ਹਰੀਕੇ ਹੈੱਡ ‘ਤੇ ਸਿੱਖ ਸੰਗਤ ਦਾ ਧਰਨਾ ਦਸਵੇਂ ਦਿਨ ਵੀ ਜਾਰੀ

By October 24, 2015 0 Comments


ਮਖੂ, 24 ਅਕਤੂਬਰ (ਮੇਜਰ ਸਿੰਘ ਥਿੰਦ)–ਦਰਿਆ ਸਤਲੁਜ ਅਤੇ ਬਿਆਸ ਦੇ ਸੰਗਮ ‘ਤੇ ਬਣੇ ਹਰੀਕੇ ਹੈੱਡ ਵਰਕਸ ‘ਤੇ ਪਿਛਲੇ 10 ਦਿਨਾਂ ਤੋਂ ਲੱਗੇ ਧਰਨੇ ਕਾਰਣ ਇਸ ਹੈੱਡ ਦੇ ਸੁਰੱਖਿਆ ਕਰਮਚਾਰੀ ਇਸ ਹੈੱਡ ਨੂੰ ਰੱਬ ਆਸਰੇ ਛੱਡ ਕੇ ਪਾਸੇ ਹੋ ਗਏ, ਜਿਸ ਕਾਰਣ ਸੁਰੱਖਿਆ ਕਰਮਚਾਰੀ ਨਾ ਹੋਣ ਕਾਰਣ ਪਾਣੀ ਦੇ ਕੰਟਰੋਲ ‘ਚ ਛੇੜਛਾੜ ਹੋਣ ਕਾਰਣ ਕਦੇ ਵੀ ਕੋਈ ਮਾੜੀ ਘਟਨਾ ਵਾਪਰ ਸਕਦੀ ਹੈ, ਜਿਸ ‘ਤੇ ਪੁਲਿਸ ਅਧਿਕਾਰੀ ਤੇ ਸਰਕਾਰ ਵੀ ਅੱਖਾ ਮੀਟੀ ਬੈਠੀ ਹੈ | ਐਕਸੀਅਨ ਵਿਜੈ ਪਾਲ ਨੇ ਦੱਸਿਆ ਕਿ ਰਾਜਸਥਾਨ ਫੀਡਰ ਨਹਿਰ ਲਈ 2200 ਕਿਉਸਕ ਪਾਣੀ ਦੀ ਹੋਰ ਮੰਗ ਕੀਤੀ ਗਈ ਹੈ | ਇਸ ਮੌਕੇ ਹਰੀਕੇ ਹੈਡ ਦਾ ਪੌਡ ਲੈਵਲ 692,82 ਚੱਲ ਰਿਹਾ ਹੈ |
harike 2

harike

ਮਖੂ, 24 ਅਕਤੂਬਰ (ਮੁਖਤਿਆਰ ਸਿੰਘ ਧੰਜੂ/ਮੇਜਰ ਸਿੰਘ ਥਿੰਦ)- ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਸਿੱਖ ਸੰਗਤਾਂ ਵੱਲੋਂ ਹਰੀਕੇ ਹੈੱਡ ‘ਤੇ ਲਗਾਇਆ ਧਰਨਾ 10ਵੇਂ ਦਿਨ ਵੀ ਜਾਰੀ ਰਿਹਾ | ਇਸ ਨਾਲ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ, ਉਥੇ ਹੀ ਕਿਸਾਨਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬਧੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਡੀ.ਸੀ. ਫ਼ਿਰੋਜ਼ਪੁਰ ਇੰਜ: ਡੀ.ਪੀ. ਐਸ ਖਰਬੰਦਾ, ਐਸ.ਐਸ.ਪੀ. ਫ਼ਿਰੋਜ਼ਪੁਰ ਹਰਦਿਆਲ ਸਿੰਘ ਮਾਨ, ਐਸ.ਡੀ.ਐਮ. ਜ਼ੀਰਾ ਜਰਨੈਲ ਸਿੰਘ, ਡੀ.ਐਸ.ਪੀ. ਜ਼ੀਰਾ ਹਰਦੇਵ ਸਿੰਘ ਆਦਿ ਧਰਨੇ ਨੂੰ ਬਿਨਾਂ ਕਿਸੇ ਹਿੰਸਕ ਕਾਰਵਾਈ ਦੇ ਚੁਕਵਾਉਣ ਲਈ ਵੀ ਲਗਾਤਾਰ ਯਤਨਸ਼ੀਲ ਹਨ | ਪ੍ਰਸ਼ਾਸਨ ਵੱਲੋਂ ਬੀਤੇ ਦਿਨ ਭਾਰੀ ਸੁਰੱਖਿਆ ਬਲਾਂ, ਪਾਣੀ ਵਾਲੀਆਂ ਤੋਪਾਂ ਤੇ ਹੋਰ ਸ਼ਾਜੋ-ਸਮਾਨ ਨਾਲ ਲੈੱਸ ਹੋ ਕੇ ਮੌਕੇ ‘ਤੇ ਪਹੁੰਚ ਕੇ ਧਰਨਾਕਾਰੀਆਂ ‘ਤੇ ਦਬਾਅ ਬਣਾਉਣ ਦੀ ਵੀ ਕੋਸ਼ਿਸ
ਕੀਤੀ ਗਈ | ਧਰਨਾਕਾਰੀਆਂ ਦੇ ਜੋਸ਼ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਹਿੰਸਕ ਟਕਰਾਅ ਤੋਂ ਬੱਚਣ ਲਈ ਕਾਰਵਾਈ ਰੋਕ ਕੇ ਧਰਨਾਕਾਰੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਖੁੱਲ੍ਹ ਕੇ ਗੱਲਬਾਤ ਕੀਤੀ ਤਾਂ ਧਰਨਾਕਾਰੀਆਂ ਵੱਲੋਂ ਇਹ ਮੰਗ ਰੱਖੀ ਗਈ ਕਿ ਜੇਕਰ ਪੰਜਾਂ ਪਿਆਰਿਆਂ ਦੀ ਮੁਅੱਤਲੀ ਨੂੰ ਬਹਾਲ ਕਰਕੇ ਇੱਥੇ ਲਿਆ ਕੇ ਅਰਦਾਸ ਕਰਵਾ ਦਿੱਤੀ ਜਾਵੇ ਤਾਂ ਉਹ ਤੁਰੰਤ ਧਰਨਾ ਸਮਾਪਤ ਕਰ ਦੇਣਗੇ | ਇਸ ਮੌਕੇ ਸਮਝੌਤਾ ਕਰਾਉਣ ਗਏ ਕੁਝ ਅਕਾਲੀ ਆਗੂਆਂ ਦੇ ਧਰਨੇ ਵਾਲੀ ਥਾਂ ‘ਤੇ ਪਹੁੰਚਣ ਤੋਂ ਧਰਨਾਕਾਰੀਆਂ ਦੇ ਤੈਸ਼ ‘ਚ ਆਉਣ ‘ਤੇ ਅਕਾਲੀ ਆਗੂਆਂ ਨੂੰ ਤੁਰੰਤ ਹੀ ਵਾਪਿਸ ਮੁੜਨਾ ਪਿਆ | ਉਪਰੋਕਤ ਘਟਨਾਕ੍ਰਮ ਤੋਂ ਬਾਅਦ ਇਲਾਕੇ ‘ਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਸੂਝ-ਬੂਝ ਦੀ ਖੂਬ ਚਰਚਾ ਹੋ ਰਹੀ ਹੈ ਕਿ ਹਰੀਕੇ ਹੈੱਡ ‘ਤੇ ਹਿੰਸਕ ਟਕਰਾਅ ਹੋਣੋਂ ਬਚ ਗਿਆ, ਉਥੇ ਹੀ ਹਾਕਮ ਧਿਰ ਤੇ ਸਿੱਖ ਸੰਗਤਾਂ ‘ਚ ਟਕਰਾਅ ਵੱਧਣ ਦੇ ਆਸਾਰ ਬਣਦੇ ਜਾ ਰਹੇ ਹਨ |