‘ਏਤੀ ਮਾਰ ਪਈ ਕੁਰਲਾਣੈ..’ ਕੋਟਕਪੂਰਾ ਗੋਲੀਕਾਂਡ ਦਾ ਅੱਖੀ-ਡਿੱਠਾ ਹਾਲ

By October 23, 2015 0 Comments


-ਗੁਰਿੰਦਰ ਸਿੰਘ ਕੋਟਕਪੂਰਾ-

Antim_Saskar
ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਹਾਲ ਹੀ ’ਚ ਵਾਪਰੀਆਂ ਹਿਰਦੇਵੇਦਕ ਤੇ ਦੁਖਦਾਇਕ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ, ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਵੱਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ ਸੂਚਨਾ ਦੇਣ ਵਾਲਿਆਂ ਨੂੰ ਇਕ ਕਰੋੜ ਰੁਪਏ ਦਾ ਇਨਾਮ ਦੇਣ ਦੇ ਐਲਾਨ ਦੇ ਨਾਲ-ਨਾਲ ਸਿੱਖਾਂ ਉੱਪਰ ਦਰਜ ਹੋਏ ਸਾਰੇ ਪੁਲਿਸ ਕੇਸ ਵਾਪਸ ਲੈਣ, ਅਕਾਲ ਤਖਤ ਸਾਹਿਬ ਤੋਂ ਸੌਦਾ ਸਾਧ ਦੇ ਹੱਕ ’ਚ ਕੀਤੇ ਫੈਸਲੇ ਨੂੰ ਵਾਪਸ ਲੈਣ, ਗੋਲੀਕਾਂਡ ਦੌਰਾਨ ਦੋ ਨੌਜਵਾਨਾਂ ਦੀ ਦੁਖਦਾਇਕ ਮੌਤ, ਸੈਂਕੜੇ ਸਿੱਖਾਂ ਅਤੇ ਦਰਜਨ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਤੋਂ ਇਲਾਵਾ ਮਾਲੀ ਨੁਕਸਾਨ ਦੇ ਨਾਲ-ਨਾਲ ਉਕਤ ਘਟਨਾਕ੍ਰਮ ’ਚ ਵਾਪਰੀਆਂ ਹੋਰ ਵੀ ਅਨੇਕਾਂ ਅਫਸੋਸਨਾਕ ਘਟਨਾਵਾਂ ਦੀ ਚਰਚਾ ਦੇਸ਼ ਭਰ ’ਚ ਦੇਖੀ ਤੇ ਸੁਣੀ ਜਾ ਸਕਦੀ ਹੈ। ਮਿਤੀ 1 ਜੂਨ 2015 ਨੂੰ ਜ਼ਿਲ•ਾ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ’ਚੋਂ ਦੋ ਸਿਰੋ ਮੋਨੇ ਅਣਪਛਾਤੇ ਲੜਕਿਆਂ ਨੇ ਦਿਨ-ਦਿਹਾੜੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰ ਲਿਆ। ਇਸ ਸਬੰਧੀ ਉਥੋਂ ਦੀਆਂ ਸੰਗਤਾਂ ’ਚ ਗੁੱਸਾ ਤੇ ਰੋਹ ਪੈਦਾ ਹੋਣਾ ਸੁਭਾਵਿਕ ਸੀ। ਵੱਖ-ਵੱਖ ਸਿੱਖ ਸੰਸਥਾਵਾਂ, ਧਾਰਮਿਕ ਜੱਥੇਬੰਦੀਆਂ, ਪੰਥਦਰਦੀਆਂ ਤੇ ਹੋਰ ਸੰਗਤਾਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਪਾਵਨ ਸਰੂਪ ਲੱਭਣ ਅਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਮਜਬੂਰ ਕਰਨ ਵਾਸਤੇ ਹਰ ਸੰਭਵ ਯਤਨ ਕੀਤਾ ਪਰ ਜਦੋਂ ਗੱਲ ਕਿਸੇ ਤਨ-ਪਤਨ ਨਾ ਲੱਗੀ ਤਾਂ ਸੰਗਤਾਂ ਨੇ ਰੱਬ ਦੇ ਭਾਣੇ ਨੂੰ ਪ੍ਰਵਾਨ ਕਰਦਿਆਂ ਸੋਗ ਵਜੋਂ ਸ੍ਰੀ ਅਖੰਡ ਪਾਠ ਦਾ ਭੋਗ ਪਾ ਕੇ ਸ਼ਰਾਰਤੀ ਅਨਸਰਾਂ ਨੂੰ ਪ੍ਰਮਾਤਮਾ ਸੁਮੱਤ ਬਖ਼ਸ਼ੇ ਦੀ ਅਰਦਾਸ ਬੇਨਤੀ ਕਰ ਦਿੱਤੀ। ਮਿਤੀ 25 ਸਤੰਬਰ ਨੂੰ ਸਵੇਰੇ ਗੁਰਦਵਾਰਾ ਸਾਹਿਬ ਦੀਆਂ ਕੰਧਾਂ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਉਨ•ਾਂ ਕੋਲ ਬਰਗਾੜੀ ’ਚ ਹੀ ਮੌਜੂਦ ਚੋਰੀ ਹੋਇਆ ਪਾਵਨ ਸਰੂਪ ਹੋਣ ਦੀਆਂ ਲਿਖਤਾਂ ਵਾਲੇ ਪੋਸਟਰ ਚਿਪਕਾ ਕੇ ਪੁਲਿਸ ਪ੍ਰਸ਼ਾਸ਼ਨ ਅਤੇ ਪੰਥਦਰਦੀਆਂ ਨੂੰ ਚੁਨੌਤੀ ਦੇਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕੁਝ ਪੰਥਕ ਜੱਥੇਬੰਦੀਆਂ ਨੇ ਡੀ.ਐਸ.ਪੀ. ਜੈਤੋ ਨੂੰ ਲਿਖਤੀ ਸ਼ਿਕਾਇਤ ਪੱਤਰ ਸੌਂਪ ਕੇ ਜਿਥੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ, ਉਥੇ ਕਿਸੇ ਅਣਸੁਖਾਵੀ ਜਾਂ ਦੁਖਦਾਇਕ ਘਟਨਾ ਵਾਪਰਨ ਦਾ ਖਦਸ਼ਾ ਵੀ ਜ਼ਾਹਰ ਕੀਤਾ। ਮਿਤੀ 12 ਅਕਤੂਬਰ ਨੂੰ ਚੋਰੀ ਹੋਏ ਪਾਵਨ ਸਰੂਪ ਦੇ ਕੁਝ ਅੰਗ ਗੁਰਦਵਾਰਾ ਪਾਤਸ਼ਾਹੀ ਦਸਵੀਂ ਬਰਗਾੜੀ ਦੇ ਬਾਹਰੋਂ ਮਿਲੇ ਤੇ ਸੰਗਤਾਂ ’ਚ ਗੁੱਸਾ ਤੇ ਰੋਹ ਪੈਦਾ ਹੋਣਾ ਸੁਭਾਵਿਕ ਸੀ। ਸਾਰੀਆਂ ਸੰਗਤਾਂ ਨੇ ਸਰਬ-ਸੰਮਤੀ ਨਾਲ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਨੂੰ ਕੇਂਦਰ ਬਣਾ ਕੇ ਸ਼ਾਂਤਮਈ ਰੋਸ ਧਰਨਾ ਆਰੰਭ ਦਿੱਤਾ ਤੇ ਵਾਰ-ਵਾਰ ਬੇਨਤੀਆਂ ਕੀਤੀਆਂ ਕਿ ਕਿਸੇ ਪ੍ਰਕਾਰ ਦੀ ਨਾ ਤਾਂ ਭੜਕਾਊ ਤਕਰੀਰ ਕੀਤੀ ਜਾਵੇ, ਨਾ ਕਿਸੇ ਦੀ ਦੁਕਾਨ ਬੰਦ ਕਰਾਈ ਜਾਵੇ ਅਤੇ ਨਾ ਹੀ ਕੋਈ ਕਾਨੂੰਨ ਨੂੰ ਹੱਥ ’ਚ ਲੈਣ ਵਾਲੀ ਹਰਕਤ ਕੀਤੀ ਜਾਵੇ। ਉਪਰੋਕਤ ਦੇ ਬਾਵਜੂਦ ਪੁਲਿਸ ਪ੍ਰਸ਼ਾਸ਼ਨ ਨੇ 13 ਅਕਤੂਬਰ ਨੂੰ ਤੜਕਸਾਰ ਸ਼ਾਂਤੀਪੂਰਵਕ ਧਰਨਾ ਦੇ ਰਹੇ ਮਰਦ, ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਹਿਰਾਸਤ ’ਚ ਲੈ ਲਿਆ ਤੇ ਤਜਵੀਜ਼ਸ਼ੁਦਾ ਪ੍ਰੋਗਰਾਮ ਤਹਿਤ ਸਾਰਿਆਂ ਨੂੰ ਜ਼ਿਲ•ਾ ਫਰੀਦਕੋਟ ਅਤੇ ਗੁਆਂਢੀ ਜ਼ਿਲਿ•ਆਂ ਦੇ ਪੁਲਿਸ ਥਾਣਿਆਂ ’ਚ ਲਿਜਾ ਕੇ ਬੰਦ ਕਰ ਦਿੱਤਾ। ਕੁਝ ਸਮੇਂ ਬਾਅਦ ਉਨ•ਾਂ ਦੀ ਬਿਨ•ਾਂ ਸ਼ਰਤ ਰਿਹਾਈ ਵੀ ਹੋ ਗਈ ਪਰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ’ਚ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਬਣੀ ਰਹੀ। ਉਕਤ ਸਭ ਘਟਨਾਕ੍ਰਮ ਦੀ ਜਾਣਕਾਰੀ ਸ਼ੋਸ਼ਲ ਮੀਡੀਏ ਰਾਹੀਂ ਪਲਾਂ ’ਚ ਦੂਰ-ਦੂਰ ਤੱਕ ਪੁੱਜ ਗਈ। ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਪੰਥਦਰਦੀਆਂ ਨੇ ਕੋਟਕਪੂਰੇ ਵੱਲ ਚਾਲੇ ਪਾ ਦਿੱਤੇ ਤੇ ਮੋਗਾ-ਬਠਿੰਡਾ ਤਿੰਨਕੋਣੀ ਚੌਂਕ ਕੋਟਕਪੂਰਾ ’ਚ ਫ਼ਿਰ ਧਰਨਾ ਲੱਗ ਗਿਆ ਤੇ ਵੱਖ-ਵੱਖ ਥਾਣਿਆਂ ’ਚੋਂ ਰਿਹਾਅ ਹੁੰਦੀਆਂ ਸੰਗਤਾਂ ਦੁਬਾਰਾ ਉਥੇ ਪੁੱਜ ਗਈ ਅਤੇ ਧਰਨਾ ਫਿਰ ਬੱਤੀਆਂ ਵਾਲੇ ਚੌਂਕ ’ਚ ਸ਼ੁਰੂ ਹੋ ਗਿਆ। ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਸਪੀਕਰ ਰਾਹੀਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਕਿਸੇ ਨੂੰ ਭੜਕਾਊ ਨਾਅਰਾ ਲਾਉਣ ਦੀ ਇਜ਼ਾਜ਼ਤ ਨਹੀਂ, ਸਰਕਾਰੀ ਏਜੰਸੀਆਂ ਜਾਂ ਸ਼ਰਾਰਤੀ ਅਨਸਰ ਕਈ ਵਾਰ ਆਪਣੇ ਏਜੰਟਾਂ ਨੂੰ ਅਜਿਹੇ ਸੰਘਰਸ਼ ਫੇਲ• ਕਰਨ ਲਈ ਘੁਸਪੈਠ ਕਰਵਾ ਦਿੰਦੇ ਹਨ, ਇਸ ਲਈ ਸ਼ਾਂਤਮਈ ਰੋਸ ਧਰਨੇ ਤੋਂ ਅੱਗੇ ਨਹੀਂ ਜਾਣਾ। ਉਕਤ ਸਪੀਕਰਾਂ ਨੂੰ ਸਿਰਫ਼ ਨਿਤਨੇਮ ਕਰਨ ਲਈ ਹੀ ਵਰਤਿਆ ਜਾਵੇਗਾ। ਇਸ ਸਮੇਂ ਦੌਰਾਨ ਪੁਲਿਸ ਪ੍ਰਸ਼ਾਸ਼ਨ ਵੱਲੋਂ ਵੱਖ-ਵੱਖ ਉੱਚ ਪੁਲਿਸ ਅਧਿਕਾਰੀ ਭਾਈ ਪੰਥਪ੍ਰੀਤ ਸਿੰਘ ਤੇ ਉਸਦੇ ਸਾਥੀਆਂ ਨੂੰ ਮਨਾਉਣ ਲਈ ਜਾਂਦੇ ਰਹੇ ਪਰ ਸਾਰੇ ਆਗੂਆਂ ਨੇ ਇਕੋ ਗੱਲ ਦੁਹਰਾਉਣੀ ਕਿ ਗੁਰੂ ਗੰ੍ਰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਸਬੰਧ ’ਚ ਉਨ•ਾਂ ਕੋਲ ਸ਼ਾਂਤਮਈ ਰਹਿ ਕੇ ਰੋਸ ਕਰਨ ਦਾ ਅਧਿਕਾਰ ਹੈ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਇਸ ਅਧਿਕਾਰ ਨੂੰ ਨਹੀਂ ਖੋਹਣਾ ਚਾਹੀਦਾ। ਇਹ ਸਿਲਸਿਲਾ ਕਈ ਘੰਟੇ ਜਾਰੀ ਰਿਹਾ ਤੇ ਤੜਕਸਾਰ ਪੁਲਿਸ ਪ੍ਰਸ਼ਾਸ਼ਨ ਨਾਲ ਪੰਥਕ ਆਗੂਆਂ ਦੀ ਰਜ਼ਾਮੰਦੀ ਬਣ ਗਈ ਕਿ ਸਾਰੀਆਂ ਸੰਗਤਾਂ ਗ੍ਰਿਫਤਾਰੀ ਲਈ ਤਿਆਰ ਹਨ ਪਰ ਦੋ ਸ਼ਰਤਾਂ ਤਹਿਤ, ਨੰ.1 ਸੰਗਤ ’ਚੋਂ ਕੋਈ ਵੀ ਆਪਣੇ ਵਾਹਨ ’ਤੇ ਨਹੀਂ ਜਾਵੇਗਾ, ਨੰ.2 ਸੰਗਤ ’ਚੋਂ ਕਿਸੇ ਨੂੰ ਪੁਲਿਸ ਥਾਣੇ ’ਚ ਨਹੀਂ ਲਿਜਾਇਆ ਜਾਵੇਗਾ ਤੇ ਸਾਰੇ ਜੇਲ• ’ਚ ਲਿਜਾਏ ਜਾਣਗੇ। ਦੋਨੋਂ ਧਿਰਾਂ ਦੀ ਸਹਿਮਤੀ ਨਾਲ ਗ੍ਰਿਫ਼ਤਾਰੀ ਦੇਣ ਵਾਲੇ ਮਰਦ-ਔਰਤਾਂ, ਨੌਜਵਾਨਾਂ, ਬੱਚਿਆਂ ਤੇ ਬਜ਼ੁਰਗਾਂ ਦੀਆਂ ਸੂਚੀਆਂ ਬਣਨ ਲੱਗੀਆਂ ਪਰ ਸਪੀਕਰ ਰਾਹੀਂ ਇਹ ਵੀ ਅਪੀਲ ਕੀਤੀ ਗਈ ਕਿ ਕਿਸੇ ਨੇ ਹੁੱਲੜਬਾਜ਼ੀ ਨਹੀਂ ਕਰਨੀ, ਜੇ ਕੋਈ ਗ੍ਰਿਫ਼ਤਾਰੀ ਨਹੀਂ ਦੇਣੀ ਚਾਹੁੰਦਾ ਤਾਂ ਉਹ ਆਪਣੇ ਘਰ ਵੀ ਪਰਤ ਸਕਦਾ ਹੈ। ਇਸ ਦੌਰਾਨ ਕੁਝ ਸੰਗਤਾਂ ਨੇ ਆ ਕੇ ਇਤਰਾਜ਼ ਕੀਤਾ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਜਾਂ ਤਾਂ ਉਨ•ਾਂ ਨੂੰ ਸ਼ਹਿਰੋਂ ਬਾਹਰ ਦੂਰ ਲਿਜਾ ਕੇ ਛੱਡ ਦਿੱਤਾ ਜਾਂਦਾ ਹੈ ਤੇ ਜਾਂ ਕਾਫ਼ੀ ਚਿਰ ਬੱਸਾਂ ’ਚ ਬਿਠਾ ਕੇ ਰੱਖਿਆ ਜਾਂਦਾ ਹੈ ਤੇ ਉਹ ਵਾਪਸ ਧਰਨੇ ਵਾਲੀ ਥਾਂ ’ਤੇ ਪਰਤਣ ਲਈ ਮਜਬੂਰ ਹੁੰਦੇ ਹਨ। ਪੰਥਕ ਧਿਰਾਂ ਅਨੁਸਾਰ ਪੁਲਿਸ ਪ੍ਰ੍ਰਸ਼ਾਸ਼ਨ ਨੇ ਚੁਣ-ਚੁਣ ਕੇ ਹਜ਼ਾਰਾਂ ਸੰਗਤਾਂ ਨੂੰ ਬੱਸਾਂ ’ਚ ਬਿਠਾਇਆ ਤੇ ਦੂਰ ਲੈ ਗਏ, ਜਦੋਂ ਮਹਿਜ਼ 100 ਤੋਂ 150 ਸਿੰਘ ਬਾਕੀ ਬਚੇ ਤਾਂ ਪੁਲਿਸ ਨੇ ਲਾਠੀਚਾਰਜ ਸ਼ੁਰੂ ਕਰਦਿਆਂ ਪਾਣੀ ਦੀਆਂ ਵਾਛੜਾਂ ਵੀ ਛੱਡ ਦਿੱਤੀਆਂ। ਸ਼ਾਂਤੀਪੂਰਵਕ ਤੌਰ ’ਤੇ ਨਿਤਨੇਮ ਦਾ ਪਾਠ ਕਰ ਰਹੀਆਂ ਸੰਗਤਾਂ ’ਚ ਗੁੱਸਾ ਤੇ ਰੋਹ ਪੈਦਾ ਹੋਣਾ ਸੁਭਾਵਿਕ ਸੀ ਤੇ ਦੋਨਾਂ ਧਿਰਾਂ ’ਚ ਪਥਰਾਅਬਾਜ਼ੀ ਆਰੰਭ ਹੋ ਗਈ। ਪਾਣੀ ਦੀਆਂ ਵਾਛੜਾਂ ਕਰਨ ਵਾਲੀਆਂ ਗੱਡੀਆਂ ਨੂੰ ਡਰਾਈਵਰਾਂ ਨੇ ਥਾਣੇ ਵੱਲ ਭਜਾ ਲਿਆ ਤੇ ਇਕ ਗੱਡੀ ਭੀੜ ਦੇ ਹੱਥ ਆ ਗਈ, ਜਿਸ ਨੂੰ ਅੱਗ ਲਾ ਦਿੱਤੀ ਗਈ। ਸਾਰੀ ਪੁਲਿਸ ਫੋਰਸ ਥਾਣੇ ’ਚ ਵੜ ਗਈ ਤੇ ਉਸ ਤੋਂ ਬਾਅਦ ਦੇਖਦਿਆਂ ਹੀ ਦੇਖਦਿਆਂ ਪੁਲਿਸ ਦੇ ਭਾਰੀ ਹਜ਼ੂਮ ਨੇ ਸਿੱਖਾਂ ’ਤੇ ਹਮਲਾ ਕਰ ਦਿੱਤਾ ਤੇ ਦੁਬਾਰਾ ਫਿਰ ਪਾਣੀ ਦੀਆਂ ਵਾਛੜਾਂ ਦੇ ਨਾਲ-ਨਾਲ ਅੱਥਰੂ ਗੈਸ ਦੇ ਗੋਲੇ ਦਾਗੇ ਗਏ, ਲਾਠੀਚਾਰਜ ਹੋਇਆ, ਗੋਲੀਆਂ ਚਲਾਈਆਂ ਗਈਆਂ ਤੇ ਸੰਗਤਾਂ ਨੂੰ ਘੇਰ-ਘੇਰ ਕੇ, ਘਰਾਂ ਤੇ ਦੁਕਾਨਾਂ ’ਚੋਂ ਕੱਢ-ਕੱਢ ਕੇ ਛੱਲੀਆਂ ਵਾਂਗ ਕੁੱਟਿਆ। ਭਾਵੇਂ ਉਨ•ਾਂ ਨੂੰ ਉੱਚ ਅਧਿਕਾਰੀਆਂ ਦੀ ਹਦਾਇਤ ਸੀ ਕਿ ਲਾਠੀਚਾਰਜ ਦਾ ਡਰਾਵਾ ਦੇ ਕੇ ਭੀੜ ਨੂੰ ਖਦੇੜਨਾ ਹੈ ਪਰ ਪੁਲਿਸ ਮੁਲਾਜ਼ਮਾਂ ਨੇ ਉਕਤ ਹਦਾਇਤ ਦੀ ਪਾਲਣਾ ਕਰਨ ਦੀ ਬਜਾਇ ਕਾਨੂੰਨ ਨੂੰ ਹੱਥ ’ਚ ਲਿਆ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਕੀਤੀ।
ਇਸ ਗੋਲੀਕਾਂਡ ’ਚ ਸੈਂਕੜੇ ਸਿੱਖ ਅਤੇ ਦਰਜਨਾਂ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ, ਅਨੇਕਾਂ ਵਾਹਨ ਨੁਕਸਾਨੇ ਗਏ ਤੇ ਅਨੇਕਾਂ ਸਿੱਖਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ’ਚ ਲੈ ਕੇ ਜ਼ਿਲ•ੇ ਦੇ ਵੱਖ-ਵੱਖ ਥਾਣਿਆਂ ’ਚ ਬੰਦ ਕਰ ਦਿੱਤਾ। ਸ਼ੋਸ਼ਲ ਮੀਡੀਏ ਰਾਹੀਂ ਉਕਤ ਖ਼ਬਰ ਦੂਰ-ਦੂਰ ਤੱਕ ਫੈਲਣ ਤੋਂ ਬਾਅਦ ਪੰਜਾਬ ਭਰ ’ਚ ਇਸ ਦਾ ਰੋਸ ਫੈਲਣਾ ਸੁਭਾਵਿਕ ਸੀ। ਮਹਿਜ਼ ਦੋ ਕੁ ਘੰਟੇ ਬਾਅਦ ਬਹਿਬਲ ਕਲਾਂ ਨੇੜੇ ਪੁਲਿਸ ਦੀ ਗੋਲੀ ਨਾਲ ਦੋ ਨੌਜਵਾਨ ਮਾਰੇ ਗਏ ਤੇ ਅੱਧੀ ਦਰਜਨ ਤੋਂ ਵੀ ਜ਼ਿਆਦਾ ਜ਼ਖ਼ਮੀ ਹੋ ਗਏ। ਉਥੇ ਵੀ ਅਨੇਕਾਂ ਵਾਹਨਾਂ ਦਾ ਨੁਕਸਾਨ ਹੋਇਆ। ਪੁਲਿਸ ਪ੍ਰਸ਼ਾਸ਼ਨ ਅਨੁਸਾਰ ਵਾਹਨਾਂ ਦਾ ਨੁਕਸਾਨ ਸਿੱਖਾਂ ਦੀ ਭੀੜ ਨੇ ਕੀਤਾ, ਜਦਕਿ ਪੰਥਕ ਧਿਰਾਂ ਅਨੁਸਾਰ ਪੁਲਿਸ ਵੱਲੋਂ ਖੁਦ ਵਾਹਨਾਂ ਦਾ ਨੁਕਸਾਨ ਕਰਨ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਏ ਰਾਹੀਂ ਅਸਲੀਅਤ ਬਿਆਨ ਕਰਦੀਆਂ ਹਨ ਪਰ ਪੁਲਿਸ ਪ੍ਰਸ਼ਾਸ਼ਨ ਨੇ ਉਲਟਾ ਸ਼ਾਂਤਮਈ ਧਰਨਾ ਦੇ ਰਹੇ ਅਤੇ ਆਪਣਾ ਨੁਕਸਾਨ ਕਰਵਾ ਚੁੱਕੇ ਸਿੱਖਾਂ ਉੱਪਰ ਹੀ ਸੰਗੀਨ ਧਾਰਾਵਾਂ ਤਹਿਤ ਸਿਟੀ ਥਾਣਾ ਕੋਟਕਪੂਰਾ ਅਤੇ ਪੁਲਿਸ ਥਾਣਾ ਬਾਜਾਖਾਨਾ ਵਿਖੇ ਮਾਮਲੇ ਦਰਜ ਕਰ ਦਿੱਤੇ ਗਏ। ਉਕਤ ਘਟਨਾਵਾਂ ’ਚ ਦੋ ਨੌਜਵਾਨ ਤਾਂ ਸਦਾ ਦੀ ਨੀਂਦ ਸੌ ਗਏ ਅਰਥਾਤ ਇਕ ਪਰਿਵਾਰ ਦਾ ਲਾਡਲਾ ਤੇ ਦੂਜੇ ਪਰਿਵਾਰ ਦਾ ਪਾਲਣਹਾਰ ਸਦੀਵੀ ਵਿਛੋੜਾ ਦੇ ਗਏ। ਇਸ ਤੋਂ ਇਲਾਵਾ ਕਈ ਦਰਜਨ ਸਿੱਖ ਨੌਜਵਾਨ ਜਾਂ ਬਜ਼ੁਰਗ ਅਜੇ ਵੀ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ ਤੇ ਸੈਂਕੜੇ ਹੋਰ ਸਿੱਖਾਂ ਨੂੰ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਣ ਦੇ ਨਾਲ-ਨਾਲ ਪੁਲਿਸ ਹੱਥੋਂ ਜ਼ਲੀਲ ਵੀ ਹੋਣਾ ਪਿਆ। ਕਈ ਦਰਜਨ ਵਾਹਨਾਂ ਦੀ ਭੰਨ-ਤੋੜ ਹੋਈ ਤੇ ਭੰਨੇ ਗਏ ਵਾਹਨਾਂ ’ਚੋਂ ਸਟੀਰੀਓ ਸਮੇਤ ਹੋਰ ਕੀਮਤੀ ਸਮਾਨ ਵੀ ਗਾਇਬ ਪਾਇਆ ਗਿਆ। ਉਕਤ ਘਟਨਾਕ੍ਰਮ ਦਾ ਦੁਖਦਾਇਕ ਤੇ ਵਿਚਾਰਣਯੋਗ ਪਹਿਲੂ ਇਹ ਹੈ ਕਿ ਇਸ ਘੱਲੂਘਾਰੇ ’ਚ ਜ਼ਿਆਦਾ ਨੁਕਸਾਨ ਸਿੱਖਾਂ ਦਾ ਹੀ ਹੋਇਆ। ਭਾਵੇਂ ਸਿੱਖ ਸੰਗਤਾਂ ਕੋਲ ਗੁਰੂ ਗੰ੍ਰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਧਰਨਾ ਦੇਣ ਦਾ ਵਿਧਾਨਿਕ ਤੌਰ ’ਤੇ ਹੱਕ ਹੈ ਪਰ ਸ਼ਾਂਤਮਈ ਤੌਰ ’ਤੇ ਨਿਤਨੇਮ ਕਰਦੀਆਂ ਸੰਗਤਾਂ ’ਤੇ ਹੋਏ ਤਸ਼ੱਦਦ ਨੇ ਦੁਨੀਆਂ ਭਰ ’ਚ ਹਾ-ਹਾ-ਕਾਰ ਮਚਾ ਦਿੱਤੀ। ਗੋਲੀਕਾਂਡ ਅਤੇ ਤਸ਼ੱਦਦ ਦਾ ਸ਼ਿਕਾਰ ਹੋਏ ਘਰਾਂ ’ਚ ਅਜੇ ਵੀ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜ਼ਿਲ•ਾ ਫਰੀਦਕੋਟ ਦੇ ਸੈਂਕੜੇ ਸਰਕਾਰੀ ਤੇ ਗੈਰਸਰਕਾਰੀ ਸਕੂਲ/ਕਾਲਜ ਅਤੇ ਵਪਾਰਕ ਅਦਾਰੇ ਬੰਦ ਰਹਿਣ ਤੋਂ ਇਲਾਵਾ ਆਵਾਜਾਈ ਠੱਪ ਰਹਿਣ ਨਾਲ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਪਰ ਇਸ ਦੀ ਭਰਪਾਈ ਕੌਣ ਕਰੇਗਾ ਤੇ ਇਸ ਘੱਲੂਘਾਰੇ ’ਚ ਆਪਣਾ ਜਾਨੀ ਤੇ ਮਾਲੀ ਨੁਕਸਾਨ ਕਰਵਾ ਚੁੱਕੇ ਪਰਿਵਾਰਾਂ ਦੀ ਸਾਰ ਕੌਣ ਲਵੇਗਾ? ਮੀਡੀਏ ਦੇ ਇਕ ਹਿੱਸੇ ਨੇ ਦੋਨਾਂ ਐਫ.ਆਈ.ਆਰਾਂ ਦੀ ਪੜਚੋਲ ਕਰਦਿਆਂ ਸਪਸ਼ਟ ਕਰ ਦਿੱਤਾ ਕਿ ਐਫ.ਆਈ.ਆਰ. ’ਚ ਪੁਲਿਸ ਦੀ ਕਹਾਣੀ ਝੂਠੀ ਸਾਬਤ ਹੋਈ। ਇਹ ਵੀ ਸਪਸ਼ਟ ਹੋ ਗਿਆ ਕਿ ਕੋਟਕਪੂਰੇ ਵਿਖੇ ਗੋਲੀ ਚਲਾਉਣ ਲਈ ਜ਼ਿਲ•ਾ ਮੈਜਿਸਟ੍ਰੇਟ ਦੀ ਇਜ਼ਾਜ਼ਤ ਲੈਣ ਦੀ ਜਰੂਰਤ ਹੀ ਨਾ ਸਮਝੀ ਗਈ ਤੇ ਘਟਨਾਕ੍ਰਮ ਤੋਂ ਬਾਅਦ ’ਚ ਐਸ.ਡੀ.ਐਮ. ਨੂੰ ਮੌਕੇ ’ਤੇ ਬੁਲਾ ਕੇ ਤੇ ਕਿਸੇ ਫੁੱਟਪਾਥ ’ਤੇ ਬਿਠਾ ਕੇ ਲਿਖਤੀ ਮਨਜੂਰੀ ਦੀ ਭਰਪਾਈ ਕੀਤੀ ਗਈ, ਜਦਕਿ ਬਹਿਬਲ ਕਲਾਂ ਵਿਖੇ ਚਲਾਈ ਗੋਲੀ ਲਈ ਤਾਂ ਜ਼ਿਲ•ਾ ਮੈਜਿਸਟ੍ਰੇਟ ਦੀ ਇਜ਼ਾਜ਼ਤ ਨਾ ਲੈਣ ਬਾਰੇ ਪੁਲਿਸ ਅਧਿਕਾਰੀਆਂ ਨੇ ਮੰਨਿਆ ਤੇ ਦਲੀਲ ਇਹ ਦਿੱਤੀ ਕਿ ਉਨ•ਾਂ ਆਪਣੇ ਬਚਾਅ ਲਈ ਗੋਲੀ ਚਲਾਉਣੀ ਜਰੂਰੀ ਸਮਝੀ। ਪੁਲਿਸ ਦੀ ਇਹ ਦਲੀਲ ਵੀ ਹਾਸੋਹੀਣੀ ਜਾਪਦੀ ਹੈ ਕਿਉਂਕਿ ਪੁਲਿਸ ਆਪਣੇ ਬਚਾਅ ਲਈ ਗੋਲੀ ਤਾਂ ਚਲਾਉਂਦੀ ਜੇਕਰ ਅੱਗੋਂ ਵੀ ਫਾਇਰ ਕੀਤੇ ਜਾਂਦੇ ਪਰ ਮਰਨ ਅਤੇ ਜ਼ਖ਼ਮੀ ਹੋਣ ਵਾਲੇ ਸਿੱਖ ਨਿਹੱਥੇ ਸਨ। ਹੁਣ ਇਹ ਸਵਾਲ ਪੈਦਾ ਹੋ ਰਿਹਾ ਹੈ ਕਿ ਗੋਲੀ ਚਲਾਉਣ ਵਾਲਿਆਂ ਖਿਲਾਫ਼ ਕੋਈ ਐਕਸ਼ਨ ਕਿਉਂ ਨਹੀਂ ਹੋਇਆ? ਕੀ ਆਮ ਲੋਕਾਂ ਅਤੇ ਪੁਲਿਸ ਲਈ ਵੱਖੋ-ਵੱਖਰੇ ਕਾਨੂੰਨ ਹਨ? ਭਾਵੇਂ ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਇਸ ਘੱਲੂਘਾਰੇ ਦੌਰਾਨ ਸਿੱਖਾਂ ਉੱਪਰ ਹੋਏ ਸਾਰੇ ਪੁਲਿਸ ਕੇਸ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਅਤੇ ਹਿਰਾਸਤ ’ਚ ਲਏ ਸਿੱਖਾਂ ਨੂੰ ਬਿਨ•ਾਂ ਸ਼ਰਤ ਰਿਹਾਅ ਵੀ ਕਰ ਦਿੱਤਾ ਗਿਆ ਹੈ ਪਰ ਇਸ ਘੱਲੂਘਾਰੇ ਦੀ ਚੀਸ ਅਜੇ ਵੀ ਲੰਮਾ ਸਮਾਂ ਜ਼ਖ਼ਮਾਂ ’ਤੇ ਖਰੀਡ ਆਉਣ ਤੱਕ ਰੜਕਦੀ ਰਹੇਗੀ?
ਵਿਦੇਸ਼ਾਂ ’ਚ ਅਕਾਲੀ ਲੀਡਰਾਂ ਅਤੇ ਇਨ•ਾਂ ਦੇ ਹਮਾਇਤੀ ਕੱਚੀ ਬਾਣੀ ਪੜ•ਨ ਵਾਲੇ ਅਖੌਤੀ ਸੰਤਾਂ ਦਾ ਕਈ ਥਾਂ ਵਿਰੋਧ ਹੋਇਆ, ਅਕਾਲੀ ਆਗੂਆਂ ਨੂੰ ਤਾਂ ਜਾਗਰੂਕ ਸਿੱਖਾਂ ਦੀਆਂ ਤੱਤੀਆਂ-ਤੱਤੀਆਂ, ਕੌੜੀਆਂ-ਕੁਸੈਲੀਆਂ ਵੀ ਸੁਨਣੀਆਂ ਪਈਆਂ ਤੇ ਉਕਤ ਵਿਰੋਧ ਪੰਜਾਬ ਤੱਕ ਵੀ ਪਹੁੰਚ ਗਿਆ, ਜਦੋਂ ਅਕਾਲੀ ਮੰਤਰੀਆਂ, ਵਿਧਾਇਕਾਂ ਤੇ ਸੀਨੀਅਰ ਆਗੂਆਂ ਨੇ ਮੁੱਖ ਮਹਿਮਾਨ ਜਾਂ ਵਿਸ਼ੇਸ਼ ਮਹਿਮਾਨ ਹੋਣ ਦੇ ਬਾਵਜੂਦ ਵੀ ਕਈ ਸਮਾਗਮਾਂ ’ਚ ਜਾਣ ਦੀ ਜੁਰਅੱਤ ਨਾ ਕੀਤੀ ਤੇ ਜਿਥੇ ਉਹ ਭੁਲੇਖੇ ਨਾਲ ਪਹੁੰਚ ਵੀ ਗਏ, ਉਥੇ ਵੀ ਉਨ•ਾਂ ਦਾ ਜਬਰਦਸਤ ਵਿਰੋਧ ਹੋਇਆ। ਅਜਿਹਾ ਵਿਰੋਧ ਤਖਤਾਂ ਦੇ ਜੱਥੇਦਾਰਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਦਾ ਵੀ ਹੋਇਆ ਪਰ ਉਪਰੋਕਤ ਸਭ ਕਾਸੇ ਦੇ ਬਾਵਜੂਦ ਵੀ ਅਕਾਲੀ ਦਲ ਨੇ ਸਬਕ ਲੈਣ ਦੀ ਕੋਸ਼ਿਸ਼ ਨਾ ਕੀਤੀ। ਮਿਤੀ 12 ਅਕਤੂਬਰ ਨੂੰ ਜਦੋਂ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਤਾਂ ਗਰਮ-ਖਿਆਲੀ ਨੌਜਵਾਨਾਂ ਨੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਨੂੰ ਉਥੋਂ ਧੱਕੇ ਮਾਰ ਕੇ ਕੱਢ ਦਿੱਤਾ ਤੇ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਬਰਗਾੜੀ ’ਚ ਮੌਜੂਦ ਹੋਣ ਦੇ ਬਾਵਜੂਦ ਵੀ ਉਨ•ਾਂ ਗੁਰਦਵਾਰੇ ’ਚ ਜਾਣ ਦੀ ਜੁਰਅੱਤ ਨਾ ਕੀਤੀ। ਹੁਣ ਜਿੰਨ•ੇ ਰੋਸ ਧਰਨੇ ਹੋ ਰਹੇ ਹਨ ਜਾਂ ਵੱਖ-ਵੱਖ ਸਿਆਸੀ ਜਾਂ ਗੈਰਸਿਆਸੀ ਪਾਰਟੀਆਂ ਤੇ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਰੋਸ ਧਰਨਿਆਂ ’ਚ ਸ਼ਾਮਲ ਹੋਣ ਦੇ ਨਾਲ-ਨਾਲ ਸ਼ਹੀਦ ਹੋਏ ਨੌਜਵਾਨਾਂ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨਾ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਜਾਨਣ ਦਾ ਸਿਲਸਿਲਾ ਜਾਰੀ ਹੈ ਪਰ ਸੱਤਾਧਾਰੀ ਧਿਰ, ਸ਼੍ਰੋਮਣੀ ਕਮੇਟੀ, ਤਖਤਾਂ ਦੇ ਜੱਥੇਦਾਰ ਜਾਂ ਇਨ•ਾਂ ਦੇ ਸਾਥੀ ਅੰਦਰੋਂ ਕੁੰਡੇ ਮਾਰ ਕੇ ਲੁਕੇ ਬੈਠੇ ਹਨ। ਚਾਹੀਦਾ ਤਾਂ ਇਹ ਸੀ ਕਿ ਬਾਦਲ ਦਲ ਆਮ ਸੰਗਤਾਂ ਦੀ ਮਾਨਸਿਕਤਾ ਅਨੁਸਾਰ ਫੈਸਲੇ ਲੈਂਦਾ ਪਰ ਉਸ ਨੇ ਸਿੱਖ ਮਾਨਸਿਕਤਾ ਦੀ ਪ੍ਰਵਾਹ ਨਾ ਕਰਦਿਆਂ ਜੋ ਗਲਤੀਆਂ ਜਾਂ ਅਣਗਹਿਲੀਆਂ ਕੀਤੀਆਂ, ਉਸ ਦਾ ਖਮਿਆਜਾ ਉਸਨੂੰ ਅਗਾਮੀ ਸਮੇਂ ’ਚ ਜਰੂਰ ਭੁਗਤਣਾ ਪਵੇਗਾ।
ਜ਼ਿਕਰਯੋਗ ਹੈ ਕਿ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ’ਚੋਂ ਪਵਿੱਤਰ ਗੁਰੂ ਗੰ੍ਰਥ ਸਾਹਿਬ ਜੀ ਦਾ ਸਰੂਪ ਸ਼ਰਾਰਤੀ ਅਨਸਰਾਂ ਨੇ ਚੋਰੀ ਕਰ ਲਿਆ ਤੇ ਉਸ ਸਬੰਧ ’ਚ ਵੀ ਬਾਜਾਖਾਨਾ ਥਾਣੇ ’ਚ ਮਾਮਲਾ ਦਰਜ ਹੋਇਆ। ਉਸ ਤੋਂ ਬਾਅਦ 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਉਸੇ ਗੁਰਦਵਾਰੇ ਦੀਆਂ ਕੰਧਾਂ ’ਤੇ ਸ਼ਰਾਰਤੀ ਅਨਸਰਾਂ ਨੇ ਧਮਕੀ ਭਰੇ ਅਤੇ ਅਪਮਾਨਜਨਕ ਸ਼ਬਦਾਵਲੀ ਵਾਲੇ ਪਰਚੇ ਲਾ ਦਿੱਤੇ ਤਾਂ ਉਦੋਂ ਵੀ ਬਾਜਾਖਾਨਾ ਥਾਣੇ ’ਚ ਮਾਮਲਾ ਦਰਜ ਕਰਕੇ ਖਾਨਾਪੂਰਤੀ ਕੀਤੀ ਗਈ, 12 ਅਕਤੂਬਰ ਨੂੰ ਪਿੰਡ ਬਰਗਾੜੀ ਸਥਿਤ ਇਤਿਹਾਸਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਦੇ ਬਾਹਰ ਗੁਰੂ ਗੰ੍ਰਥ ਸਾਹਿਬ ਦੇ ਪੰਨੇ ਪਾੜ ਕੇ ਕਿਸੇ ਨੇ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੀਜਾ ਪਰਚਾ ਫ਼ਿਰ ਬਾਜਾਖਾਨੇ ਦੀ ਪੁਲਿਸ ਨੇ ਦਰਜ ਕੀਤਾ ਪਰ ਤਿੰਨੋਂ ਮਾਮਲੇ ਅਣਪਛਾਤੇ ਵਿਅਕਤੀਆਂ ਖਿਲਾਫ਼ ਦਰਜ ਹੋਣ ਦੇ ਬਾਵਜੂਦ ਅੱਜ ਤੱਕ ਪੁਲਿਸ ਨੂੰ ਇਸ ਮਾਮਲੇ ’ਚ ਕੋਈ ਸਫ਼ਲਤਾ ਹਾਸਲ ਨਹੀਂ ਹੋਈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ 1 ਜੂਨ 2015 ਨੂੰ ਗੰਭੀਰਤਾ ਦਿਖਾਉਂਦਾ, ਮਿਤੀ 25 ਸਤੰਬਰ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਰਾਰਤੀ ਅਨਸਰਾਂ ਦੀ ਸੂਚਨਾ ਦੇਣ ਵਾਲਿਆਂ ਨੂੰ ਇਕ ਕਰੋੜ ਰੁਪਏ ਦੇ ਇਨਾਮ ਦਾ ਐਲਾਨ ਹੁੰਦਾ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਂਦਾ ਤਾਂ ਸ਼ਾਇਦ ਉਪਰੋਕਤ ਦੁਖਦਾਇਕ ਘਟਨਾਵਾਂ ਨਾ ਵਾਪਰਦੀਆਂ ਪਰ ਹੁਣ ਹੋਏ ਨੁਕਸਾਨ ਦੀ ਭਰਪਾਈ ਕੌਣ ਕਰੇਗਾ?
ਪੱਤਰਕਾਰ, ਕੋਟਕਪੂਰਾ।
ਫੋਨ ਤੇ ਫੈਕਸ : 01635-222953, 500036
kkpspokesman@gmail.com

Posted in: ਸਾਹਿਤ