ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਵਿਰੁੱਧ ਸਾਜਿਸ ਅਧੀਨ ਦਰਜ ਕੀਤਾ ਝੂਠਾ ਕੇਸ ਵਾਪਿਸ ਲਿਆ ਜਾਵੇ: ਭਾਈ ਪੰਥਪ੍ਰੀਤ ਸਿੰਘ

By October 26, 2015 0 Comments


rupinder and jaswinderਬਠਿੰਡਾ, 26 ਅਕਤੂਬਰ (ਕਿਰਪਾਲ ਸਿੰਘ): ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਵਿਰੁੱਧ ਸਾਜਿਸ ਅਧੀਨ ਦਰਜ ਕੀਤਾ ਝੂਠਾ ਕੇਸ ਤੁਰੰਤ ਵਾਪਿਸ ਲੈ ਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਇਹ ਸ਼ਬਦ ਬਰਗਾੜੀ ਵਿਖੇ ਕਿਸੇ ਸ਼ਰਾਰਤੀ ਅਨਸਰ/ਏਜੰਸੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦੇ ਸਬੰਧ ਵਿੱਚ ਝੂਠੇ ਇਲਜਾਮ ਲਾ ਕੇ ਗ੍ਰਿਫਤਾਰ ਕੀਤੇ ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਨੂੰ ਅੱਜ ਫਰੀਦਕੋਟ ਜਿਲ੍ਹਾ ਕਚਹਿਰੀਆਂ ਵਿੱਚ ਪੇਸ਼ ਕਰਨ ਮੌਕੇ ਸੰਗਤਾਂ ਦੀ ਵੱਡੀ ਗਿਣਤੀ ਨਾਲ ਪਹੁੰਚੇ ਭਾਈ ਪੰਥਪ੍ਰੀਤ ਸਿੰਘ ਨੇ ਘਰ ਵਾਪਸ ਜਾਂਦੇ ਸਮੇਂ ਬਠਿੰਡਾ ਵਿਖੇ ਭਾਈ ਪੰਥਪ੍ਰੀਤ ਸਿੰਘ ਨੇ ਕਹੇ। ਇਹ ਦੱਸਣਯੋਗ ਹੈ ਕਿ ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ੀ ਮੌਕੇ ਭਾਈ ਪੰਥਪ੍ਰੀਤ ਸਿੰਘ, ਭਾਈ ਹਰਜਿੰਦਰ ਸਿੰਘ ਮਾਂਝੀ, ਸਤਿਨਾਮ ਸਿੰਘ ਚੰਦੜ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਗੁਰਨੇਕ ਸਿੰਘ ਸੰਗਰਾਹੂਰ, ਭਾਈ ਨਿਰਮਲ ਸਿੰਘ ਧੂਰਕੋਟ ਭਾਈ ਸੁਖਜੀਤ ਸਿੰਘ ਖੋਸਾ ਆਦਿਕ ਪ੍ਰਚਾਰਕਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਪਹੁੰਚੀ ਸੀ।

ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਦੇ 6 ਦਿਨਾਂ ਪੁਲਿਸ ਰੀਮਾਂਡ ਅਤੇ ਚਾਰ ਦਿਨ ਗੈਰ ਸੰਵਿਧਾਨਕ ਹਿਰਾਸਤ ਭਾਵ ਕੁਲ 10 ਦਿਨਾਂ ਦੀ ਹਿਰਾਸਤ ਉਪ੍ਰੰਤ ਵੀ ਸਰਕਾਰ ਕੋਈ ਐਸਾ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਨਾਲ ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਦੋਸ਼ੀ ਸਿੱਧ ਹੁੰਦੇ ਹੋਣ। ਇਨ੍ਹਾਂ ਤੱਥਾਂ ਦੇ ਅਧਾਰ ’ਤੇ ਹੀ ਜੱਜ ਸਾਹਿਬ ਨੇ ਹੋਰ ਪੁਲਿਸ ਰੀਮਾਂਡ ਦੇਣ ਤੋਂ ਨਾਂਹ ਕਰਦਿਆਂ ਉਨ੍ਹਾਂ ਨੂੰ ਅਦਾਲਤੀ ਹਿਰਾਸਤ ’ਚ ਭੇਜਣ ਦੇ ਹੁਕਮ ਦੇ ਦਿੱਤੇ ਹਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਪੰਜਾਬ ਪੁਲਿਸ ਦਾ ਪਿਛਲੇ 30 ਸਾਲ ਦਾ ਰੀਕਾਰਡ ਦੱਸਦਾ ਹੈ ਕਿ ਇਹ ਝੂਠੇ ਕੇਸ ਬਣਾਉਣ ਵਿੱਚ ਮਾਹਰ ਹੈ ਅਤੇ ਆਪਣੇ ਇਸ ਮੁਹਾਰਤ ਨਾਲ ਹੀ ਗੁਰਮਤਿ ਦਾ ਸਿਧਾਂਤਕ ਪ੍ਰਚਾਰ ਕਰ ਰਹੇ ਸਿੱਖ ਪ੍ਰਚਾਰਕਾਂ ਦਾ ਪ੍ਰਚਾਰ ਬੰਦ ਕਰਾਉਣ ਹਿੱਤ ਉਨ੍ਹਾਂ ਦੇ ਜ਼ਜ਼ਬਾਤ ਭੜਕਾ ਕੇ ਉਨ੍ਹਾਂ ਨੂੰ ਸੰਘਰਸ਼ ਦੇ ਰਾਹ ਪਾਉਣ ਲਈ ਪਹਿਲਾਂ ਉਨ੍ਹਾਂ ਸਮੇਤ 14 ਪ੍ਰਚਾਰਕਾਂ ’ਤੇ ਬਾਈ ਨੇਮ ਅਤੇ ਸੈਂਕੜੇ ਹੋਰ ਅਣਪਛਾਤੇ ਸਿੱਖਾਂ ਵਿਰੁੱਧ 307 ਤੇ ਹੋਰ ਅਪ੍ਰਾਧਿਕ ਕਿਸਮ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤੇ ਗਏ ਜੋ ਬਾਅਦ ਵਿੱਚ ਲੋਕ ਰੋਹ ਨੂੰ ਵੇਖਦੇ ਹੋਏ ਰੱਦ ਕਰਨੇ ਪਏ। ਇਸ ਉਪ੍ਰੰਤ ਸਿੱਖਾਂ ਨੂੰ ਹੀ ਬਦਨਾਮ ਕਰਕੇ ਲੋਕ ਰੋਹ ਨੂੰ ਸ਼ਾਂਤ ਕਰਨ ਲਈ ਭਾਈ ਰੁਪਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਦੋ ਸਕੇ ਭਰਾਵਾਂ ਵਿਰੁੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਝੂਠਾ ਕੇਸ ਦਰਜ ਕੀਤਾ ਗਿਆ। ਆਪਣੇ ਇਸ ਝੂਠ ਨੂੰ ਸੱਚਾ ਸਿੱਧ ਕਰਨ ਲਈ ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੈਂਸ ਕਾਨਫਰੰਸਾਂ ਦੌਰਾਨ ਤਿੰਨ ਵੱਡੇ ਝੂਠ ਬੋਲੇ। ਪਹਿਲਾ ਝੂਠ ਇਹ ਬੋਲਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਿੱਚ ਵਿਦੇਸ਼ੀ ਸਿੱਖਾਂ ਦਾ ਹੱਥ ਹੈ ਜੋ ਇਸ ਘਿਨਾਉਣੇ ਕਾਰਨਾਮੇ ਲਈ ਫੰਡ ਮੁਹਈਆ ਕਰਦੇ ਹਨ। ਸਰਕਾਰ ਇਸ ਦੋਸ਼ ਸਬੰਧੀ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਅਤੇ ਸਰਕਾਰ ਅਨੁਸਾਰ ਦੱਸੇ ਜਾ ਰਹੇ ਆਸਟ੍ਰੇਲੀਆ ’ਚੋਂ ਪੈਸੇ ਭੇਜਣ ਵਾਲੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਮਾਮੂਲੀ ਰਕਮ ਸੰਘਰਸ਼ ਵਿੱਚ ਜਖ਼ਮੀ ਹੋਏ ਸਿੰਘਾਂ ਦੇ ਇਲਾਜ ਲਈ ਭੇਜੀ ਹੈ। ਦੂਸਰਾ ਝੂਠ ਬੋਲਿਆ ਕਿ ਗ੍ਰਿਫਤਰ ਕੀਤੇ ਕਥਿਤ ਦੋਸ਼ੀਆਂ ਨੇ ਪੰਚਾਇਤਾਂ ਦੇ ਸਾਹਮਣੇ ਆਪਣਾ ਦੋਸ਼ ਕਬੂਲ ਕਰ ਲਿਆ ਹੈ ਇਸ ਝੂਠ ਦਾ ਭਾਂਡਾ ਪਿੰਡ ਦੇ ਸਰਪੰਚ ਸਮੇਤ ਚਾਰ ਪੰਜ ਪਿੰਡਾਂ ਦੀਆਂ ਪੰਚਾਇਤਾਂ ਨੇ ਭੰਨ ਦਿੱਤਾ ਹੈ ਕਿ ਉਨ੍ਹਾਂ ਨੂੰ ਤਾਂ ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਨੂੰ ਮਿਲਾਇਆ ਤੱਕ ਨਹੀਂ ਇਸ ਲਈ ਪੰਚਾਇਤਾਂ ਸਾਹਮਣੇ ਦੋਸ਼ ਕਬੂਲ ਕਰਨ ਦੀ ਗੱਲ ਵੀ ਪੂਰੀ ਤਰ੍ਹਾਂ ਗਲਤ ਸਾਬਤ ਹੋ ਗਈ। ਤੀਸਰਾ ਝੂਠ ਬੋਲਿਆ ਗਿਆ ਕਿ ਉਨ੍ਹਾਂ ਨੇ ਅੰਮ੍ਰਿਤ ਕੇਵਲ ਛੇ ਕੁ ਮਹੀਨੇ ਪਹਿਲਾਂ ਹੀ ਛਕਿਆ ਹੈ ਜਦੋਂ ਕਿ ਪਿੰਡ ਦੀ ਪੰਚਾਇਤ ਦੱਸ ਰਹੀ ਹੈ ਕਿ ਉਹ ਪਿਛਲੇ 10-12 ਸਾਲ ਤੋਂ ਅੰਮ੍ਰਿਤਧਾਰੀ ਹਨ ਅਤੇ ਸਮੁੱਚਾ ਪ੍ਰਵਾਰ ਗੁਰਮਤਿ ਦਾ ਧਾਰਨੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਨ ਆਸਥਾ ਰੱਖਣ ਵਾਲਾ ਹੈ। ਸੋ ਸਰਕਾਰੀ ਪੱਖ ਵੱਲੋਂ ਦਿੱਤੀਆਂ ਸਾਰੀਆਂ ਦਲੀਲਾਂ ਝੂਠੀਆਂ ਸਿੱਧ ਹੋਣ ਕਾਰਣ ਹੀ ਅਦਾਲਤ ਨੇ ਹੋਰ ਪੁਲਿਸ ਰੀਮਾਂਡ ਦੇਣ ਤੋਂ ਨਾਂਹ ਕਰਕੇ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਭਾਈ ਰੁਪਿੰਦਰ ਸਿੰਘ ’ਤੇ ਦਰਜ ਕੀਤਾ ਕੇਸ਼ ਉਸੇ ਤਰ੍ਹਾਂ ਹੀ ਝੂਠ ਦਾ ਪੁਲੰਦਾ ਹੈ ਜਿਸ ਤਰ੍ਹਾਂ ਸਮਝੌਤਾ ਐਕਸਪ੍ਰੈਂਸ ਗੱਡੀ ਅਤੇ ਮਸਜ਼ਿਦਾਂ ਵਿੱਚ ਬੰਬ ਧਮਾਕੇ ਤਾਂ ਆਰਐਂਸਐਂਸ ਦੇ ਕਿਰਿੰਦਿਆਂ ਨੇ ਕਰਵਾਏ, ਇਨ੍ਹਾਂ ਧਮਾਕਿਆਂ ਵਿੱਚ ਮਾਰੇ ਵੀ ਮੁਲਮਾਨ ਗਏ ਤੇ ਬਦਨਾਮ ਕਰਨ ਲਈ ਧਮਾਕਿਆਂ ਦੇ ਦੋਸ਼ ਤਹਿਤ ਕੇਸ ਵੀ ਮੁਸਲਮਾਨਾਂ ਵਿਰੁੱਧ ਹੀ ਕੀਤੇ ਗਏ; ਜਿਸ ਦੀ ਸੱਚਾਈ ਇਮਾਨਦਾਰ ਪੁਲਿਸ ਅਫਸਰ ਹੇਮੰਤ ਕਰਕਰੇ ਨੇ ਜੱਗ ਜ਼ਾਹਰ ਕੀਤੀ। ਠੀਕ ਉਸੇ ਤਰ੍ਹਾਂ ਪੰਜਾਬ ਵਿੱਚ ਸਿੱਖਾਂ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਠੇਸ ਪਹੁੰਚਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਘੋਰ ਅਪ੍ਰਾਧ ਵੀ ਕਿਸੇ ਸਿੱਖ ਵਿਰੋਧੀ ਏਜੰਸੀ ਨੇ ਕੀਤਾ, ਲਾਠੀ ਚਾਰਜ ਅਤੇ ਗੋਲੀ ਵੀ ਸਿੱਖਾਂ ’ਤੇ ਚਲਾਈ, ਸ਼ਹੀਦ ਵੀ ਸਿੱਖ ਹੀ ਕੀਤੇ ਅਤੇ ਅਖੀਰ ਵਿੱਚ ਸਿੱਖਾਂ ਨੂੰ ਹੀ ਬਦਨਾਮ ਕਰਨ ਹਿੱਤ ਬੇਅਦਬੀ ਦਾ ਕੇਸ ਵੀ ਸਿੱਖਾਂ ਵਿਰੁਧ ਕੀਤਾ। ਭਾਈ ਪੰਥਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਾਈ ਰੁਪਿੰਦਰ ਸਿੰਘ ਭਾਈ ਜਸਵਿੰਦਰ ਸਿੰਘ ਵਿਰੁੱਧ ਦਰਜ ਝੂਠਾ ਕੇਸ ਤੁਰੰਤ ਰੱਦ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਕੋਈ ਹੇਮੰਤ ਕਰਕਰੇ ਵਰਗਾ ਇਮਾਨਦਾਰ ਪੁਲਿਸ ਅਫਸਰ ਨੂੰ ਪੜਤਾਲ ਦੀ ਜਿੰਮੇਵਾਰੀ ਸੌਂਪ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਏਜੰਸੀ ਦਾ ਪ੍ਰਦਾ ਫਾਸ਼ ਕਰਕੇ ਉਨ੍ਹਾਂ ਵਿਰੁਧ ਕਾਰਵਾਈ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ ਤਾ ਕਿ ਪੰਜਾਬ ਦਾ ਮਾਹੌਲ ਸ਼ਾਂਤ ਹੋ ਸਕੇ।