ਸੁਖਬੀਰ ਦੀ ਫੇਰੀ ਦਾ ਸੰਗਤ ਵੱਲੋਂ ਵਿਰੋਧ : ਕੰਧ ਤੋੜ ਕੇ ਸਮਾਗਮ ਵਿੱਚ ਪਹੁੰਚਾਇਆ

By October 24, 2015 0 Comments


sikhਮਾਨਸਾ, (24 ਅਕਤੂਬਰ,ਜੋਗਿੰਦਰ ਸਿੰਘ ਮਾਨ): ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਅੱਜ ਮਾਨਸਾ ਨੇੜਲੇ ਪਿੰਡ ਕੋਟਧਰਮੂ ਵਿੱਚ ਇਤਿਹਾਸਕ ਗੁਰਦੁਆਰਾ ਸ੍ਰੀ ਸੂਲੀਸਰ ਸਾਹਿਬ ਦੀ ਫੇਰੀ ਦੌਰਾਨ ਸਿੱਖ ਸੰਗਤ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ੳੁਹ ਇੱਥੇ ਸੂਬੇ ਦੀ ਅਮਨ ਸ਼ਾਂਤੀ ਲਈ ਕਰਵਾਏ ਅਖੰਡ ਪਾਠ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਏ ਸਨ। ਸੰਗਤ ਨੇ ਸਵੇਰ ਤੋਂ ਉਨ੍ਹਾਂ ਨੂੰ ਘੇਰਨ ਦੀ ਵਿਉਂਤ ਬਣਾ ਲਈ ਸੀ ਪਰ ਪੁਲੀਸ ਵੱਲੋਂ ਵਿਖਾਵਾਕਾਰੀਆਂ ਨੂੰ ਰੋਕੇ ਜਾਣ ਕਾਰਨ ਬੇਸ਼ੱਕ ਉਪ ਮੁੱਖ ਮੰਤਰੀ ਦੇ ਸਮਾਗਮ ਵਾਲੇ ਸਥਾਨ ’ਤੇ ਵਿਰੋਧ ਨਾ ਹੋ ਸਕਿਆ ਪਰ ਸੰਗਤ ਨੇ ਪਿੰਡ ਕੋਟਧਰਮੂ ਤੇ ਦੂਲੋਵਾਲ ਵਿੱਚ ਧਰਨਾ ਲਾ ਕੇ ਮਾਨਸਾ-ਸਿਰਸਾ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰ ਦਿੱਤੀ।
ਧਰਨੇ ਦੌਰਾਨ ਬਾਬਾ ਧਰਮਵੀਰ ਸਿੰਘ ਘਰਾਂਗਣਾ, ਬਾਬਾ ਬਲਵਿੰਦਰ ਸਿੰਘ ਟਿੱਬੀ, ਹਰਨੇਕ ਸਿੰਘ, ਜਸਵਿੰਦਰ ਸਿੰਘ, ਦਰਸ਼ਨ ਸਿੰਘ ਦਲੇਰ, ਸੰਦੀਪ ਸਿੰਘ ਖਿਆਲਾ, ਰਾਜਵੀਰ ਸਿੰਘ, ਜਗਦੇਵ ਸਿੰਘ ਮਾਨਸਾ ਅਤੇ ਜਗਸੀਰ ਸਿੰਘ ਤਾਮਕੋਟ ਨੇ ਕਿਹਾ ਕਿ ਸੰਗਤ ਨੂੰ ਹੁਣ ਗੁਰਦੁਆਰਿਆਂ ਵੱਲ ਵੀ ਜਾਣ ਤੋਂ ਰੋਕਿਆ ਜਾ ਰਿਹਾ ਹੈ। ਸ੍ਰੀ ਸੁਖਬੀਰ ਬਾਦਲ ਹਾਜ਼ਰ ਸੰਗਤ ਨੂੰ ਸੰਬੋਧਨ ਕਰਨ ਤੋਂ ਬਾਅਦ ਮਿੰਟਾਂ ਵਿੱਚ ਹੀ ਹੈਲੀਕਾਪਟਰ ਵਿੱਚ ਬਹਿ ਕੇ ਰਵਾਨਾ ਹੋ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਸੰਗਤ ਨੇ ਧਰਨੇ ਚੁੱਕੇ ਅਤੇ ਪੁਲੀਸ ਨੇ ਵੀ ਸੁੱਖ ਦਾ ਸਾਹ ਲਿਆ। ਦੂਜੇ ਪਾਸੇ ਸਵੇਰ ਤੋਂ ਹੀ ਥਾਣਾ ਕੋਟਧਰਮੂ ਅਤੇ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਸੁਖਬੀਰ ਸਿੰਘ ਬਾਦਲ ਨੂੰ ਘੇਰਨ ਦੀ ਯੋਜਨਾ ਬਣਾ ਕੇ ਬੈਠੇ ਅਕਾਲੀ ਦਲ (ਅ) ਦੇ ਆਗੂ ਰਾਜਿੰਦਰ ਸਿੰਘ ਜਵਾਹਰਕੇ, ਇੰਦਰਜੀਤ ਸਿੰਘ ਮੁਨਸ਼ੀ, ਸਿੱਖ ਪ੍ਰਚਾਰਕ ਰਾਜਵਿੰਦਰ ਸਿੰਘ ਮੋਰ ਖੀਵਾ ਕਲਾਂ ਨੂੰ ਚੁੱਕ ਕੇ ਹਵਾਲਾਤ ਵਿੱਚ ਡੱਕ ਦਿੱਤਾ ਸੀ, ਜਿਨ੍ਹਾਂ ਨੂੰ ਬਾਅਦ ਦੁਪਹਿਰ ਛੱਡ ਦਿੱਤਾ ਗਿਆ।
ਜਦੋਂ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਰਘਬੀਰ ਸਿੰਘ ਸੰਧੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਹੀ ਫੋਰਸ ਤਾਇਨਾਤ ਕੀਤੀ ਸੀ ਅਤੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਪੁਲੀਸ ਨੇ ਰੁਟੀਨ ਅਨੁਸਾਰ ਨਾਕੇਬੰਦੀਆਂ ਚੁੱਕ ਦਿੱਤੀਆਂ। ਵੈਸੇ ੳੁਪ ਮੁੱਖ ਮੰਤਰੀ ਦੀ ਫੇਰੀ ਦੌਰਾਨ ਸ਼ਾਂਤੀ ਬਣੀ ਰਹੀ।

ਇਤਿਹਾਸਕ ਗੁਰਦੁਆਰਾ ਸੂਲੀਸਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਰਸ਼ਨ ਸਿੰਘ ਘਰਾਂਗਣਾ ਨੇ ੳੁਪ ਮੁੱਖ ਮੰਤਰੀ ਦੀ ਫੇਰੀ ਦੌਰਾਨ ਪੁਲੀਸ ਦੇ ਇਕ ਹੇਠਲੇ ਅਧਿਕਾਰੀ ਵੱਲੋਂ ਬੇਇੱਜ਼ਤ ਕਰਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ੳੁਪ ਮੁੱਖ ਮੰਤਰੀ ਦੇ ਸਮਾਗਮ ਵਾਲੀ ਸਟੇਜ ੳੁਨ੍ਹਾਂ ਖ਼ੁਦ ਤਿਅਾਰ ਕਰਵਾੲੀ ਪਰ ਬਾਅਦ ਵਿੱਚ ਇਕ ਪੁਲੀਸ ਅਧਿਕਾਰੀ ਨੇ ਉਨ੍ਹਾਂ ਨੂੰ ਸ੍ਰੀ ਬਾਦਲ ਦੀ ਫੇਰੀ ਦੌਰਾਨ ਦਰਬਾਰ ਸਾਹਿਬ ਵਿੱਚ ਬੈਠਣ ਲੲੀ ਕਿਹਾ, ਜਿਸ ’ਤੇ ਉਨ੍ਹਾਂ ਦਾ ਮਨ ਦੁਖੀ ਹੋਇਆ ਅਤੇ ਉਨ੍ਹਾਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਅਸਤੀਫ਼ਾ ਸ਼੍ਰੋਮਣੀ ਕਮੇਟੀ ਨੂੰ ਭੇਜ ਦਿੱਤਾ ਹੈ।

ਪੁਲੀਸ ਅਧਿਕਾਰੀਆਂ ਨੇ ਇਕ ਸਕੂਲ ਦੀ ਕੰਧ ਤੋੜ ਕੇ ੳੁਪ ਮੁੱਖ ਮੰਤਰੀ ਨੂੰ ਸਮਾਗਮ ਵਾਲੀ ਥਾਂ ਲਿਆਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸਕੂਲ ਵਿੱਚ ੳੁਨ੍ਹਾਂ ਦਾ ਹੈਲੀਕਾਪਟਰ ਉਤਰਿਆ ਅਤੇ ਸਿੱਖ ਸੰਗਤ ਦੇ ਵਿਰੋਧ ਦੇ ਡਰੋਂ ਪੁਲੀਸ ਨੇ ਸਕੂਲ ਦੀ ਕੰਧ ਤੋੜ ਕੇ ਉਨ੍ਹਾਂ ਨੂੰ ਸਮਾਗਮ ਵਿੱਚ ਲਿਆਂਦਾ।

Source: Punjabi Tribune