ਬੇਅਦਬੀ ਮਾਮਲਾ: ਪੰਥਕ ਧਿਰਾਂ ਤੇ ਸੰਤ ਸਮਾਜ ਵੱਲੋਂ ਸੰਘਰਸ਼ ਲੲੀ ਏਕਾ

By October 24, 2015 0 Comments


sant samaj
ਬਠਿੰਡਾ, (24 ਅਕਤੂਬਰ,ਚਰਨਜੀਤ ਭੁੱਲਰ):ਪੰਜਾਬ ਦੀਆਂ ਪੰਥਕ ਧਿਰਾਂ ਤੇ ਸੰਤ ਸਮਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਮੁੱਚੇ ਘਟਨਾਕ੍ਰਮ ਦੇ ਮਾਮਲੇ ’ਤੇ ਸਾਂਝਾ ਗੁਪਤ ਪ੍ਰੋਗਰਾਮ ਉਲੀਕਿਆ ਹੈ, ਜਿਸ ਦਾ ਐਲਾਨ ਭਲਕੇ 25 ਅਕਤੂਬਰ ਨੂੰ ਬਰਗਾੜੀ ਵਿੱਚ ਭੋਗ ਸਮਾਗਮਾਂ ਦੌਰਾਨ ਕੀਤਾ ਜਾਵੇਗਾ। ਬਠਿੰਡਾ ਵਿੱਚ ਬੀਤੀ ਰਾਤ ਹੋਈ ਗੁਪਤ ਮੀਟਿੰਗ ਵਿੱਚ ਸਭ ਪੰਥਕ ਆਗੂਆਂ ਤੇ ਸੰਤ ਸਮਾਜ ਦੇ ਪ੍ਰਚਾਰਕਾਂ ਨੇ ਆਪਸੀ ਮਤਭੇਦ ਭੁਲਾ ਕੇ ਪੰਥਕ ਏਕਾ ਕਰ ਲਿਆ ਹੈ।
ਦੱਸਣਯੋਗ ਹੈ ਕਿ ਸਰੂਪਾਂ ਦੀ ਬੇਅਦਬੀ ਦੇ ਮਾਮਲੇ ’ਤੇ ਸੰਤ ਸਮਾਜ ਨੇ ਰੋਜ਼ਾਨਾ ਤਿੰਨ ਘੰਟੇ ਦੇ ਧਰਨੇ ਦੇਣ ਦਾ ਪ੍ਰੋਗਰਾਮ ਦਿੱਤਾ ਸੀ, ਜਦੋਂ ਕਿ ਪੰਥਕ ਧਿਰਾਂ ਨੇ ਨਿਰੰਤਰ ਧਰਨਿਆਂ ਦੀ ਹਮਾਇਤ ਕਰ ਦਿੱਤੀ ਸੀ। ਇਨ੍ਹਾਂ ਧਿਰਾਂ ਵਿੱਚ ਸੰਘਰਸ਼ ਦੀ ਰੂਪ ਰੇਖਾ ਤੋਂ ਆਪਸੀ ਮਤਭੇਦ ਉਭਰ ਆਏ ਸਨ। ਬਠਿੰਡਾ ਦੇ ਮਾਡਲ ਟਾਊਨ ਫ਼ੇਜ਼ ਤਿੰਨ ਦੀ ਇਕ ਪ੍ਰਾਈਵੇਟ ਰਿਹਾਇਸ਼ ਵਿੱਚ ਪੰਥਕ ਤੇ ਸੰਤ ਸਮਾਜ ਦੇ ਆਗੂਆਂ ਨੇ ਗੁਪਤ ਮੀਟਿੰਗ ਕੀਤੀ, ਜੋ ਕਰੀਬ ਢਾਈ ਘੰਟੇ ਚੱਲੀ। ਮੀਟਿੰਗ ਦੀ ਕਾਰਵਾਈ ਨੂੰ ਗੁਪਤ ਰੱਖਣ ਵਾਸਤੇ ਸਭ ਆਗੂਆਂ ਨੇ ਪ੍ਰਣ ਵੀ ਲਿਆ, ਜਿਸ ਦਾ ਐਲਾਨ ਭਲਕੇ ਭੋਗ ਸਮਾਗਮਾਂ ’ਤੇ ਕੀਤਾ ਜਾਣਾ ਹੈ। ਮੀਟਿੰਗ ਦੌਰਾਨ ਸਭ ਪੰਥਕ ਆਗੂ ਹੁਣ ਇਕ ਪਲੇਟਫਾਰਮ ’ਤੇ ਇਕੱਠੇ ਹੋ ਗਏ ਹਨ। ਮੀਟਿੰਗ ਵਿੱਚ ਇਹ ਵੀ ਤੈਅ ਹੋਇਆ ਕਿ ਸੰਘਰਸ਼ ਦੌਰਾਨ ਹਰ ਕੀਮਤ ’ਤੇ ਸ਼ਾਂਤੀ ਕਾਇਮ ਰੱਖੀ ਜਾਵੇਗੀ ਅਤੇ ਫਿਰਕੂ ਇਕਸੁਰਤਾ ਨੂੰ ਕੋਈ ਸੱਟ ਨਹੀਂ ਵੱਜਣ ਦਿੱਤੀ ਜਾਵੇਗੀ।
ਸੂਤਰਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਸੰਘਰਸ਼ ਦਾ ਸਾਂਝਾ ਪ੍ਰੋਗਰਾਮ ਬਣਾਇਆ ਗਿਆ ਹੈ, ਜਿਸ ਨੂੰ ਸਰਬਸੰਮਤੀ ਨਾਲ ਸਭ ਆਗੂਆਂ ਨੇ ਪ੍ਰਵਾਨਗੀ ਦਿੱਤੀ ਹੈ। ਮੀਟਿੰਗ ਵਿੱਚ ਭਾਈ ਪੰਥਪ੍ਰੀਤ ਸਿੰਘ ਖਾਲਸਾ, ਭਾਈ ਰਣਜੀਤ ਸਿੰਘ ਢੱਡਰੀਆਂ, ਭਾਈ ਦਲੇਰ ਸਿੰਘ ਖੇੜੀ, ਬਾਬਾ ਬਲਜੀਤ ਸਿੰਘ ਦਾਦੂਵਾਲ, ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ, ਅਕਾਲੀ ਦਲ (1920) ਦੇ ਜਨਰਲ ਸਕੱਤਰ ਬੂਟਾ ਸਿੰਘ ਰਣਸੀਂਹ, ਸਾਬਕਾ ਸੰਸਦ ਮੈਂਬਰ ਧਿਆਨ ਸਿੰਘ ਮੰਡ, ਦਮਦਮੀ ਟਕਸਾਲ ਦੇ ਅਮਰੀਕ ਸਿੰੰਘ ਅਜਨਾਲਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਸਰਬਜੀਤ ਸਿੰਘ ਧੁੰਦਾ ਸ਼ਾਮਲ ਸਨ। ਸੂਤਰਾਂ ਅਨੁਸਾਰ ਮੀਟਿੰਗ ਵਿੱਚ ਭਾਈ ਪੰਥਪ੍ਰੀਤ ਸਿੰਘ ਨੇ ਆਪਣੇ ’ਤੇ ਸਰਕਾਰੀ ਧਿਰ ਨਾਲ ਮਿਲੇ ਹੋਣ ਦੇ ਲੱਗ ਰਹੇ ਦੋਸ਼ਾਂ ਬਾਰੇ ਸਪੱਸ਼ਟ ਕੀਤਾ।
ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸਭ ਆਗੂਆਂ ਦੀ ਸਾਂਝੀ ਮੀਟਿੰਗ ਹੋ ਗਈ ਹੈ, ਜਿਸ ਵਿੱਚ ਸ਼ੰਕੇ ਦੂਰ ਹੋ ਗਏ ਹਨ ਅਤੇ ਇਕੱਠੇ ਸੰਘਰਸ਼ ਲੜਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਲਕੇ ਭੋਗ ਸਮਾਗਮਾਂ ’ਤੇ ਸੰਘਰਸ਼ੀ ਫੈਸਲੇ ਦਾ ਐਲਾਨ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਵਿੱਚੋਂ ਨਹੀਂ ਲੰਘਣਾ ਪਵੇਗਾ। ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਸਭ ਮਤਭੇਦ ਦੂਰ ਕਰ ਕੇ ਸਭ ਧਿਰਾਂ ਵੱਲੋਂ ਸਾਂਝਾ ਪ੍ਰੋਗਰਾਮ ਬਣਾਇਆ ਗਿਆ ਹੈ, ਜਿਸ ਦਾ ਐਲਾਨ ਭਲਕੇ ਕੀਤਾ ਜਾਵੇਗਾ।