ਬਰਗਾੜੀ ਮਾਮਲੇ ‘ਚ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਜੇਲ੍ਹ ਭੇਜਿਆ

By October 26, 2015 0 Comments


ਫ਼ਰੀਦਕੋਟ, 27bargari ਅਕਤੂਬਰ -ਬਰਗਾੜੀ ਕਾਂਡ ‘ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪਿੰਡ ਪੰਜਗਰਾਈਂ ਖ਼ੁਰਦ ਦੇ ਦੋ ਭਰਾ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਪੁਲਿਸ ਨੇ ਅੱਜ ਸਥਾਨਕ ਇਲਾਕਾ ਮੈਜਿਸਟ੍ਰੇਟ ਸ਼ਵੇਤਾ ਦਾਸ ਦੀ ਅਦਾਲਤ ‘ਚ ਪੇਸ਼ ਕੀਤਾ। 6 ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਨੇ ਦੋਹਾਂ ਭਰਾਵਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਹੁਕਮ ਦਿੱਤਾ। ਪੁਲਿਸ ਰਿਮਾਂਡ ਦੌਰਾਨ ਜਾਂਚ ਏਜੰਸੀਆਂ ਦੋਹਾਂ ਭਰਾਵਾਂ ਖ਼ਿਲਾਫ਼ ਕੋਈ ਵੀ ਪੁਖ਼ਤਾ ਸਬੂਤ ਨਹੀਂ ਲੱਭ ਸਕੀਆਂ। ਸੂਚਨਾ ਅਨੁਸਾਰ ਪੁਲਿਸ ਨੂੰ ਮੋਬਾਈਲ ‘ਤੇ ਹੋਈ ਗੱਲਬਾਤ ਤੋਂ ਬਾਅਦ ਹੋਰ ਕੋਈ ਸਬੂਤ ਨਹੀਂ ਮਿਲੇ। ਪੁਲਿਸ ਨੇ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 295 (ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਧਾਰਮਿਕ ਸਥਾਨ/ ਆਸਥਾ ਆਦਿ ਨੂੰ ਨੁਕਸਾਨ ਪਹੁੰਚਾਉਣਾ) ਨੂੰ ਹਟਾ ਕੇ 295 ਏ (ਮਾੜੀ ਨੀਅਤ ਨਾਲ ਧਾਰਮਿਕ ਭਾਵਨਾਵਾਂ ਭੜਕਾਉਣੀਆਂ) ਧਾਰਾ ਦਾ ਵਾਧਾ ਕਰ ਦਿੱਤਾ ਹੈ। ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੇ ਵਕੀਲ ਸ਼ਿਵਕਰਤਾਰ ਸਿੰਘ ਸੇਖੋਂ, ਗੁਰਜੁਗਪਾਲ ਸਿੰਘ ਬਰਾੜ, ਸਰਨਾਮ ਸਿੰਘ ਸੰਧੂ ਤੇ ਸਤਵਿੰਦਰਪਾਲ ਸਿੰਘ ਸੰਧੂ ਅਨੁਸਾਰ ਪੁਲਿਸ ਨੇ ਦੋਹਾਂ ਭਰਾਵਾਂ ਨੂੰ ਇੱਥੋਂ ਦੀ ਮਾਡਰਨ ਜੇਲ੍ਹ ‘ਚ ਭੇਜ ਦਿੱਤਾ ਹੈ। ਰੀੜ੍ਹ ਦੀ ਹੱਡੀ ‘ਤੇ ਸੱਟ ਹੋਣ ਕਰਕੇ ਰੁਪਿੰਦਰ ਸਿੰਘ ਨੂੰ ਵੀਲ ਚੇਅਰ ਰਾਹੀਂ ਅਦਾਲਤ ‘ਚ ਲਿਆਂਦਾ ਗਿਆ। ਅਦਾਲਤ ‘ਚ ਸਵੇਰ ਤੋਂ ਹੀ ਸੰਗਤਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਪੁਲਿਸ ਵੱਲੋਂ 3 ਵਜੇ ਤੋਂ ਬਾਅਦ ਕਰੜੇ ਸੁਰੱਖਿਆ ਪ੍ਰਬੰਧਾਂ ‘ਚ ਦੋਵਾਂਭਰਾਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਹੋਰ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ ਜਿਸ ‘ਤੇ ਅਦਾਲਤ ਨੇ ਦੋਹਾਂ ਨੂੰ ਜੇਲ੍ਹ ਭੇਜ ਦਿੱਤਾ। ਦੱਸਣਯੋਗ ਹੈ ਕਿ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੇ ਇਸ ਮਾਮਲੇ ‘ਚ ਜ਼ਮਾਨਤ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮੌਕੇ ਹਾਜ਼ਰ ਪੰਥਕ ਆਗੂ ਭਾਈ ਪੰਥ ਪ੍ਰੀਤ ਸਿੰਘ, ਦਲੇਰ ਸਿੰਘ ਡੋਡ, ਪ੍ਰਭਜੋਤ ਸਿੰਘ ਤੇ ਸੰਗਤਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਸਰਕਾਰ ਦੀ ਸ਼ਹਿ ‘ਤੇ ਦੋਵਾਂ ‘ਤੇ ਕਥਿਤ ਝੂਠੇ ਪਰਚੇ ਦਰਜ ਕੀਤੇ ਗਏ ਹਨ ਤੇ ਉਨ੍ਹਾਂ ਦੀ ਬਿਨਾਂ ਸ਼ਰਤ ਰਿਹਾਈ ਤੱਕ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ। ਜੇਲ੍ਹ ਦੇ ਡਾਕਟਰਾਂ ਨੇ ਰੁਪਿੰਦਰ ਸਿੰਘ ਨੂੰ ਬਿਹਤਰ ਇਲਾਜ ਲਈ ਗੁਰੂ ਗੋਬਿੰਦ ਮੈਡੀਕਲ ਕਾਲਜ ਤੇ ਹਸਪਤਾਲ ਭੇਜਣ ਦੀ ਸਿਫ਼ਾਰਸ਼ ਕੀਤੀ ਹੈ।