ਬੰਦੀ ਛੋੜ ਦਾਤੇ ਦੇ ਵਾਰਸ ਖੁਦ ‘ਬੰਦੀ’ ਬਣੇ

By October 28, 2015 0 Comments


written by : ਜਸਪਾਲ ਸਿੰਘ ਹੇਰਾਂ
ਅੱਜ ਜਦੋਂ ਛੇਵੇਂ ਪਾਤਸ਼ਾਹ ਦੇ ਉਸ ਮਹਾਨ ਕੌਤਕ, ਕਾਰਨਾਮੇ ਨੂੰ ਯਾਦ ਕਰਦੇ ਹਾਂ, ਜਿਸ ਕਾਰਨਾਮੇ ਸਦਕਾ ਉਨਾਂ ਨੂੰ ‘ਬੰਦੀ ਛੋੜ ਦਾਤੇ’ ਵਜੋਂ ਯਾਦ ਕੀਤਾ ਜਾਂਦਾ ਹੈ ਤਾਂ ਉਨਾਂ ਬੰਦੀ ਸਿੰਘਾਂ ਦੀ ਰਿਹਾਈ, ਜਿਨਾਂ ਦੀ ਸਜ਼ਾ ਤੱਕ ਪੂਰੀ ਹੋ ਚੁੱਕੀ ਹੈ ਅਤੇ ਉਨਾਂ ਦੀ ਰਿਹਾਈ ਲਈ ਇਕ 83 ਸਾਲ ਦਾ ਬੁੱਢਾ ਜਰਨੈਲ 285 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠਾ ਕਦੇ ਸਰਕਾਰ ਵੱਲੋਂ ਤੇ ਕਦੇ ਕੌਮ ਵੱਲੋਂ ਵੀ ਜ਼ਲੀਲ ਹੋ ਰਿਹਾ ਹੈ, ਤਾਂ ਦੋਵੇਂ ਘਟਨਾਵਾਂ ਦਾ ਦਿਮਾਗ ’ਤੇ ਭਾਰੂ ਹੋਣਾ ਸੁਭਾਵਿਕ ਹੈ। ਕਦੇ ਅੱਜ ਦੇ ਦਿਨ ਸਾਡੇ ਮਹਾਨ ਗੁਰੂ ਨੇ ਬੰਦੀ ਛੋੜ ਦਾਤਾ ਬਣ ਕੇ ਵਿਖਾਇਆ ਸੀ। ਉਹ ਵੀ ਉਸ ਜਾਬਰ ਹਾਕਮ ਦੇ ਸਾਹਮਣੇ ਜਿਹੜਾ ਆਪਣੇ-ਆਪ ਨੂੰ ਇਸ ਦੇਸ਼ ਦੇ ‘ਭਾਗ ਦਾ ਵਿਧਾਤਾ’ ਮੰਨਦਾ ਸੀ। ਉਸਦੇ ਸਾਹਮਣੇ ਕੋਈ ਸਿਰ ਉਠਾਉਣ ਤੇ ਬੋਲਣ ਤੱਕ ਦੀ ਜੁਰੱਅਤ ਨਹੀਂ ਕਰਦਾ ਸੀ। ਉਸ ਜਾਬਰ ਹਾਕਮ ਅੱਗੇ ਗੁਰੂ ਸਾਹਿਬ ਨੇ ਸ਼ਰਤ ਰੱਖ ਦਿੱਤੀ ਸੀ ਕਿ ਉਹ ਜੇਲ ਦੀਆਂ ਕਾਲ ਕੋਠੜੀਆਂ ’ਚੋਂ ਉਦੋਂ ਹੀ ਬਾਹਰ ਆਉਣਗੇ, ਜਦੋਂ ਉਹ 52 ਰਾਜੇ ਵੀ ਰਿਹਾਅ ਕੀਤੇ ਜਾਣਗੇ, ਜਿਨਾਂ ਨੂੰ ਜਹਾਂਗੀਰ ਨੇ ਆਪਣੇ ਰਾਜਭਾਗ ਦੀ ਅੰਨੀ ਲਾਲਸਾ ਲਈ ਕੈਦ ਕੀਤਾ ਹੋਇਆ ਹੈ। ਰਾਜਿਆਂ ਨਾਲ ਗੁਰੂ ਸਾਹਿਬ ਦਾ ਕੋਈ ਸਬੰਧ ਨਹੀਂ ਸੀ। ਸਿਰਫ਼ ਗੁਰੂ ਸਾਹਿਬ ਜ਼ੋਰ-ਜਬਰ ਵਿਰੁੱਧ, ਉਨਾਂ ਦੇ ਹਮਦਰਦ ਤੇ ਰਾਖੇ ਬਣੇ ਸਨ। ਪ੍ਰੰਤੂ ਅੱਜ ਜਦੋਂ ਕੌਮ ਆਪਣੇ ਉਨਾਂ ਸਿੰਘਾਂ ਨੂੰ ਜਿੰਨਾਂ ਦੀ ਸਜ਼ਾ ਤੱਕ ਪੂਰੀ ਹੋ ਚੁੱਕੀ ਹੈ, ਉਨਾਂ ਨੂੰ ਜੇਲਾਂ ਦੀਆਂ ਕਾਲ ਕੋਠੜੀਆਂ ’ਚੋਂ ਰਿਹਾਅ ਕਰਵਾਉਣ ਤੋਂ ਅਸਮਰੱਥ ਹੈ, ਫ਼ਿਰ ਉਹ ਬੰਦੀ ਛੋੜ ਦਾਤੇ ਦੀ ਵਾਰਿਸ ਕਿਵੇਂ ਅਖਵਾ ਸਕਦੀ ਹੈ? ਅੱਜ ਬੰਦੀ ਛੋੜ ਦਾਤੇ ਦੀ ਕੌਮ ਖ਼ੁਦ ਬੰਦੀ ਬਣ ਗਈ ਹੈ, ਇਸੇ ਲਈ ਅੱਜ ਦੁਸ਼ਟ ਲੋਕਾਂ ਦੀ ਹਿੰਮਤ ਐਨੀ ਵੱਧ ਗਈ ਹੈ ਕਿ ਉਹ ਸਿੱਖਾਂ ਲਈ ਜਾਨ ਤੋਂ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਰੋਜ਼ਾਨਾ ਕਾਤਲਾਨਾ ਹਮਲੇ ਕਰਨ ਲੱਗ ਪਏ ਹਨ। ਕੌਮ ਆਪਣੇ ਗੁਰੂ ਦੀ ਰਾਖ਼ੀ ਕਰਨ ਦੇ ਸਮਰੱਥ ਨਹੀਂ ਰਹੀ।
guru hargobind sahib ji

ਪ੍ਰੰਤੂ ਅਫ਼ਸੋਸ ਤੇ ਤ੍ਰਾਸਦੀ ਇਹੋ ਹੈ ਕਿ ਅਮੀਰ ਵਿਰਾਸਤ ਦੀ ਮਾਲਕ ਕੌਮ, ਪ੍ਰਾਪਤੀਆਂ ਪੱਖੋਂ ਕੰਮਜ਼ੋਰ ਹੋ ਰਹੀ ਹੈ। 28 ਅਕਤੂਬਰ ਦਾ ਦਿਨ ਪਰਉਪਕਾਰ, ਸਰਬੱਤ ਦੇ ਭਲੇ, ਮਾਨਵਤਾ ਦਾ ਦਰਦ ਦੂਰ ਕਰਨ ਦੀ ਭਾਵਨਾ, ਨੈਤਿਕ ਬਹਾਦਰੀ ਅਤੇ ਨਿੱਡਰਤਾ ਦਾ ਉਹ ਸੰਦੇਸ਼ ਦਿੰਦਾ ਹੈ, ਜਿਸਦੀ ਮਿਸ਼ਾਲ ਹੋਰ ਕਿਧਰੇ ਮਿਲਣੀ ਸੰਭਵ ਨਹੀਂ। 28 ਅਕਤੂਬਰ 1619 ਨੂੰ ਜਦੋਂ ਛੇਵੇਂ ਪਾਤਸ਼ਾਹ, ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਜਿਨਾਂ ਨੂੰ ਉਸ ਸਮੇਂ ਦੇ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਦੀ ਜੇਲ ’ਚ ਕੈਦ ਕੀਤਾ ਹੋਇਆ ਸੀ ਅਤੇ ਜਦੋਂ ਜਹਾਂਗੀਰ ਨੂੰ ਆਪਣੀ ਭੁੱਲ ਅਤੇ ਗੁਰੂ ਸਾਹਿਬ ਦੀ ਮਹਾਨਤਾ ਦਾ ਅਹਿਸਾਸ ਹੋਇਆ ਤਾਂ ਉਸਨੇ ਗੁਰੂ ਸਾਹਿਬ ਨੂੰ ਜੇਲ ’ਚ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ। ਪ੍ਰੰਤੂ ਮਾਨਵਤਾ ਦੇ ਦਰਦੀ, ਮਨੁੱਖਤਾ ਦੇ ਰਹਿਬਰ, ਗੁਰੂ ਸਾਹਿਬ ਨੇ ਰਿਹਾਅ ਹੋਣ ਤੋਂ ਇਹ ਆਖ਼ ਕੇ ਇਨਕਾਰ ਕਰ ਦਿੱਤਾ ਕਿ ਉਹ ਉਦੋਂ ਤੱਕ ਜੇਲ ਤੋਂ ਬਾਹਰ ਨਹੀਂ ਆਉਣਗੇ, ਜਦੋਂ ਤੱਕ ਜੇਲ ’ਚ ਬੰਦ ਉਨਾਂ 52 ਰਾਜਿਆਂ ਨੂੰ ਜਿਨਾਂ ਨੂੰ ਮੁਗ਼ਲ ਹਕੂਮਤ ਨੇ ਸਿਆਸੀ ਬਦਲਾਖ਼ੋਰੀ ਲਈ ਜੇਲ ’ਚ ਡੱਕਿਆ ਹੋਇਆ ਹੈ, ਉਨਾਂ ਦੇ ਨਾਲ ਰਿਹਾਅ ਨਹੀਂ ਕੀਤਾ ਜਾਂਦਾ। ਬਾਦਸ਼ਾਹ ਨੇ ਅਨੋਖੀ ਸ਼ਰਤ ਰੱਖੀ ਕਿ ਜਿਹੜੇ ਰਾਜੇ, ਗੁਰੂ ਸਾਹਿਬ ਦਾ ਪੱਲਾ ਫੜ ਕੇ ਬਾਹਰ ਆ ਜਾਣਗੇ, ਉਹ ਰਿਹਾਅ ਮੰਨੇ ਜਾਣਗੇ। ਅੱਜ ਸਿੱਖ ਕੌਮ ਨੂੰ ਸਿੱਖ ਦੁਸ਼ਮਣ ਤਾਕਤਾਂ ‘ਘੱਟ ਬੁੱਧੀ ਵਾਲੇ’ ਪ੍ਰਚਾਰਨ ’ਚ ਲੱਗੀਆਂ ਹੋਈਆਂ ਹਨ, ਪ੍ਰੰਤੂ ਉਨਾਂ ਨੂੰ ਇਹ ਪਤਾ ਨਹੀਂ ਕਿ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਬ੍ਰਹਿਮੰਡ ਦਾ ਜਿਹੜਾ ਸੱਚ ਅੱਜ ਤੋਂ ਸਾਢੇ ਪੰਜ ਸਦੀਆਂ ਪਹਿਲਾ ਦੱਸ ਦਿੱਤਾ ਸੀ, ਅੱਜ ਦੇ ਵਿਗਿਆਨੀ ਹਾਲੇਂ ਤੱਕ ਵੀ ਉਸ ਸੱਚ ਤੱਕ ਨਹੀਂ ਅੱਪੜ ਸਕੇ। ਛੇਵੇਂ ਪਾਤਸ਼ਾਹ ਨੇ ਬਾਦਸ਼ਾਹ ਦੀ ਸ਼ਰਤ ਪੂਰੀ ਕਰਨ ਲਈ, ਜਿਸ ਕਮਾਲ ਦੀ ਜੁਗਤ ਦੀ ਵਰਤੋਂ ਕੀਤੀ, ਉਹ ਵੀ ਬੌਧਿਕਤਾ ਦਾ ਸਿਖ਼ਰ ਸੀ, ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਅਤੇ ਅੱਜ ਦੇ ਦਿਨ 28 ਅਕਤੂਬਰ ਨੂੰ 52 ਰਾਜਿਆਂ ਸਮੇਤ ਜਿਹੜੇ ਉਨਾਂ ਦੇ ਚੋਲੇ ਦੀ ਇਕ-ਇਕ ਕਲੀ ਫੜ ਕੇ ਜੇਲ ਤੋਂ ਬਾਹਰ ਆਏ ਤੇ ਗਵਾਲੀਅਰ ਜੇਲ ਤੋਂ ਰਿਹਾਅ ਹੋਏ। ਇਹ ਮਹਾਨ ਘਟਨਾ ਕਈ ਸੁਨੇਹੇ ਤੇ ਸਬਕ ਸਮੁੱਚੀ ਮਾਨਵਤਾ ਨੂੰ ਦਿੰਦੀ ਹੈ।

ਮੁਗ਼ਲ ਹਕੂਮਤ ਨੇ ਫਿਰਕੂ ਜਾਨੂੰਨ ’ਚ ਅੰਨੀ ਹੋ ਕੇ ਗੁਰੂ ਸਾਹਿਬ ਨੂੰ ਗਿ੍ਰਫ਼ਤਾਰ ਕੀਤਾ, ਪ੍ਰੰਤੂ ਸੱਚ ਦੀ ਜਿੱਤ ਦਾ ਡੰਕਾ ਵਜਾਉਣ ਲਈ ਗੁਰੂ ਸਾਹਿਬ ਨੇ ਉਲਟਾ ਮੁਗ਼ਲ ਹਕੂਮਤ ਨੂੰ ਉਨਾਂ ਨੂੰ ਰਿਹਾਅ ਕਰਨ ਲਈ ਮਜ਼ਬੂਰੀ ਦੀ ਹਾਲਤ ਤੱਕ ਪਹੁੰਚਾ ਦਿੱਤਾ। ਸਿੱਖੀ ’ਚ ਈਨ ਲਈ ਕੋਈ ਥਾਂ ਨਹੀਂ ਹੈ, ਇਸ ਸਬਕ ਨੂੰ ਛੇਵੇਂ ਪਾਤਸ਼ਾਹ ਨੇ ਇਕ ਵਾਰ ਫਿਰ ਪ੍ਰਪੱਕ ਕੀਤਾ। ਸਿੱਖੀ ਦੀ ਬੁਨਿਆਦ ਸਰਬੱਤ ਦੇ ਭਲੇ ਅਤੇ ਦੁਨੀਆ ’ਚ ਹੁੰਦੇ ਹਰ ਜ਼ੋਰ-ਜਬਰ ਤੇ ਜ਼ੁਲਮ ਦੇ ਖ਼ਾਤਮੇ ਲਈ ਰੱਖੀ ਗਈ ਸੀ। ਛੇਵੇਂ ਪਾਤਸ਼ਾਹ ਨੇ ਆਪਣੇ ਨਾਲ ਉਨਾਂ 52 ਰਾਜਿਆਂ ਨੂੰ ਜਿਹੜੇ ਮੁਗਲ ਹਕੂਮਤ ਦੇ ਧੱਕੜ ਤੇ ਜ਼ਾਲਮ ਵਤੀਰੇ ਕਾਰਣ ਜੇਲ ਦੀਆਂ ਕਾਲ ਕੋਠੜੀਆਂ ’ਚ ਬੰਦ ਸਨ, ਉਨਾਂ ਨੂੰ ਰਿਹਾਅ ਕਰਵਾ ਕੇ ਸਿੱਖੀ ਦੇ ਦੋਵੇਂ ਮੁੱਢਲੇ ਸਿਧਾਤਾਂ ਦੀ ਪਾਲਣਾ ਕਰਦਿਆਂ, ਇਨਾਂ ਦੀ ਮਹਾਨਤਾ ਨੂੰ ਹੋਰ ਦਿ੍ਰੜ ਕਰਵਾਇਆ। ਅੱਜ ਜਦੋਂ ਸਿੱਖਾਂ ’ਚ ਵੀ ਨਿੱਜਵਾਦ ਬੁਰੀ ਤਰਾਂ ਜੜਾਂ ਫੜ ਚੁੱਕਾ ਹੈ, ਉਸ ਸਮੇਂ ਸਾਨੂੰ ਅੱਜ ਦੇ ਦਿਨ ਦੇ ਸੁਨੇਹੇ ਨੂੰ ਯਾਦ ਕਰਨ ਦੀ ਵੱਡੀ ਲੋੜ ਹੈ। ਛੇਵੇਂ ਪਾਤਸ਼ਾਹ ਨੇ ਆਪਣੀ ਜੇਲ ’ਚ ਰਿਹਾਈ ਨੂੰ ਦੂਜਿਆਂ ਲਈ ਜਿਹੜੇ ਜਬਰ-ਜ਼ੁਲਮ ਦਾ ਸ਼ਿਕਾਰ ਸਨ, ਰੱਦ ਕੀਤਾ, ਉਨਾਂ ਨੇ ਅਜਿਹਾ ਕਰਕੇ, ਜਿੱਥੇ ਸਿੱਖੀ ’ਚ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪ੍ਰਪੱਕਤਾ ਬਖ਼ਸੀ, ਉਥੇ ਇਹ ਵੀ ਦਰਸਾਇਆ ਕਿ ਸਿੱਖ ਨਿਰਭੈ ਹੁੰਦਾ ਹੈ, ਉਸ ਨੂੰ ਹਕੂਮਤ ਦੇ ਜ਼ੁਲਮ ਤੋਂ ਭੋਰਾ-ਭਰ ਵੀ ਡਰ ਨਹੀਂ ਲੱਗਦਾ, ਉਸ ਲਈ ਸਿੱਖੀ ਸਿਧਾਂਤ ਸਭ ਤੋਂ ਉਪਰ ਹਨ। ਅੱਜ ਦਾ ਨੈਤਿਕ ਬਹਾਦਰੀ ਦਾ ਇਹ ਸੁਨੇਹਾ, ਸਾਨੂੰ ਆਪਣੀ ਆਤਮਾ ’ਚ ਝਾਤੀ ਮਾਰਨ ਲਈ ਮਜ਼ਬੂਰ ਕਰਦਾ ਹੈ ਕਿ ਅਸੀਂ ਆਪਣੇ ਨਿੱਜ ਦੇ ਨਿੱਕੇ ਜਿਹੇ ਫਾਇਦੇ ਲਈ, ਕੌਮ ਨੂੰ ਵੇਚਣ ਤੱਕ ਚਲੇ ਜਾਂਦੇ ਹਾਂ, ਜ਼ੋਰ-ਜ਼ਬਰ ਵਿਰੁੱਧ ਆਪਣੀ ਚਮੜੀ ਦਾ ਖ਼ਿਆਲ ਕਰਦੇ ਹੋਏ, ਚੂੰ ਤੱਕ ਨਹੀਂ ਕਰਦੇ, ਉਲਟਾ ਧੱਕੜ ਧਿਰਾਂ ਦੀ ਚਾਪਲੂਸੀ ਕੀਤੀ ਜਾਂਦੀ ਹੈ। ਸਿੱਖੀ ’ਚ ਪਰਉਪਕਾਰ ਤੇ ਮਾਨਵਤਾ ਦੇ ਭਲੇ ਦੇ ਉਪਰ ਹੋਰ ਕੁਝ ਨਹੀਂ, ਅੱਜ ਦੇ ਦਿਨ ਦਾ ਇਹ ਸੁਨੇਹਾ, ਸਾਨੂੰ ਘੱਟੋ-ਘੱਟ ਇਕ ਵਾਰ ਸੁਣ ਜ਼ਰੂਰ ਲੈਣਾ ਚਾਹੀਦਾ ਹੈ।

Jaspal Singh Heran Chief Editor : Rozana Pehredar

Jaspal Singh Heran
Chief Editor : Rozana Pehredar

Posted in: ਸਾਹਿਤ