਬ ਐਗਰੋ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਕਬਰਵਾਲਾ ਪੁਲੀਸ ਅਤੇ ਸੂਹੀਆ ਤੰਤਰ ਦੀ ਰਿਪੋਰਟ ਕਾਰਨ ਸੰਗ ਸੰਗਤਾਂ ਸਫ਼ਲ ਨਹੀਂ ਹੋ ਸਕੀਅਾਂ।
shaant
ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ਼ ਸਿੱਖ ਸੰਗਤ ਡੱਬਵਾਲੀ ਦੇ ਛੋਟੇ ਗੁਰਦੁਆਰੇ ਵਿੱਚ ਇਕੱਠੀ ਹੋਈ ਸੀ। ਕਬਰਵਾਲਾ ਪੁਲੀਸ ਨੇ ਗੁਰਦੁਆਰੇ ਦੀ ਘੇਰਾਬੰਦੀ ਕਰਕੇ ਸਿੱਖ ਸੰਗਤ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਗੁਰਦੁਆਰੇ ਵਿੱਚ ਘਿਰੇ ਸਿੱਖਾਂ ਨੇ ਅੰਦਰੋਂ ਹੀ ਬੁਲੰਦ ਅਵਾਜ਼ ਵਿੱਚ ਨਾਅਰੇਬਾਜ਼ੀ ਕਰਕੇ ਆਪਣਾ ਵਿਰੋਧ ਦਰਜ ਕੀਤਾ।
ਮਲੋਟ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਅੱਜ ਮਾਲ ਵਿਭਾਗ ਵੱਲੋਂ ਸਰਾਵਾਂ ਜੈਲ ਦੇ ਛੇ ਪਿੰਡਾਂ ਡੱਬਵਾਲੀ ਢਾਬ, ਕਰਮਗੜ੍ਹ, ਰੱਤਾਖੇੜਾ, ਪੰਨੀਵਾਲਾ, ਕਰਮਪੱਟੀ ਅਤੇ ਮੋਹਲਾਂ ਵਿੱਚ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਕਰੀਬ ਦੋ ਕਰੋੜ ਰੁਪਏ ਦੇ ਚੈੱਕ ਵੰਡੇ। ਪਿੰਡ ਡੱਬਵਾਲੀ ਢਾਬ ਵਿੱਚ ਲੋਕਾਂ ਅਨੁਸਾਰ ਪਿੰਡ ਵਿੱਚ ਵਿਰੋਧੀ ਸੁਰਾਂ ਕਰਕੇ ਜਥੇਦਾਰ ਕੋਲਿਆਂਵਾਲੀ ਡੱਬਵਾਲੀ ਦੇ ਸਮਾਗਮ ‘ਚ ਕਰੀਬ 20-22 ਮਿੰਟ ਹੀ ਰੁਕੇ।

ਵਿਰੋਧ ਕਰਨ ਵਾਲਿਅਾਂ ਵਿੱਚ ਸ਼ਾਮਲ ਇੰਦਰਜੀਤ ਸਿੰਘ, ਗੁਰਚਰਨ ਸਿੰਘ ਬੁੱਗਰ, ਸੂਬਾ ਸਿੰਘ, ਜਸਵੰਤ ਪੱਪੂ, ਭੁਪਿੰਦਰ ਸਿੰਘ ਆੜ੍ਹਤੀਆ, ਵਰਿਆਮ ਸਿੰਘ ਅਤੇ ਗੁਰਦੇਵ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਕਿਸਾਨਾਂ ਨੂੰ ਚੈੱਕ ਵੰਡਣ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ, ਐਸ.ਡੀ.ਐਮ., ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਹੈ। ਜਥੇਦਾਰ ਕੋਲਿਅਾਂਵਾਲੀ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਹੋਣ ਦੇ ਨਾਤੇ ਧਾਰਮਿਕ ਮਸਲਿਆਂ ਨਾਲ ਜੁੜੀਆਂ ਹੋਈਆਂ ਜ਼ਿੰਮੇਵਾਰੀਅਾਂ ਨਿਭਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਸ਼ਾਂਤਮਈ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਦਰਜ ਕਰਵਾਉਣ ਜਾਂਦੀ ਸਿੱਖ ਸੰਗਤ ਨੂੰ ਗੁਰਦੁਆਰੇ ‘ਚ ਕਰੀਬ ਦੋ-ਢਾਈ ਘੰਟੇ ਤੱਕ ਘੇਰੀ ਰੱਖਿਅਾ।

ਕਬਰਵਾਲਾ ਦੇ ਥਾਣਾ ਮੁਖੀ ਗੁਰਸੇਵਕ ਸਿੰਘ ਨੇ ਕਿਹਾ ਕਿ ਪਿੰਡ ਡੱਬਵਾਲੀ ਵਿੱਚ 15 ਸਿੱਖਾਂ ਨੇ ਜਥੇਦਾਰ ਕੋਲਿਆਂਵਾਲੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਗੁਰਦੁਆਰੇ ‘ਚ ਰੋਕ ਲਿਆ ਗਿਆ। ਮਲੋਟ ਦੇ ਐਸ.ਡੀ.ਐਮ. ਬਿਕਰਮਜੀਤ ਸਿੰਘ ਨੇ ਆਖਿਆ ਕਿ ਡੱਬਵਾਲੀ ਢਾਬ ‘ਚ ਉਨ੍ਹਾਂ ਨੂੰ ਚੈੱਕ ਵੰਡਣ ਸਮੇਂ ਕਿਸੇ ਤਰ੍ਹਾਂ ਦੇ ਵਿਰੋਧ ਦੀ ਗੱਲ ਸਾਹਮਣੇ ਨਹੀਂ ਆਈ।