“ਸਿੱਖ” ਮੇਰੀ ਦਾਦੀ ਦੇ ਭਰਾ

By October 23, 2015 0 Comments


ਲਹਿੰਦੇ ਪੰਜਾਬ ਤੋਂ ਮੇਰੇ ਦੋ ਪੱਕੇ ਆੜੀ ਨੇ | ਇਕ ਦਾ ਨਾਮ ਇਮਤਿਆਜ਼ ਅਲੀ ਹੈ ਤੇ ਇਕ ਦਾ ਆਮਿਰ ਫਾਰੂਕ |ਤਕਰੀਬਨ ਦੋ ਸਾਲ ਤੋਂ ਅਸੀਂ ਇਕੱਠੇ ਹੀ ਰਹਿ ਰਹੇ ਹਾਂ | ਮਾਂ ਦੇ ਪੁੱਤ ਕਈ ਵਾਰ ਹਰਕਤਾਂ ਏਦਾਂ ਦੀਆਂ ਕਰਦੇ ਨੇ ਕਿ ਮੈਂਥੋਂ ਨਾ ਚਾਹੁੰਦੇ ਹੋਏ ਵੀ ਲਹਿੰਦੇ ਪੰਜਾਬੀਆਂ ਤੇ ਤਵਾ ਲੱਗ ਜਾਂਦਾ | ਪਰ ਦੋਨੋ ਹੈ ਯਾਰਾਂ ਦੇ ਯਾਰ ਨੇ |

ਇਕ ਦਿਨ ਮੈਨੂੰ ਅਲੀ ਕਹਿੰਦਾ ਕਿ ਯਾਰ ਤੂੰ ਸਿੱਖ ਐਂ..? ਮੈਂ ਕਿਹਾ ਵਾਹ ਮਾਂ ਦਿਆ ਪੁੱਤਾ ਦੋ ਸਾਲ ਇਕੱਠਿਆਂ ਰਹਿੰਦਿਆ ਹੋ ਗਏ, ਤੈਨੂੰ ਅਜੇ ਤੱਕ ਪਤਾ ਹੀ ਨੀ ਲੱਗਾ | ਕਹਿੰਦਾ ਨਹੀ ਯਾਰ ਮੈਨੂੰ ਤਾਂ ਪਤਾ ਹੈ ਪਰ ਮੇਰਾ ਭਰਾ ਪੁੱਛਦਾ ਸੀ ਪਾਕਿਸਤਾਨ ਤੋਂ ਕਿ ਤੇਰੇ ਨਾਲ ਜੇ ਕੋਈ ਸਿੱਖ ਮੁੰਡਾ ਹੈ ਤਾਂ ਮੇਰੀ ਗੱਲ ਜਰੂਰ ਕਰਵਾਈਂ ਪਰ ਹੋਵੇ ਸਿੱਖ ਹੀ , ਕੋਈ ਹੋਰ ਨਹੀ | ਇਸ ਲਈ ਕਨਫਰਮ ਕੀਤਾ ਯਾਰ | ਮੈਂ ਕਿਹਾ ਯਾਰ ਹੈ ਤਾਂ ਮੈਂ ਸਿੱਖ ਖਾਨਦਾਨ ਚੋ ਹੀ ਪਰ ਸਿੱਖੀ ਤੋਂ ਹਾਲੇ ਕੋਹਾਂ ਦੂਰ ਹਾਂ, ਚੱਲ ਕੋਈ ਨਾ ਵੈਸੇ ਤੇਰੇ ਭਰਾ ਨੂੰ ਕੀ ਕੰਮ ਪੈ ਗਿਆ , ਉਹਨੇ ਕੀ ਗੱਲ ਕਰਨੀ ਆ ਮੇਰੇ ਨਾਲ ਜੋ ਤੂੰ ਨੀ ਦੋ ਸਾਲਾਂ ਚ ਕੀਤੀ ਅੱਜ ਤੱਕ | ਕਹਿੰਦਾ ਪਤਾ ਨੀ ਯਾਰ ਪਰ ਤੂੰ ਗੱਲ ਕਰ ਅੱਜ ਉਹਦੇ ਨਾਲ ਬਹੁਤ ਦਿਨਾਂ ਤੋਂ ਕਹਿ ਰਿਹਾ ਮੈਨੂੰ | ਮੈਂ ਕਿਹਾ ਚੱਲ ਠੀਕ ਹੈ ਕਰਵਾ ਗੱਲ | ਜਦ ਅਲੀ ਨੇ ਆਪਣੇ ਭਰਾ ਨਾਲ ਫੂਨ ਤੇ ਗੱਲ ਕਰਵਾਈ ਤਾਂ ਉਹਨੇ ਵੀ ਮਾਂ ਦੇ ਪੁੱਤ ਨੇ ਪੈਂਦੀ ਸੱਟੇ ਇਹੋ ਗੱਲ ਪੁੱਛੀ ਕਿ ਯਾਰ ਤੂੰ ਸਿੱਖ ਐਂ..? ਮੈਂ ਫਿਰ ਉਹੀ ਗੱਲ ਦੁਹਰਾਈ ਕਿ ਵੀਰ ਮੈਂ ਹੈਂ ਤਾਂ ਸਿੱਖ ਖਾਨਦਾਨ ਚੋਂ ਹੀ ਪਰ ਸਿੱਖੀ ਦੇ ਅਜੇ ਨੇੜੇ ਤੇੜੇ ਵੀ ਨਹੀ ਹਾਂ | ਕਹਿੰਦਾ ਚਲੋ ਵੀਰ ਫਿਰ ਕੀ ਹੋਇਆ, ਹੈ ਤਾਂ ਸਿੱਖ ਹੀ ਨਾ | ਮੈਂ ਇਮਤਿਆਜ ਅਲੀ ਦਾ ਵੱਡਾ ਭਰਾ ਹਾਂ | ਮੇਰਾ ਨਾਮ ਰਾਸ਼ਿਦ ਅਲੀ ਹੈ | ਰੂਹ ਖੁਸ਼ ਹੋ ਗਈ ਤੁਹਾਡੇ ਨਾਲ ਗੱਲ ਕਰਕੇ | ਮੈਂ ਕਿਹਾ ਯਾਰ ਮੈਂ ਤਾਂ ਕੋਈ ਰੂਹ ਖੁਸ਼ ਹੋਣ ਵਾਲੀ ਗੱਲ ਹੀ ਨੀ ਕੀਤੀ ਫਿਰ ਕਿਵੇਂ ਰੂਹ ਖੁਸ਼ ਹੋ ਗਈ ..? ਕਹਿੰਦਾ ਯਾਰ ਬਸ ਇਸ ਗੱਲੋਂ ਹੀ ਕਿ ਤੂੰ ਸਿੱਖ ਐਂ ਤੇ ਮੈਂ ਇਕ ਸਿੱਖ ਨਾਲ ਗੱਲ ਕਰ ਰਿਹਾ ਹਾਂ , ਖਾਸ ਕਰਕੇ ਆਪਣੀ ਦਾਦੀ ਮਾਂ ਦੇ ਵੀਰ ਨਾਲ | ਮੈਂ ਕਿਹਾ ਵੀਰ ਮੈਂ ਸਮਝਿਆ ਨੀ.| ਕਹਿੰਦਾ ਸਮਝ ਜਾਵੇਂਗਾ ਵੀਰ ਤੇਰੇ ਨਾਲ ਇਕ ਗੱਲ ਕਰਨੀ ਆ ਅੱਜ ਸ਼ਾਇਦ ਇਮਤਿਆਜ ਨੇ ਤੇਰੇ ਨਾਲ ਨਾ ਕੀਤੀ ਹੋਵੇ ਕਿਉਂਕਿ ਇਹ ਸੁਰਤ ਸੰਭਾਲਣ ਸਾਰ ਹੀ ਘਰ ਤੋਂ ਰੋਟੀ ਦੀ ਖਾਤਿਰ ਦੂਰ ਹੋ ਗਿਆ ਸੀ ਇਸ ਲਈ ਇਹਨੂੰ ਕੁਝ ਖਾਸ ਨਹੀ ਪਤਾ |

ਇਸ ਤੋਂ ਬਾਅਦ ਰਾਸ਼ਿਦ ਨੇ ਜੋ ਗੱਲ ਕੀਤੀ ਉਹ ਹੂ ਬ ਹੂ ਉਵੇਂ ਹੀ ਲਿਖ ਰਿਹਾ ਹਾਂ | ਰਾਸ਼ਿਦ ਦੱਸਦਾ ਹੈ ਕਿ ਵੀਰ ਮੇਰੇ ਦਾਦਾ ਦਾਦੀ ਜੀ ਦਾ ਪਿੰਡ ਪੱਟੀ ਸੀ ਅੰਮਿ੍ਤਸਰ ਦੇ ਲਾਗੇ | ਮੇਰੀ ਦਾਦੀ ਤੁਹਾਨੂੰ ਸਿੱਖਾਂ ਨੂੰ ਯਾਦ ਕਰਕੇ ਬਹੁਤ ਰੋਂਦੀ ਹੁੰਦੀ ਸੀ | ਦੱਸਦੀ ਹੁੰਦੀ ਸੀ ਸਾਨੂੰ ਕਿ ਮੇਰੇ ਪਿੰਡ ਪੱਟੀ ਚ ਮੇਰੇ ਸਿੱਖ ਵੀਰ ਹੁੰਦੇ ਸਨ | ਉਸ ਵੇਲੇ ਪੱਟੀ ਪਿੰਡ ਚ ਸਰਦਾਰ ਲਾਲ ਸਿੰਘ ਹੋਰਾਂ ਦੀ ਬਹੁਤ ਚੜਾਈ ਸੀ ਤੇ ਸਾਡਾ ਘਰ ਸਰਦਾਰ ਲਾਲ ਸਿੰਘ ਜੀ ਹੋਰਾਂ ਦੇ ਘਰ ਨਾਲ ਹੋਣ ਕਰਕੇ ਤੇ ਉਹਨਾਂ ਨਾਲ ਮੋਹ ਪਿਆਰ ਜਿਆਦਾ ਹੋਣ ਕਰਕੇ ਅਸੀਂ ਵੀ ਸਰਦਾਰ ਲਾਲ ਸਿਉਂ ਕੇ ਹੀ ਵੱਜਦੇ ਸਾਂ | ਪਿੰਡ ਵਿਚ ਜਿਆਦਾ ਘਰ ਸਿੱਖਾਂ ਦੇ ਸਨ | ਪਰ ਸਾਡੀ ਹਰ ਇਕ ਘਰ ਨਾਲ ਪਰਿਵਾਰਾਂ ਵਰਗੀ ਸਾਂਝ ਸੀ | ਕਦੇ ਧਰਮ ਵਾਲਾ ਪਾੜਾ ਮਹਿਸੂਸ ਨਹੀ ਸੀ ਹੋਇਆ |

ਪਿੰਡ ਚ ਜੇ ਕਦੇ ਕੋਈ ਸਿੱਖ ਵੀਰ ਮਿਲਣਾ ਵੀ ਤਾਂ ਉਸਨੇ ਭੈਣ ਕਹਿ ਕੇ ਸਤਿਕਾਰ ਦੇਣਾ | ਕਈ ਵਾਰ ਤਾਂ ਮੈਂ ਆਪਣੇ ਨੇੜਲੇ ਘਰਾਂ ਚ ਵਸਦੇ ਸਿੱਖ ਵੀਰਾਂ ਨੂੰ ਮਜ਼ਾਕ ਕਰਕੇ ਆਖਣਾ ” ਵੇ ਵੀਰੋ ਅਸੀਂ ਤਾਂ ਮੁਸਲਮਾਨ ਹਾਂ, ਸਾਨੂੰ ਐਨਾ ਸਤਿਕਾਰ ਨਾ ਦਿਆ ਕਰੋ “| ਤਾਂ ਉਹਨਾਂ ਮੇਰੇ ਵੀਰਾਂ ਨੇ ਹੱਸ ਕੇ ਕਹਿਣਾ ਕਿ “ਫਿਰ ਕੀ ਹੋ ਗਿਆ ਭੈਣੇ ਜੇ ਤੁਸੀਂ ਮੁਸਲਮਾਨ ਹੋ ਤਾਂ ਪਰ ਤੁਹਾਨੂੰ ਆਪਣੇ ਹੁੰਦਿਆਂ ਕਦੇ ਤੱਤੀ ਵਾਅ ਨੀ ਲੱਗਣ ਦਿੰਦੇ | ਕਦੇ ਕਿਸੇ ਗੱਲ ਦੀ ਕੋਈ ਫਿਕਰ ਨਹੀ ਸੀ | ਪਰ ਇਕ ਦਿਨ ਸਭ ਕੁਝ ਉੱਜੜ ਗਿਆ |

ਇੰਡੀਆ, ਪਾਕਿਸਤਾਨ ਬਣਨ ਦਾ ਐਲਾਨ ਹੋ ਗਿਆ | ਸਰਕਾਰ ਦਾ ਹੁਕਮ ਸੀ ਕਿ ਮੁਸਲਮਾਨ ਪਾਕਿਸਤਾਨ ਚਲੇ ਜਾਣ ਤੇ ਪਾਕਿਸਤਾਨ ਦੇ ਇਲਾਕੇ ਵਿਚਲੇ ਹਿੰਦੂ ਤੇ ਸਿੱਖ ਇੰਡੀਆ ਵੱਲ ਆ ਜਾਣ | ਸਾਰੇ ਪਾਸੇ ਹਾਹਾਕਾਰ ਮਚ ਗਈ | ਅਸੀਂ ਵੀ ਛੇਤੀ ਛੇਤੀ ਤਿਆਰੀ ਕੀਤੀ ਪਿੰਡ ਛੱਡ ਕੇ ਪਾਕਿਸਤਾਨ ਜਾਣ ਦੀ | ਜਦ ਸਾਡੇ ਜਾਣ ਬਾਰੇ ਪਿੰਡ ਨੂੰ ਪਤਾ ਲੱਗਾ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਸਾਡੇ ਘਰ ਆ ਗਿਆ | ਸਿੱਖ ਵੀਰ ਅੱਗੇ ਆਏ, ਜਿਦ ਕਰਨ ਲੱਗੇ ਕਿ ਅਸੀਂ ਤੁਹਾਨੂੰ ਕਿਤੇ ਨੀ ਜਾਣ ਦੇਣਾ , ਏਥੇ ਰਹੋ ਤੁਹਾਨੂੰ ਕੁਝ ਨੀ ਹੋਣ ਦਿੰਦੇ | ਪਰ ਪੂਰਾ ਪਰਿਵਾਰ ਪਾਕਿਸਤਾਨ ਜਾਣ ਨੂੰ ਕਾਹਲਾ ਸੀ |ਮੇਰਾ ਪਾਕਿਸਤਾਨ ਜਾਣ ਦਾ ਜਰਾ ਵੀ ਮਨ ਨਹੀ ਸੀ ਪਰ ਬਾਕੀ ਪੂਰਾ ਪਰਿਵਾਰ ਆਪਣੀ ਜਿਦ ਤੇ ਅੜਿਆ ਹੋਇਆ ਸੀ ਕਿ ਪਾਕਿਸਤਾਨ ਜਾਣਾ ਹੀ ਜਾਣਾ | ਖੁਦਾ ਨਾ ਕਰੇ ਬਾਅਦ ਚ ਕੋਈ ਅਣਹੋਣੀ ਵਾਪਰ ਜਾਵੇ | ਮੇਰੇ ਪਰਿਵਾਰ ਦੀ ਜਿਦ ਅੱਗੇ ਪੂਰੇ ਪਿੰਡ ਨੂੰ ਝੁਕਣਾ ਪਿਆ | ਰੋਂਦੇ ਕੁਰਲਾਉਂਦਿਆਂ ਪਿੰਡ ਤੋਂ ਵਿਦਾ ਹੋਏ | ਪੂਰਾ ਪਿੰਡ ਵੀ ਰੋ ਰਿਹਾ ਸੀ | ਜਦ ਪਿੰਡ ਤੋਂ ਤੁਰਨ ਲੱਗੇ ਤਾਂ ਕੁਝ ਸਿੱਖ ਵੀਰਾਂ ਨੇ ਆਪਣੇ ਘੋੜੇ ਸਾਡੇ ਕਾਫਲੇ ਦੇ ਅੱਗੇ ਪਿੱਛੇ ਲਾ ਲਏ | ਕਹਿੰਦੇ ਤੁਹਾਨੂੰ ਬਾਡਰ ਤੱਕ ਪੂਰੀ ਹਿਫਾਜਤ ਨਾਲ ਛੱਡ ਕੇ ਆਉਣਾ ਸਾਡਾ ਫਰਜ ਆ | ਚਾਰੇ ਪਾਸੇ ਕਤਲੋਗਾਰਤ ਹੋ ਰਹੀ ਸੀ | ਹਮੇਸ਼ਾ ਲਈ ਪਿੰਡ ਛੱਡਣ ਕਰਕੇ ਮਨ ਦੁਖੀ ਸੀ ਰਸਤੇ ਦਾ ਤਾਂ ਸਿੱਖ ਵੀਰ ਨਾਲ ਹੋਣ ਕਰਕੇ ਕੋਈ ਡਰ ਨਹੀ ਸੀ |

ਅਚਾਨਕ ਰਸਤੇ ਚ ਜਾਂਦੇ ਸਮੇਂ ਇਕ ਬਦਮਾਸ਼ਾਂ ਦੇ ਟੋਲੇ ਨੇ ਸਾਡੇ ਕਾਫਿਲੇ ਤੇ ਹਮਲਾ ਕਰ ਦਿੱਤਾ | ਸਿੱਖ ਵੀਰ ਆਪਣੇ ਹਥਿਆਰਾਂ ਨਾਲ ਉਸ ਟੋਲੇ ਦਾ ਮੁਕਾਬਲਾ ਕਰਨ ਲੱਗੇ | ਸਾਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਇਸਤੋਂ ਪਹਿਲਾਂ ਕਿ ਅਸੀ ਕੁਝ ਸੋਚਦੇ, ਉਸ ਬਦਮਾਸ਼ਾ ਦੇ ਟੋਲੇ ਚੋਂ ਇਕ ਜਾਣਾ ਮੇਰੇ ਤੇ ਤਲਵਾਰ ਦਾ ਵਾਰ ਕਰਨ ਲੱਗਾ ਤਾਂ ਫੁਰਤੀ ਨਾਲ ਇਕ ਸਿੱਖ ਵੀਰ ਨੇ ਆਪਣੀ ਬਾਂਹ ਅੱਗੇ ਕਰ ਦਿੱਤੀ | ਉਸਦੀ ਬਾਂਹ ਪਲ ਚ ਹੀ ਸਰੀਰ ਤੋਂ ਵੱਖ ਹੋ ਗਈ | ਇਹ ਦਿ੍ਸ਼ ਵੇਖ ਕੇ ਮੇਰੀ ਤਾਂ ਸੁਧ ਬੁਧ ਗੁਆਚ ਗਈ | ਕਾਫੀ ਸਮੇਂ ਬਾਅਦ ਜਦ ਹੋਸ਼ ਆਈ ਤਾਂ ਅਸੀਂ ਬਾਡਰ ਤੇ ਪਹੁੰਚ ਚੁੱਕੇ ਸਾਂ | ਮੇਰਾ ਪਰਿਵਾਰ ਸਹੀ ਸਲਾਮਤ ਸੀ | ਪਤਾ ਲੱਗਾ ਕਿ ਮੇਰੇ ਪਿੰਡ ਦੇ ਸਿੱਖ ਵੀਰਾਂ ਨੇ ਉਸ ਬਦਮਾਸ਼ਾਂ ਦੇ ਟੋਲੇ ਨੂੰ ਮੁਕਾਬਲਾ ਕਰਕੇ ਭਜਾ ਦਿੱਤਾ ਸੀ |

ਮੇਰੇ ਜਿਸ ਵੀਰ ਦੀ ਮੈਨੂੰ ਬਚਾਉਂਦੇ ਸਮੇਂ ਬਾਂਹ ਵੱਡੀ ਗਈ ਸੀ ਉਹ ਵੀ ਨਾਲ ਹੀ ਖੜਾ ਸੀ | ਬਾਂਹ ਤੇ ਕੱਪੜਾ ਵਲੇਟਿਆ ਹੋਇਆ ਸੀ ਤੇ ਖੂਨ ਥੋੜਾ ਥੋੜਾ ਅਜੇ ਵੀ ਵਗ ਰਿਹਾ ਸੀ | ਮੈਂ ਆਪਣੀਆਂ ਮਨ ਦੀਆਂ ਭਾਵਨਾਵਾਂ ਤੇ ਕਾਬੂ ਨਾ ਰੱਖ ਸਕੀ ਤੇ ਭੱਜ ਕੇ ਆਪਣੇ ਉਸ ਸਿੱਖ ਵੀਰ ਦੇ ਗਲ ਨੂੰ ਚੁੰਬੜ ਕੇ ਉੱਚੀ ਉੱਚੀ ਰੋਣ ਲੱਗ ਪਈ | ਅਲਵਿਦਾ ਕਹਿਣ ਦਾ ਸਮਾਂ ਸੀ, ਨਾਲ ਆਏ ਸਾਰੇ ਸਿੱਖ ਵੀਰ ਤੇ ਮੇਰਾ ਪੂਰਾ ਪਰਿਵਾਰ ਰੋ ਰਿਹਾ ਸੀ | ਇੰਝ ਰੋਂਦੇ ਕੁਰਲਾਉਂਦੇ ਹੋਏ ਅਸੀਂ ਹਮੇਸ਼ਾਂ ਲਈ ਹਿੰਦੋਸਤਾਨ ਦੀ ਧਰਤੀ ਤੋਂ ਵਿਦਾ ਹੋ ਗਏ |

ਰਾਸ਼ਿਦ ਆਪਣੀ ਦਾਦੀ ਮਾਂ ਦੀ ਗੱਲ ਦੱਸਦਾ ਹੋਇਆ ਮਨ ਭਰ ਆਇਆ | ਕਹਿੰਦਾ ਵੀਰੇ ਮੇਰੇ ਦਾਦਾ ਦਾਦੀ ਜੀ ਬਟਵਾਰੇ ਵੇਲੇ ਹਿੰਦੋਸਤਾਨ ਤੋਂ ਪਾਕਿਸਤਾਨ ਆ ਕੇ ਲਾਹੌਰ ਦੇ ਨੇੜੇ ਸਾਹੀਵਾਲ ਚ ਵਸ ਗਏ | ਜਿਉਂ ਮੈਂ ਸੁਰਤ ਸੰਭਾਲੀ, ਉਹ ਕਿਹੜਾ ਦਿਨ ਨਹੀ ਸੀ ਜਿਸ ਦਿਨ ਮੈਂ ਆਪਣੀ ਦਾਦੀ ਅੰਮਾ ਨੂੰ ਤੁਹਾਨੂੰ ਸਿੱਖਾਂ ਨੂੰ ਯਾਦ ਕਰਕੇ ਨਾ ਰੋਂਦੇ ਵੇਖਿਆ ਹੋਵੇ | ਉਹ ਹਰ ਰੋਜ਼ ਕਹਿੰਦੇ ਸਨ ਕਿ ਮੇਰੇ ਸਿੱਖ ਵੀਰ ਹੁੰਦੇ ਸੀ | ਏਨਾ ਆਖ ਕੇ ਉਹ ਰੋਣ ਲੱਗ ਪੈਂਦੇ ਸਨ | ਅਸੀਂ ਸ਼ੇਖੂਪੁਰੇ ਜਾਂਦੇ ਹੁੰਦੇ ਸਾਂ ਜੇ ਕਿਤੇ ਉੱਥੇ ਕਿਸੇ ਸਿੱਖ ਵੀਰ ਨੇ ਮਿਲ ਪੈਣਾ ਤਾਂ ਉਹਨੂੰ ਘਰ ਚੱਲਣ ਲਈ ਜਰੂਰ ਬੇਨਤੀ ਕਰਦੇ ਸਾਂ | ਕੁਝ ਕੁ ਤਾਂ ਪਤਾ ਨੀ ਕਿਉਂ ਡਰ ਜਾਂਦੇ ਸਨ ਪਰ ਕੁਝ ਨਾਲ ਘਰ ਆ ਵੀ ਜਾਂਦੇ ਸਨ | ਜਦ ਸਿੱਖ ਵੀਰਾਂ ਨੇ ਘਰ ਆਉਣਾ ਤਾਂ ਦਾਦੀ ਅੰਮਾ ਤੋਂ ਚਾਅ ਨਾ ਚੱਕਿਆ ਜਾਣਾ | ਉਹਨੇ ਘਰ ਘਰ ਦੱਸਦੀ ਫਿਰਨਾ ਕਿ ਮੇਰੇ ਸਿੱਖ ਵੀਰ ਆਏ ਨੇ | ਘਰ ਆਉਣ ਵਾਲੇ ਸਿੱਖਾਂ ਚ ਕੋਈ ਵੱਡਾ ਹੋਵੇ ਜਾਂ ਛੋਟਾ ਬਸ ਦਾਦੀ ਹਰ ਇਕ ਨੂੰ ਵੀਰ ਕਹਿ ਕੇ ਹੀ ਬੁਲਾਉਂਦੀ ਸੀ |

ਅੱਜ ਦਾਦੀ ਅੰਮਾਂ ਨੂੰ ਗੁਜਰਿਆਂ ਪੰਜ ਸਾਲ ਹੋ ਗਏ ਨੇ | ਪਰ ਮੈਂ ਅੱਜ ਵੀ ਜੇ ਕਿਤੇ ਹਿੰਦੋਸਤਾਨ ਤੋਂ ਨਨਕਾਣਾ ਸਾਹਿਬ ਲਈ ਸ਼ੇਖੂਪੁਰੇ ਆਏ ਸਿੱਖਾਂ ਨੂੰ ਵੇਖਦਾ ਹਾਂ ਤਾਂ ਦਾਦੀ ਮਾਂ ਦੀ ਯਾਦ ਆ ਜਾਂਦੀ ਹੈ ਤੇ ਆਪਣੇ ਆਪ ਤੇ ਮਾਣ ਜਾ ਹੋਣ ਲੱਗ ਪੈਂਦਾ ਹੈ ਕਿ ਮੇਰੀ ਦਾਦੀ ਮਾਂ ਦੇ ਵੀਰ ਆਏ ਨੇ | ਮੈਨੂੰ ਤਾਂ ਹਰ ਇਕ ਸਿੱਖ ਆਪਣੀ ਦਾਦੀ ਮਾਂ ਦਾ ਵੀਰ ਲੱਗਦਾ ਹੈ | ਹੁਣ ਦੱਸ ਵੀਰੇ ਸਮਝ ਗਿਆ ਨਾ |

ਰਾਸ਼ਿਦ ਦੀ ਗੱਲ ਸੁਣ ਕੇ ਮੇਰਾ ਵੀ ਮਨ ਭਰ ਆਇਆ | ਹੌਂਸਲਾ ਜਿਆ ਕਰਕੇ ਆਖਿਆ “ਹਾਂ ਵੀਰ ਸਮਝ ਗਿਆ ਮੈਂ, ਹੋਰ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਜਰੂਰ ਦੱਸੋ | ਕਹਿੰਦਾ ਕੋਈ ਸੇਵਾ ਨੀ ਵੀਰ ਬਸ ਜਿਸ ਦਿਨ ਦਾ ਤੁਹਾਡੇ ਬਾਰੇ ਪਤਾ ਲੱਗਾ ਕਿ ਮੇਰੇ ਭਰਾ ਇਮਤਿਆਜ਼ ਨਾਲ ਇਕ ਸਿੱਖ ਮੁੰਡਾ ਰਹਿ ਰਿਹਾ ਤਾਂ ਉਸ ਦਿਨ ਦੀ ਆਪਣੇ ਭਰਾ ਦੀ ਫਿਕਰ ਖਤਮ ਹੋ ਗਈ ਹੈ | ਮੈਂ ਕਿਹਾ ਵੀਰੇ ਫਿਕਰ ਕਰਿਉ ਵੀ ਨਾ | ਕਹਿੰਦਾ ਫਿਕਰ ਕਰੀਏ ਵੀ ਕਿਉਂ ਵੀਰ ਜਦ ਸਾਡੀ ਦਾਦੀ ਮਾਂ ਦਾ ਇਕ ਸਿੱਖ ਵੀਰ ਸਾਡੇ ਭਰਾ ਨਾਲ ਹੈ ਤਾਂ ਫਿਰ ਫਿਕਰ ਕਾਹਦੀ |

ਕੁਲਜੀਤ ਖੋਸਾ
ਮੋਬਾ – +61414975554

Posted in: ਸਾਹਿਤ