ਆਉਣ ਵਾਲੇ ਇੱਕ ਦੋ ਦਿਨ ਵਿਚ ਜਥੇਦਾਰ ਦੇ ਸਕਦੇ ਅਸਤੀਫੇ

By October 28, 2015 0 Comments


jathedarਅੰਮਿ੍ਰਤਸਰ: 28 ਅਕਤੂਬਰ (ਨਰਿੰਦਰ ਪਾਲ ਸਿੰਘ): ਡੇਰਾ ਸਿਰਸਾ ਮੁਖੀ ਨੂੰ ਬਿਨ ਮੰਗੀ ਮੁਆਫੀ ਦੇਣ ਅਤੇ ਬਾਅਦ ਵਿੱਚ ਸਬੰਦਤ ਵਿਵਾਦਤ ਗੁਰਮਤਾ ਰੱਦ ਕਰਨ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ , ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਆਣ ਵਾਲੇ ਇੱਕ ਦੋ ਦਿਨਾਂ ਵਿੱਚ ਆਪਣੇ ਅਹੁੱਦਿਆਂ ਤੋਂ ਅਸਤੀਫੇ ਦੇ ਰਹੇ ਹਨ ।ਜਥੇਦਾਰਾਂ ਨੁੰ ਡੇਰਾ ਸਿਰਸਾ ਮੁਖੀ ਮੁਆਫੀ ਮਾਮਲੇ ਵਿੱਚ ਤਲਬ ਕਰਨ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮਿ੍ਰਤ ਸੰਚਾਰ ਦੀ ਸੇਵਾ ਨਿਭਾ ਰਹੇ ਪੰਜ ਪਿਆਰਿਆਂ ਵਲੋਂ ਸਬੰਦਤ ਮਾਮਲੇ ਵਿੱਚ ਸਪਸ਼ਟੀਕਰਨ ਦੇਣ ਲਈ ਤਲਬ ਕੀਤੇ ਜਾਣ ਦੇ ਕੁਝ ਹੀ ਘੰਟਿਆਂ ਬਾਅਦ ਕਮੇਟੀ ਪਰਧਾਨ ਨੇ ਮੁਲਾਜਮ ਹੋਣ ਨਾਤੇ ਕਮੇਟੀ ਦੀ ਨੌਕਰੀ ਤੋਂ ਮੁਅਤਲ ਕਰਨ ਦਾ ਫੁਰਮਾਨ ਸੁਣਾ ਦਿੱਤਾ ਸੀ ।ਇਥੇ ਹੀ ਬੱਸ ਹੀ ਨਹੀ ਕਮੇਟੀ ਪਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਗਿਆਨੀ ਗੁਰਬਚਨ ਸਿੰਘ ਖਿਲਾਫ ਰੋਸ ਪ੍ਰਗਟ ਕਰਨ ਵਾਲੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਚਰਨ ਸਿੰਘ ਖਾਲਸਾ,ਭਾਈ ਕਾਰਜ ਸਿੰਘ ,ਪ੍ਰਚਾਰਕ ਭਾਈ ਸੁਰਜੀਤ ਸਿੰਘ ਅਤੇ ਕਮੇਟੀ ਸੁਪਰਵਾਈਜਰ ਸ੍ਰ:ਹਰਪਾਲ ਸਿੰਘ ਨੂੰ ਵੀ ਅਨੁਸ਼ਾਸ਼ਨ ਭੰਗ ਕਰਨ ਦੇ ਦੋਸ਼ ਤਹਿਤ ਅਤੇ ਸ੍ਰੋਮਣੀ ਕਮੇਟੀ ਸਕੱਤਰ ਡਾ:ਰੂਪ ਸਿੰਘ ਅਤੇ ਸ੍ਰ ਮਨਜੀਤ ਸਿੰਘ ਨੂੰ ਵੀ ਡਿਊਟੀ ‘ਚ ਕੁਤਾਹੀ ਦੇ ਦੋਸ਼ ਤਹਿਤ ਮੁਅਤਲ ਕਰ ਦਿੱਤਾ ਸੀ ।ਪੰਜ ਪਿਆਰਿਆਂ ਨੁੰ ਮੁਅਤਲ ਕੀਤੇ ਜਾਣ ਅਤੇ ਉਨਾਂ ਪ੍ਰਤੀ ਸ੍ਰੋਮਣੀ ਕਮੇਟੀ ਪਰਧਾਨ ਵਲੋਂ ਕੀਤੀਆਂ ਗੈਰ ਸਿਧਾਂਤਕ ਟਿਪਣੀਆਂ ਨੂੰ ਲੈਕੇ ਆਮ ਸੰਗਤਾਂ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਸਟਾਫ ਵੀ ਸ੍ਰ ਮੱਕੜ ਦੇ ਫੈਸਲੇ ਦੇ ਵਿਰੋਧ ਖੜਾ ਹੋ ਗਿਆ ਤਾਂ ਪੰਜ ਪਿਆਰਿਆਂ ਨੂੰ ਨੌਕਰੀ ਤੇ ਬਹਾਲ ਕਰਨ ਦਾ ਚਾਰਾ ਵੀ ਸ੍ਰ ਮੱਕੜ ਨੇ ਹੀ ਸ਼ੁਰੂ ਕੀਤਾ।ਪਹਿਲੇ ਪਹਿਲ ਤਾਂ ਇਹ ਸੰਕੇਤ ਮਿਲ ਰਹੇ ਸਨ ਕਿ ਸ਼ਾਇਦ ਪੰਜ ਪਿਆਰਿਆਂ ਸਾਹਵੇਂ ਇਹ ਸ਼ਰਤ ਰੱਖੀ ਜਾ ਰਹੀ ਹੈ ਕਿ ਉਹ ਜਥੇਦਾਰਾਂ ਖਿਲਾਫ ਜਾਰੀ 21 ਅਕਤੂਬਰ 2015 ਦੇ ਤਲਬ ਕੀਤੇ ਜਾਣ ਵਾਲੇ ਗੁਰਮਤੇ ਦੇ ਨਾਲ ਹੀ 23 ਅਕਤੂਬਰ 2015 ਨੁੰ ਜਥੇਦਾਰਾਂ ਦੀਆਂ ਸੇਵਾਵਾਂ ਸਮਾਪਤ ਕੀਤੇ ਜਾਣ ਸਬੰਦੀ ਜਾਰੀ ਸ਼ਰੋਮਣੀ ਕਮੇਟੀ ਨੂੰ ਆਦੇਸ਼ ਵਾਲਾ ਗੁਰਮਤਾ ਵੀ ਵਾਪਿਸ ਲੈ ਲੈਣ ।ਲੇਕਿਨ ਸ੍ਰ ਮੱਕੜ ਨਾ ਤਾਂ ਪੰਜ ਪਿਆਰਿਆਂ ਦੀ ਨਿਯਮਾਂ ਅਨੁਸਾਰ ਮੁਅਤਲੀ ਨੁੰ ਕਾਰਜਕਾਰਣੀ ਕਮੇਟੀ ਵਿਚ ਪਾਸ ਕਰਵਾ ਸਕੇ ਤੇ ਨਾ ਹੀ ਕਮੇਟੀ ਮੁਲਾਜਮਾਂ ਦੇ ਰੋਹ ਨੂੰ ਦਬਾਅ ਸਕੇ ।ਕੁਝ ਅਪੁਸ਼ਟ ਖਬਰਾਂ ਇਹ ਵੀ ਸਨ ਕਿ ਸ੍ਰ ਮੱਕੜ ਪੰਜ ਪਿਆਰਿਆਂ ਤੇ ਜਥੇਦਾਰਾਂ ਦਰਮਿਆਨ ਕੋਈ ਬੈਠਕ ਕਰਵਾ ਰਹੇ ਹਨ ਲੇਕਿਨ ਅਜੇਹਾ ਹੋਇਆ ਨਹੀ ।

ਦੂਸਰੇ ਪਾਸੇ ਪੰਜ ਪਿਆਰਿਆਂ ਦੁਆਰਾ ਪਾਸ ਕੀਤੇ ਗੁਰਮਤਿਆਂ ਪ੍ਰਤੀ ਸਹਿਮਤੀ ਪ੍ਰਗਟਾਣ ਵਾਲੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਵੱਖ ਵੱਖ ਧੜਿਆਂ ਵਲੋਂ ਗਿਆਨੀ ਗੁਰਬਚਨ ਸਿੰਘ,ਗਿਆਨੀ ਮੱਲ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਦੇ ਤੋੜ ਵਜੋਂ ਨਵੇਂ ਸੰਭਾਵੀ ਜਥੇਦਾਰਾਂ ਦੇ ਨਾਮ ਤੀਕ ਪੇਸ਼ ਕਰਨ ਦੀਆਂ ਕਨਸੋਆਂ ਵੀ ਆਈਆਂ ।ਬੀਤੇ ਕਲ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੇਂਟ ਕਮੇਟੀ ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ,ਸ਼੍ਰੋਮਣੀ ਕਮੇਟੀ ਪਰਧਾਨ ਸ੍ਰ ਅਵਤਾਰ ਸਿੰਘ ਮੱਕੜ ਅਤੇ ਕਮੇਟੀ ਦੇ ਕਾਰਜਕਾਰਣੀ ਮੈਂਬਰ ਸ੍ਰ ਦਿਆਲ ਸਿੰਘ ਕੋਲਿਆਂਵਾਲੀ ਦੀ ਗਿਆਨੀ ਗੁਰਬਚਨ ਸਿੰਘ ਨਾਲ ਚਲੀ ਕਈ ਘੰਟੇ ਇਕੱਤਰਤਾ ਬਾਅਦ ਇਹ ਸੰਕੇਤ ਜਰੂਰ ਮਿਲੇ ਕਿ ਆਣ ਵਾਲੇ ਕੁਝ ਦਿਨਾ ਵਿੱਚ ਹੀ ਜਥੇਦਾਰ ਖੁੱਦ ਹੀ ਆਪਣੇ ਅਹੁੱਦਿਆਂ ਤੋਂ ਅਸਤੀਫੇ ਦੇ ਦੇਣਗੇ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਘੋਰ ਨਿਰਾਦਰ ਤੇ ਬਰਗਾੜੀ ਗੋਲੀ ਕਾਂਡ ਕਾਰਣ ਲੋਕ ਰੋਹ ਵਿੱਚ ਘਿਰੇ ਬਾਦਲ ਦਲ ਨੁੰ ਕੁਝ ਰਾਹਤ ਮਿਲ ਸਕੇ।ਜਾਣਕਾਰਾਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਮੁਆਫੀ ਵਿਵਾਦ ਵਿੱਚ ਘਿਰੇ ਗਿਆਨੀ ਗੁਰਬਚਨ ਸਿੰਘ ਨੂੰ ਮੁਖ ਮੰਤਰੀ ਸ੍ਰ ਪਰਕਾਸ਼ ਸਿੰਘ ਵਲੋਂ ਲਿਖੇ ਪੱਤਰ ਵਿੱਚ ਹੀ ਇਹ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਉਹ ਸੂਬੇ ਦੇ ਪ੍ਰਸ਼ਾਸ਼ਨਕ ਮੁਖੀ ਹੋਣ ਨਾਤੇ ਹੋਰ ਕਠੋਰ ਫੈਸਲੇ ਲੈ ਸਕਦੇ ਹਨ।ਸੂਬੇ ਵਿੱਚ ਅਕਾਲੀ ਸਰਕਾਰ ਦੇ ਮਜਬੂਤ ਹੋ ਰਹੇ ਸਿਆਸੀ ਵਿਰੋਧੀਆਂ ਨੂੰ ਠਿਬੱੀ ਲਾਣ ਲਈ ਹੀ ਸ੍ਰ ਬਾਦਲ ਨੇ ਸੂਬੇ ਦੇ ਪੁਲਿਸ ਮੁਖੀ ਸ੍ਰੀ ਸੁਮੇਧ ਸੈਣੀ ਨੁੰ ਬਦਲਣ ਦਾ ਕੌੜਾ ਘੁੱਟ ਭਰਿਆ ਤੇ ਸ੍ਰ ਅਵਤਾਰ ਸਿੰਘ ਮੱਕੜ ਨੇ ਪਹਿਲਾਂ ਪੰਜ ਪਿਆਰਿਆਂ ਨੁੰ ਨੌਕਰੀ ਤੇ ਬਹਾਲ ਕਰਨ ਦਾ ਤਾਂ ਬੀਤੇ ਕਲ ਗਿਆਨੀ ਗੁਰਬਚਨ ਸਿੰਘ ਖਿਲਾਫ ਰੋਹ ਦਾ ਇਜ਼ਹਾਰ ਕਰਨ ਵਾਲੇ ਸਮੂੰਹ ਮੁਲਾਜਮਾ ਨੂੰ ਬਹਾਲ ਕਰਨ ਦਾ ।ਇਹ ਵੀ ਸੰਕੇਤ ਮਿਲੇ ਹਨ ਕਿ ਮੁਅਤਲ ਮੁਲਾਜਮਾ ਦੀ ਬਹਾਲੀ ਗਿਆਨੀ ਗੁਰਬਚਨ ਸਿੰਘ,ਗਿਆਨੀ ਮੱਲ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਲਈ ਇਸ਼ਾਰਾ ਹੀ ਹੈ ਕਿ ਉਹ ਆਪ ਹੀ ਅਹੁਦਿਆਂ ਤੋਂ ਅਸਤੀਫੇ ਦੇ ਦੇਣ ।ਜਾਣਕਾਰਾਂ ਅਨੁਸਾਰ ਜਥੇਦਾਰ ਸਿਰਫ ਬਿਕਰਮੀ ਕੈਲੰਡਰ ਅਨੁਸਾਰ 29 ਅਕਤੂਬਰ ਨੂੰ ਆ ਰਹੇ ਸਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਕਾਰਣ ਰੁੱਕੇ ਹਨ ਤੇ ਆਣ ਵਾਲੇ ਇੱਕ ਦੋ ਦਿਨਾਂ ਵਿੱਚ ਕੋਈ ਵੀ ਬਹਾਨਾ ਬਣਾਕੇ ਅਹੁੱਦਿਆਂ ਦਾ ਤਿਆਗ ਕਰ ਦੇਣਗੇ।