ਸਰਬੱਤ ਖਾਲਸਾ ਦੀ ਰਵਾਇਤ ਨੂੰ ਸੁਰਜੀਤ ਕਰਨ ’ਤੇ ਜ਼ੋਰ

By October 28, 2015 0 Comments


talmelਅੰਮ੍ਰਿਤਸਰ, 28 ਅਕਤੂਬਰ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਜਿੱਥੇ ਹਰ ਸਿੱਖ ਦਾ ਹਿਰਦਾ ਵਲੂੰਧਰ ਦਿੱਤਾ ਹੈ, ਉਥੇ ਪੰਥਕ ਮਰਯਾਦਾ ਨਾਲ ਜੁੜੇ ਕੁਝ ਮੁੱਦੇ ਵੀ ਉੱਭਰੇ ਹਨ। ਇਨ੍ਹਾਂ ਮੁੱਦਿਆਂ ਦੀ ਪ੍ਰਾਪਤੀ ਲਈ ਸੰਗਤੀ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪਾਠ ਅਤੇ ਅਰਦਾਸ ਰਾਹੀਂ ਪੰਥਕ ਅਰਦਾਸ ਸਮਾਗਮ ਸ਼ੁਰੂ ਕੀਤਾ ਗਿਆ ਸੀ। ਇਸ ਦੀ ਸਮਾਪਤੀ ਸੱਤ ਦਿਨ ਮਗਰੋਂ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਮਗਰੋਂ ਅਰਦਾਸ ਕਰ ਕੇ ਕੀਤੀ ਗਈ।
ਪੰਥਕ ਅਰਦਾਸ ਸਮਾਗਮ ਮੌਕੇ ਅਰਦਾਸ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕੀਤੀ। ਇਸ ਮਗਰੋਂ ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਬੇਅਦਬੀ ਰੋਕਣ ਅਤੇ ਅਸਲੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਨਾਲ ਨਾਲ ਪੰਥਕ ਮੁੱਦਿਆਂ ’ਤੇ ਵੀ ਪੰਥ ਨੂੰ ਸਰਗਰਮ ਹੋਣਾ ਚਾਹੀਦਾ ਹੈ। ਇਸ ਮੌਕੇ ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਬੇਅਦਬੀ ਦੀਆਂ ਅਸਹਿ ਘਟਨਾਵਾਂ ਨੇ ਜਿੱਥੇ ਹਰ ਸਿੱਖ ਦਾ ਹਿਰਦਾ ਵਲੂੰਧਰ ਦਿੱਤਾ ਹੈ, ਉਥੇ ਪੰਥਕ ਜੁਗਤਿ ਤੇ ਮਰਯਾਦਾ ਨਾਲ ਜੁੜੇ ਕੁਝ ਮੁੱਦਿਆਂ ਨੂੰ ਵੀ ਵਿਸਾਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਥ ਦੀ ਸ਼ਕਤੀ ਨੂੰ ਵਿਅਕਤੀਵਾਦ ਤੋਂ ਹਟਾ ਕੇ ਅਕਾਲ ਤਖ਼ਤ ’ਤੇ ਕੇਂਦਰਿਤ ਕਰਨ ਦੀ ਲੋੜ ਹੈ। ਪੰਥਕ ਜੁਗਤਿ ਦੇ ਫਲਸਫੇ ਅਨੁਸਾਰ ਅਕਾਲ ਤਖ਼ਤ ਤੋਂ ਪੰਥਕ ਭਾਵਨਾ ਦੀ ਤਰਜਮਾਨੀ ਹੋਵੇ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਗੁਰੂ ਪੰਥ ਦੇ ਪ੍ਰਤੀਨਿਧ (ਸਰਬੱਤ ਖਾਲਸਾ) ਰਾਹੀਂ ਪੰਥਕ ਮਤਿਆਂ ਅਤੇ ਗੁਰਮਤਿਆਂ ਵਾਲੀ ਪੁਰਾਤਨ ਰਵਾਇਤ ਨੂੰ ਸੁਰਜੀਤ ਕਰਨ ਦੀ ਲੋੜ ਹੈ। ਜਥੇਦਾਰਾਂ ਦੀ ਨਿਯੁਕਤੀ ਤੇ ਕਾਰਜਖੇਤਰ ਨੂੰ ਸਿੱਖ ਸੋਚ ਅਨੁਸਾਰ ਯਕੀਨੀ ਬਨਾਉਣਾ ਹੋਵੇਗਾ ਅਤੇ ਸਿੱਖ ਰਾਜਨੀਤੀ ਨੂੰ ਮੀਰੀ-ਪੀਰੀ ਦੇ ਸਿਧਾਂਤ ਅਨੁਸਾਰ ਧਰਮ ਦੇ ਜ਼ਾਬਤੇ ਹੇਠ ਲਿਆਉਣਾ ਹੋਵੇਗਾ।