ਆਪਣੇ ਹੀ ਗੜ੍ਹ ਵਿੱਚ ਜਾਣ ਤੋਂ ਡਰ ਰਹੇ ਨੇ ਅਕਾਲੀ

By October 28, 2015 0 Comments


ਫਰੀਦਕੋਟ, 28 ਅਕਤੂਬਰ-ਜ਼ਿਲ੍ਹਾ ਫ਼ਰੀਦਕੋਟ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਪੁਲੀਸ ਲਾਠੀਚਾਰਜ ਅਤੇ ਦੋ ਨੌਜਵਾਨਾਂ ਦੇ ਕਤਲ ਨੇ ਇਲਾਕੇ ਵਿੱਚ ਹਾਕਮ ਧਿਰ ਦੀਆਂ ਸਮੱਸਿਆਵਾਂ ਵਧਾ ਦਿੱਤੀਆਂ ਹਨ। ਕੁਝ ਦਿਨ ਪਹਿਲਾਂ ਤੱਕ ਪਿੰਡਾਂ ਦੇ ਗਲੀ ਮੁਹੱਲਿਆਂ ਵਿੱਚ ਘੁੰਮਣ ਵਾਲੇ ਹਾਕਮ ਧਿਰ ਦੇ ਆਗੂ ਹੁਣ ਪਿੰਡਾਂ ਵੱਲ ਰੁਖ਼ ਹੀ ਨਹੀਂ ਕਰ ਰਹੇ। ਨਰਮੇ ਅਤੇ ਕਪਾਹ ਦੀ ਫਸਲ ਉੱਪਰ ਚਿੱਟੀ ਮੱਖੀ ਦੇ ਹਮਲੇ ਕਾਰਨ ਕਿਸਾਨ ਪਹਿਲਾਂ ਹੀ ਹਾਕਮ ਧਿਰ ‘ਤੇ ਖਫ਼ਾ ਸਨ, ਉਤੋਂ ਬਰਗਾੜੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੇ ਸਿੱਖ ਹਲਕਿਆਂ ਨੂੰ ਵੀ ਹਾਕਮ ਧਿਰ ਦੇ ਉਲਟ ਖੜ੍ਹਾ ਕਰ ਦਿੱਤਾ ਹੈ। ਇੱਥੋਂ ਦੇ ਮੁੱਖ ਸੰਸਦੀ ਸਕੱਤਰ ਨੇ ਚੁੱਪ ਚੁਪੀਤੇ ਪਿੰਡ ਸਰਾਵਾਂ ਵਿੱਚ ਹੋਏ ਇੱਕ ਸਮਾਗਮ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸਮੇਂ ਦੀ ਨਾਜ਼ੁਕਤਾ ਦੇਖਦਿਆਂ ੳੁਹ ਰਸਤੇ ‘ਚੋਂ ਹੀ ਵਾਪਸ ਆ ਗਏ।

ਫ਼ਰੀਦਕੋਟ, ਜੈਤੋ, ਬਰਗਾੜੀ, ਸਾਦਿਕ, ਗੋਲੇਵਾਲਾ ਆਦਿ ਕਸਬਿਆਂ ਵਿੱਚ ਇਨ੍ਹੀਂ ਦਿਨੀਂ ਦੋ ਦਰਜਨ ਤੋਂ ਵੱਧ ਜਨਤਕ ਸਮਾਗਮ ਹੋਏ ਹਨ ਪ੍ਰੰਤੂ ਹਾਕਮ ਧਿਰ ਦਾ ਕੋੲੀ ਵੀ ਨੁਮਾਇੰਦਾ ਸ਼ਾਮਲ ਨਹੀਂ ਹੋਇਆ। ਫ਼ਰੀਦਕੋਟ ਵਿੱਚ ਮੋਗਾ ਦੇ ਕੈਬਨਿਟ ਮੰਤਰੀ ਨੂੰ ਇੱਕ ਧਾਰਮਿਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ ਪ੍ਰੰਤੂ ਉਹ ਸਮਾਗਮ ਵਿੱਚ ਨਹੀਂ ਆਏ। ਤਾਜ਼ਾ ਵਿਵਾਦ ਕਾਰਨ ਅਕਾਲੀ ਆਗੂਆਂ ਦੇ ਦਰਬਾਰ ਵੀ ਸੁੰਨੇ ਪਏ ਹਨ। ਆਮ ਤੌਰ ‘ਤੇ ਅਕਾਲੀ ਆਗੂਆਂ ਦੇ ਘਰ ਰੋਜ਼ਾਨਾ ਸੰਗਤ ਦਰਸ਼ਨਾਂ ਵਰਗਾ ਮਾਹੌਲ ਹੁੰਦਾ ਹੈ ਪ੍ਰੰਤੂ ਪਿਛਲੇ ਇੱਕ ਹਫ਼ਤੇ ਤੋਂ ਜ਼ਿਲ੍ਹਾ ਪੱਧਰੀ ਅਕਾਲੀ ਆਗੂਆਂ ਵੱਲੋਂ ਸਥਾਪਿਤ ਕੀਤੇ ਗਏ ਦਫ਼ਤਰ ਸੁੰਨੇ ਪਏ ਹਨ। ਭਗਵੰਤ ਮਾਨ ਦੇ ਵਿਵਾਦ ਕਾਰਨ ਆਮ ਆਦਮੀ ਪਾਰਟੀ ਨੂੰ ਵੀ ਇਲਾਕੇ ‘ਚ ਮਾਯੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀਆਂ ਦੇ ਇਸ ਬੁਰੇ ਸਮੇਂ ਦਾ ਕਾਂਗਰਸੀਆਂ ਨੂੰ ਕਾਫ਼ੀ ਲਾਹਾ ਮਿਲ ਰਿਹਾ ਹੈ। ਜ਼ਿਲ੍ਹੇ ਵਿੱਚ ਬਹੁਤੇ ਕਾਂਗਰਸੀ ਆਗੂ ਹਲਕੇ ਵਿੱਚ ਆਮ ਵਾਂਗ ਵਿਚਰ ਰਹੇ ਹਨ।
ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਦੁੱਖ ਦੀ ਘੜੀ ਵਿੱਚ ਉਹ ਇਲਾਕੇ ਦੇ ਲੋਕਾਂ ਨੂੰ ਮਿਲ ਰਹੇ ਹਨ। ਅਕਾਲੀ ਆਗੂ ਅਵਤਾਰ ਸਿੰਘ ਖੋਸਾ ਨੇ ਕਿਹਾ ਕਿ ਬਰਗਾੜੀ ਕਾਂਡ ਤੋਂ ਬਾਅਦ ਆਗੂਆਂ ਨੂੰ ਸੱਦਾ ਪੱਤਰ ਅਤੇ ਪ੍ਰਧਾਨਗੀਆਂ ਦੇ ਸੱਦੇ ਵੀ ਘੱਟ ਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਸਮੁੱਚਾ ਮਾਹੌਲ ਸ਼ਾਂਤ ਹੋ ਜਾਵੇਗਾ। ਸੀਨੀਅਰ ਅਕਾਲੀ ਆਗੂ ਜੋਗਿੰਦਰ ਸਿੰਘ ਬਰਾੜ ਨੇ ਮੰਨਿਆ ਕਿ ਕਿਸਾਨ ਤੇ ਸਿੱਖ ਹਾਕਮ ਧਿਰ ਨਾਲ ਨਿਰਾਸ਼ ਹਨ ਅਤੇ ਉਨ੍ਹਾਂ ਵਿੱਚ ਹਾਕਮ ਧਿਰ ਪ੍ਰਤੀ ਰੋਸ ਵੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰੇਗੀ ਅਤੇ ਲੋਕਾਂ ਦਾ ਭਰੋਸਾ ਜਿੱਤੇਗੀ।