ਜਥੇਦਾਰਾਂ ਨੂੰ ਹਟਾਉਣ ਦੇ ਆਦੇਸ਼ਾਂ ‘ਤੇ ਦ੍ਰਿੜ੍ਹ ਹਨ ਪੰਜ ਪਿਆਰੇ

By October 26, 2015 0 Comments


panjਅੰਮ੍ਰਿਤਸਰ, 26 ਅਕਤੂਬਰ : -ਡੇਰਾ ਮੁਖੀ ਨੂੰ ਮੁਆਫ਼ੀ ਦੇ ਫ਼ੈਸਲੇ ਮਗਰੋਂ ਲਗਾਤਾਰ ਸਿੱਖਾਂ ਦੀ ਅਲੋਚਨਾ ਦਾ ਸਾਹਮਣਾ ਕਰ ਰਹੇ, ਫ਼ੈਸਲੇ ‘ਚ ਸ਼ਾਮਲ ਪੰਜ ਸਿੰਘ ਸਾਹਿਬਾਨ ਦੀਆਂ ਸੇਵਾਵਾਂ ਬੰਦ ਕਰਨ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਆਦੇਸ਼ ‘ਤੇ ਮੁਅੱਤਲ ਹੋਣ ਉਪਰੰਤ ਮੁੜ ਬਹਾਲ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਦੇ ਪੰਜ ਪਿਆਰੇ ਦ੍ਰਿੜ ਹਨ ਅਤੇ ਉਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਅੰਤ੍ਰਿੰਗ ਦੀ ਬੈਠਕ ਉਡੀਕੀ ਜਾ ਰਹੀ ਹੈ। ਸੂਬਾ ਸਰਕਾਰ ਦੀ ਹੁਕਮਰਾਨ ਧਿਰ ਵੱਲੋਂ ਪੰਜ ਪਿਆਰਿਆਂ ਦੀਆਂ ਸੇਵਾਵਾਂ ਮੁੜ ਬਹਾਲ ਕਰਕੇ ਸਿੰਘ ਸਾਹਿਬਾਨ ਨਾਲ ਉਨ੍ਹਾਂ ਦੇ ਤਾਲਮੇਲ ਦੀਆਂ ਕੋਸ਼ਿਸ਼ਾਂ ਸਬੰਧੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ, ਜਿਸ ਬਾਰੇ ਅੱਜ ਭਰਪੂਰ ਯਤਨ ਵੀ ਹੋਏ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਪੰਜ ਪਿਆਰਿਆਂ ਨਾਲ ਬੈਠਕ ਦੀ ਚਰਚਾ ਵੀ ਉੱਭਰੀ ਪਰ ਆਪਣੀਆਂ ਸੇਵਾਵਾਂ ਦੀ ਰਸਮੀ ਬਹਾਲੀ ਬਾਰੇ ਪੁਸ਼ਟੀ ਕਰਦਿਆਂ ਪੰਜ ਪਿਆਰਿਆਂ ‘ਚੋਂ ਇਕ ਸਿੰਘ ਨੇ ਅਜਿਹੀ ਬੈਠਕ ਨੂੰ ਮੁਕੰਮਲ ਨਕਾਰ ਕੇ ਸਪੱਸ਼ਟ ਕੀਤਾ ਕਿ ਉਹ ਗੁਰੂ ਸਾਹਮਣੇ ਕੀਤੇ ਅਹਿਦ ਨਾਲ ਸਮਝੌਤਾ ਨਹੀਂ ਕਰ ਸਕਦੇ ਅਤੇ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਆਦੇਸ਼ਾਂ ਦੀ ਪੂਰਤੀ ਬਾਰੇ ਉਨ੍ਹਾਂ ਨੂੰ ਭਰਪੂਰ ਆਸ ਹੈ। ਇਸ ਦੌਰਾਨ ਹੀ ਪੰਜ ਪਿਆਰਿਆਂ ਦੇ ਨਾ ਮੰਨਣ ਦੀ ਸੂਰਤ ‘ਚ ਨਵੇਂ ਜਥੇਦਾਰਾਂ ਦੀ ਨਿਯੁੱਕਤੀ ਸਬੰਧੀ ਵੀ ਵਿਚਾਰ ਵਟਾਂਦਰੇ ਉਭਰਨ ਦੀਆਂ ਕੰਨਸੋਆ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਪ੍ਰਧਾਨ ਸ਼੍ਰੋਮਣੀ ਕਮੇਟੀ ਜੋ ਅੰਦਰਖਾਤੇ ਖੁਦ ਸਿੰਘ ਸਾਹਿਬਾਨ ਦੀ ਸੇਵਾ ਮੁਕਤੀ ਦੇ ਹਾਮੀ ਦੱਸੇ ਜਾਂਦੇ ਹਨ, ਨੇ ਅੱਜ ਸਰਕਾਰ ਤੇ ਆਪਣੇ ਨੇੜਲੇ ਅਧਿਕਾਰੀਆਂ ਨਾਲ ਇਸ ਮੁੱਦੇ ‘ਤੇ ਗੁਪਤ ਚਰਚਾ ਕੀਤੀ। ਇਸ ਮਗਰੋਂ ਉਨ੍ਹਾਂ ਵੱਲੋਂ ਦਮਦਮੀ ਟਕਸਾਲ ਦੇ ਮੁਖ ਦਫ਼ਤਰ ਮਹਿਤਾ ਵਿਖੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨਾਲ ਗੁਪਤ ਮੀਟਿੰਗ ਕੀਤੀ ਗਈ। ਸੂਤਰਾਂ ਅਨੁਸਾਰ ਇਸ ਮੀਟਿੰਗ ਦਾ ਏਜੰਡਾ ਨਵੇਂ ਜਥੇਦਾਰ ਲਗਾਉਣ ਦੀ ਸਥਿਤੀ ‘ਚ ਉਭਰਨ ਵਾਲੇ ਨਾਵਾਂ ‘ਤੇ ਚਰਚਾ ਕਰਨਾ ਸੀ। ਜਾਣਕਾਰੀ ਅਨੁਸਾਰ ਸੰਤ ਸਮਾਜ ਉਭਰਨ ਵਾਲੀਆਂ ਨਵੀਆਂ ਪ੍ਰਸਥਿਤੀਆਂ ‘ਚ ਸਿੱਧਾ ਆਪਣਾ ਹੱਥ ਟਿਕਾਣੇ ਰੱਖਣਾ ਚਾਹੁੰਦਾ ਹੈ ਅਤੇ ਉਨ੍ਹਾਂ ਦੇ ਕਿਸੇ ਨੁਮਾਇੰਦੇ ਨੂੰ ਸਿੱਧੇ ਰੂਪ ‘ਚ ਜਥੇਦਾਰ ਬਣਾਉਣ ਦੀਆਂ ਸੰਭਾਵਨਾਵਾਂ ਵੀ ਵੇਖੀਆਂ ਜਾ ਰਹੀਆਂ ਹਨ। ਇਸ ਸਬੰਧੀ ਦਮਦਮੀ ਟਕਸਾਲ ਵੱਲੋਂ ਗੁਪਤ ਬੈਠਕ ਦੀ ਪੁਸ਼ਟੀ ਤਾਂ ਕੀਤੀ ਗਈ ਪਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਸੰਭਾਵਨਾ ਹੈ ਕਿ ਆਉਣ ਵਾਲੇ ਇਕ-ਦੋ ਦਿਨਾਂ ‘ਚ ਇਸ ਸਬੰਧੀ ਢੁਕਵੀਂ ਰੂਪ ਰੇਖਾ ਉਲੀਕ ਲਈ ਜਾਵੇਗੀ।