ਭੁਚਾਲ ਨਾਲ ਪਾਕਿ ‘ਚ ਭਾਰੀ ਤਬਾਹੀ, 200 ਤੋਂ ਵੱਧ ਮੌਤਾਂ

By October 26, 2015 0 Comments


earth quakeਇਸਲਾਮਾਬਾਦ : ਪਾਕਿਸਤਾਨ ਵਿਚ ਭੁਚਾਲ ਨਾਲ 200 ਤੋਂ ਵੱਧ ਵਿਅਕਤੀ ਮਾਰੇ ਗਏ ਅਤੇ 1300 ਤੋਂ ਵੱਧ ਜ਼ਖ਼ਮੀ ਹੋ ਗਏ। ਸਵੈਤ ਵਾਦੀ ਵਿਚ ਇਮਾਰਤਾਂ ਢਹਿਣ ਕਾਰਨ ਕੁਝ ਬੱਚਿਆਂ ਸਮੇਤ 6 ਵਿਅਕਤੀ ਮਾਰੇ ਗਏ ਜਦਕਿ ਚਾਰ ਵਿਅਕਤੀ ਬਜੌਰ ਕਬਾਇਲੀ ਖੇਤਰ ਵਿਚ ਮਾਰੇ ਗਏ। ਮੀਰਪੁਰ ਖੇਤਰ ਵਿਚ ਮਕਬੂਜ਼ਾ ਕਸ਼ਮੀਰ ਦੇ ਇਸਲਾਮਗੜ੍ਹ ਇਲਾਕੇ ਵਿਚ ਇਕ 14 ਸਾਲਾ ਲੜਕੇ ਦੀ ਸਕੂਲ ਦੀ ਕੰਧ ਢਹਿਣ ਕਾਰਨ ਮੌਤ ਹੋ ਗਈ। ਸਰਗੋਧਾ ਵਿਚ ਕੰਧ ਢਹਿਣ ਨਾਲ ਇਕ ਔਰਤ ਮਾਰੀ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਖੈਬਰ ਪਖਤੂਨਵਾ ਵਿਚ ਵੀ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਘੱਟੋ ਘੱਟ 194 ਵਿਅਕਤੀਆਂ ਨੂੰ ਸਵੈਤ ਦੇ ਸੈਦੂ ਸ਼ਰੀਫ਼ ਟੀਚਿੰਗ ਹਸਪਤਾਲ ਲਿਆਂਦਾ ਗਿਆ ਜਿਥੇ ਮੈਡੀਕਲ ਸਹੂਲਤਾਂ ਦੀ ਘਾਟ ਹੈ। 100 ਤੋਂ ਵੀ ਵੱਧ ਜ਼ਖ਼ਮੀਆਂ ਨੂੰ ਪਿਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਭੁਚਾਲ ਦੇ ਝਟਕੇ ਕਰਾਚੀ, ਲਾਹੌਰ, ਰਾਵਲਪਿੰਡੀ, ਪੇਸ਼ਾਵਰ, ਕੋਇਟਾ, ਕੋਹਟ ਅਤੇ ਮਾਲਾਕੰਦ ਸਮੇਤ ਵੱਡੇ ਸ਼ਹਿਰਾਂ ਵਿਚ ਵੀ ਮਹਿਸੂਸ ਕੀਤੇ ਗਏ।
ਅਫਗਾਨਿਸਤਾਨ ‘ਚ 31 ਮਰੇ
ਅਫਗਾਨਿਸਤਾਨ ਵਿਚ ਭੁਚਾਲ ਨਾਲ ਘੱਟੋ ਘੱਟ 31 ਵਿਅਕਤੀਆਂ ਦੀ ਮੌਤ ਹੋ ਗਈ ਅਤੇ 55 ਹੋਰ ਜ਼ਖ਼ਮੀ ਹੋ ਗਏ। ਪੂਰਬੀ ਸ਼ਹਿਰ ਜਲਾਲਾਬਾਦ ਵਿਚ ਪੰਜ ਵਿਅਕਤੀ ਮਾਰੇ ਗਏ ਅਤੇ 55 ਹੋਰ ਜ਼ਖ਼ਮੀ ਹੋ ਗਏ। ਪ੍ਰਾਂਤਿਕ ਹਸਪਤਾਲ ਦੇ ਮੁਖੀ ਨਜੀਬਉੱਲਾ ਕਾਮਵਲ ਨੇ ਦੱਸਿਆ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਜਦੋਂ ਭੁਚਾਲ ਆਇਆ ਤਾਂ ਤਲੋਕਾਂ ਸ਼ਹਿਰ ਵਿਚ 12 ਸਕੂਲੀ ਲੜਕੀਆਂ ਦੀ ਭਾਜੜ ਕਾਰਨ ਮੌਤ ਹੋ ਗਈ।
ਭਾਰਤ ‘ਚ ਵੀ ਜ਼ੋਰਦਾਰ ਝਟਕੇ
ਪੰਜਾਬ, ਜੰਮੂ-ਕਸ਼ਮੀਰ, ਹਰਿਆਣਾ, ਚੰਡੀਗੜ੍ਹ ਅਤੇ ਕੌਮੀ ਰਾਜਧਾਨੀ ਦਿੱਲੀ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਵੀ ਭੁਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਫੈਲ ਗਈ ਅਤੇ ਉਹ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਖੁਲ੍ਹੇ ਥਾਂ ਆਉਣ ਲਈ ਮਜਬੂਰ ਹੋ ਗਏ। ਜਿਉਂ ਹੀ ਭੁਚਾਲ ਦਾ ਝਟਕੇ ਆਉਣੇ ਸ਼ੁਰੂ ਹੋਏ ਉਸ ਸਮੇਂ ਤੁਰੰਤ ਕਈ ਇਮਾਰਤਾਂ ਨੂੰ ਖਾਲੀ ਕਰਵਾ ਦਿੱਤਾ ਗਿਆ। ਭੁਚਾਲ ਦੇ ਝਟਕੇ ਜਿਹੜੇ ਲਗਭਗ ਇਕ ਮਿੰਟ ਤਕ ਮਹਿਸੂਸ ਕੀਤੇ ਗਏ ਦੇ ਸਿੱਟੇ ਵਜੋਂ ਸੰਚਾਰ ਭਵਨ, ਸ਼ਾਸਤਰੀ ਭਵਨ, ਨੀਤੀ ਆਯੋਗ ਅਤੇ ਐਨ. ਡੀ. ਐਮ. ਸੀ. ਇਮਾਰਤ ਵਰਗੀਆਂ ਕਈ ਉੱਚੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ।