ਪੰਥਕ-ਵਿਦਰੋਹ ਅਤੇ ‘ਸ਼ਾਂਤੀ ਦੀ ਸਿਆਸਤ’

By October 19, 2015 0 Comments


ਪ੍ਰਭਸ਼ਰਨਬੀਰ ਸਿੰਘ
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ
Prabhsharanbir@gmail.com
778-836-7901

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਸਮੂਹਿਕ ਸਿੱਖ ਮਨ ਨੂੰ ਅਥਾਹ ਵੇਦਨਾ ਅਤੇ ਅਕਹਿ ਪੀੜ ਨਾਲ ਭਰ ਦਿੱਤਾ ਹੈ। ਸ਼ਾਇਦ 1984 ਤੋਂ ਬਾਅਦ ਇਹਨਾਂ ਘਟਨਾਵਾਂ ਨੇ ਹੀ ਸਿੱਖ ਹਿਰਦਿਆਂ ਨੂੰ ਏਨੀ ਬੁਰੀ ਤਰ੍ਹਾਂ ਨਾਲ ਝੰਜੋੜਿਆ ਹੈ। ਬੇਹੁਰਮਤੀ ਦੀਆਂ ਇਹਨਾਂ ਘਟਨਾਵਾਂ ਨਾਲ ਉਪਜੀ ਚੀਸ ਏਨੀ ਡੂੰਘੀ ਹੈ ਕਿ ਪੰਥ ਇਸਨੂੰ ਸਦੀਆਂ ਤੱਕ ਯਾਦ ਰੱਖੇਗਾ। ਇਸ ਅਕਹਿ ਦਰਦ ਵਿੱਚੋਂ ਗੁਜ਼ਰਦਿਆਂ ਹੋਇਆਂ ਪੰਥ ਇੱਕ ਨਵੀਂ ਚੇਤਨਾ ਵੱਲ ਵੀ ਵਧ ਰਿਹਾ ਹੈ। ਇਸ ਡੂੰਘੇ ਜ਼ਖਮ ਨੇ ਗੂੜ੍ਹੀ ਨੀਂਦੇ ਸੁੱਤੇ ਪਏ ਪੰਥ ਨੂੰ ਹਲੂਣ ਕੇ ਜਗਾਇਆ ਵੀ ਹੈ।
protest
ਗੁਰਬਾਣੀ ਦਾ ਫੁਰਮਾਨ ਹੈ ਕਿ ਅਣਖ ਤੋਂ ਬਗੈਰ ਜਿਉਣਾ ਅਤੇ ਖਾਣਾ-ਪੀਣਾ ਸਭ ਹਰਾਮ ਹੈ। ਪੰਥ ਨੂੰ ਅਪਮਾਨਿਤ ਕਰਨ ਵਾਲੇ ਇਹਨਾਂ ਹਮਲਿਆਂ ਦਾ ਨਿਸ਼ਾਨਾ ਹੀ ਸਿੱਖਾਂ ਦੇ ਸਵੈਮਾਣ ਅਤੇ ਅਣਖ ਨੂੰ ਖਤਮ ਕਰਨਾ ਹੈ। ਪਰ ਸਿੰਘਾਂ ਨੇ ਹਮੇਸ਼ਾ ਵਾਂਗ ਸ਼ਹੀਦੀਆਂ ਦੇ ਕੇ ਪੰਥਕ ਅਣਖ ਨੂੰ ਪ੍ਰਚੰਡ ਰੱਖਿਆ ਹੈ। ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ਅੰਦਰ ਜ਼ਾਲਮਾਂ ਦੀਆਂ ਗੋਲੀਆਂ ਆਪਣੇ ਸੀਨਿਆਂ ਉੱਤੇ ਝੱਲ ਕੇ ਪੰਥਕ ਸੁਰਤਿ ਅੰਦਰ ਸੁਲਘ ਰਹੀ ਰੋਹ ਦੀ ਅੱਗ ਨੂੰ ਭਾਂਬੜ ਦਾ ਰੂਪ ਦਿੱਤਾ ਹੈ। ਪੰਥਕ ਰੋਹ ਦਾ ਫੁੱਟਿਆ ਲਾਵਾ ਅੱਜ ਪੰਜਾਬ ਦੀ ਧਰਤੀ ਉੱਤੇ ਨਵੇਂ ਇਤਿਹਾਸ ਦੀ ਸਿਰਜਣਾ ਕਰ ਰਿਹਾ ਹੈ।

ਸਿੱਖ ਪੰਥ ਵਿਰੁੱਧ ਬਿਪਰਵਾਦੀਆਂ ਵੱਲੋਂ ਰੱਖੀ ਜਾਂਦੀ ਵੈਰ ਦੀ ਭਾਵਨਾ ਕੋਈ ਨਵਾਂ ਵਰਤਾਰਾ ਨਹੀਂ ਸਗੋਂ ਇਸਦੀ ਜੜ੍ਹ ਬਹੁਤ ਪੁਰਾਣੀ ਹੈ। ਜਦੋਂ ਜੂਨ 1984 ਵਿੱਚ ਹਿੰਦੋਸਤਾਨੀ ਫੌਜ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਕੇ ਉਸ ਪਵਿੱਤਰ ਅਸਥਾਨ ਦੀ ਬੇਹੁਰਮਤੀ ਕੀਤੀ ਅਤੇ ਬੇਅੰਤ ਨਿਰਦੋਸ਼ੇ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਦੇ ਲਹੂ ਨਾਲ ਪਵਿੱਤਰ ਸਰੋਵਰ ਨੂੰ ਲਾਲ ਕਰ ਦਿੱਤਾ ਤਾਂ ਪਾਕਿਸਤਾਨ ਦੇ ਅਜ਼ੀਮ ਸ਼ਾਇਰ ਅਫਜ਼ਲ ਅਹਿਸਨ ਰੰਧਾਵਾ ਦੇ ਅਪਣੱਤ ਭਰੇ ਹਿਰਦੇ ਵਿੱਚੋਂ ਇਹ ਵੇਦਨਾ ਨਿੱਕਲੀ ਸੀ:

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਸਗਲੇ ਵਾਲਾ ਪੈਰ
ਹਾਇ, ਵੈਰੀਆਂ ਕੱਢ ਵਖਾਲਿਆ
ਅੱਜ ਪੰਜ ਸਦੀਆਂ ਦਾ ਵੈਰ।

ਪੰਜ ਸਦੀਆਂ ਪੁਰਾਣੇ ਇਸ ਵੈਰ ਦਾ ਆਰੰਭ ਬਾਲ ਅਵਸਥਾ ਦੌਰਾਨ ਗੁਰੂ ਨਾਨਕ ਸਾਹਿਬ ਵੱਲੋਂ ਜਨੇਊ ਪਹਿਨਣ ਤੋਂ ਇਨਕਾਰ ਕਰਨ ਨਾਲ ਨਹੀਂ ਹੋਇਆ, ਜਿਵੇਂ ਕਿ ਅਕਸਰ ਹੀ ਕਿਹਾ ਜਾਂਦਾ ਹੈ। ਇਹ ਵੈਰ ਤਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਹੀ ਸ਼ੁਰੂ ਹੋ ਗਿਆ ਸੀ। ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਭਰਦੇ ਹੋਏ ਲਿਖਦੇ ਹਨ ਕਿ ਜਦੋਂ ਗੁਰੂ ਨਾਨਕ ਰੂਪੀ ਸੱਚ ਦਾ ਸੂਰਜ ਉਦੈ ਹੋਇਆ ਤਾਂ ਅੰਧਕਾਰ ਦੇ ਰੂਪ ਵਿੱਚ ਵਿਚਰ ਰਹੀਆਂ ਤਾਕਤਾਂ ਕੰਬ ਉਠੀਆਂ। ਉਸ ਕੰਬਣੀ ਵਿੱਚੋਂ ਪੈਦਾ ਹੋਈ ਦਵੈਖ ਦੀ ਭਾਵਨਾ ਅੱਜ ਪੰਜ ਸਦੀਆਂ ਬਾਅਦ ਤੱਕ ਵੀ ਆਪਣਾ ਰੂਪ ਦਿਖਾ ਰਹੀ ਹੈ।

1849 ਵਿੱਚ ਖਾਲਸਾ ਰਾਜ ਦੇ ਦੁਖਦਾਈ ਅੰਤ ਤੋਂ ਬਾਅਦ ਪੰਥਕ ਅਪਮਾਨ ਦੀਆਂ ਘਟਨਾਵਾਂ ਤੇਜ਼ ਹੋਣ ਲੱਗੀਆਂ। ਇਸ ਅਪਮਾਨ ਦਾ ਸਿਖਰ ਮਹੰਤਾਂ ਦੇ ਰੂਪ ਵਿੱਚ ਸਾਹਮਣੇ ਆਇਆ ਤਾਂ ਸਿੰਘਾਂ ਨੂੰ ਸ਼ਹੀਦੀਆਂ ਦੇ ਕੇ ਗੁਰੂਘਰ ਆਜ਼ਾਦ ਕਰਵਾਉਣੇ ਪਏ। 1947 ਵਿੱਚ ਹਿੰਦੋਸਤਾਨ ਦੀ ਕਾਇਮੀ ਤੋਂ ਬਾਅਦ ਬਿਪਰਵਾਦੀਆਂ ਦੇ ਹੱਥ ਤਾਕਤ ਆਉਣ ਨਾਲ ਪੰਥਕ ਅਪਮਾਨ ਦੀਆਂ ਘਟਨਾਵਾਂ ਹੋਰ ਵੀ ਘਿਨਾਉਣਾ ਰੂਪ ਅਖਤਿਆਰ ਕਰ ਗਈਆਂ। ਸਿਰਮੌਰ ਪੰਥਕ ਵਿਦਵਾਨ ਸਿਰਦਾਰ ਕਪੂਰ ਸਿੰਘ ਪੰਜਾਬ ਦੀ ਵੰਡ ਤੋਂ ਬਾਅਦ ਵਾਪਰੀ ਘਟਨਾ ਦਾ ਬਿਆਨ ਆਪਣੀ ਇੱਕ ਪੁਸਤਕ ਵਿੱਚ ਕਰਦੇ ਹਨ। ਹੁਸ਼ਿਆਰਪੁਰ ਸ਼ਹਿਰ ਅੰਦਰ ਇੱਕ ਹਿੰਦੂ ਆਪਣੇ ਸਰੀਰ ਉੱਤੇ ਗੋਹਾ ਮਲ ਕੇ ਅਤੇ ਇੱਕ ਥਾਲੀ ਵਿੱਚ ਗੋਹਾ ਪਾਕੇ ਬਾਜ਼ਾਰ ਵਿੱਚ ਕਹਿ ਰਿਹਾ ਸੀ ਕਿ ਮੈਂ ਹਰਿਮੰਦਰ ਸਾਹਿਬ ਤੋਂ ਆਇਆ ਹਾਂ, ਆਹ ਪ੍ਰਸ਼ਾਦ ਲੈ ਲਵੋ। ਜਦੋਂ ਕੁਝ ਸਿੱਖਾਂ ਨੇ ਵਿਰੋਧ ਕੀਤਾ ਤਾਂ ਪੁਲਿਸ ਨੇ ਉਹਨਾਂ ਸਿੱਖਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਸ ਘਟਨਾ ਨੂੰ ਵੇਖਣ ਵਾਲੇ ਸਮਝਦਾਰ ਲੋਕਾਂ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਇੱਕ ਦਿਨ 1984 ਦਾ ਸਾਕਾ ਜ਼ਰੂਰ ਵਾਪਰੇਗਾ। ਇਸਤੋਂ ਬਾਅਦ ਪੰਜਾਬੀ ਸੂਬੇ ਦੇ ਸੰਘਰਸ਼ ਦੌਰਾਨ ਗੁਰਬਾਣੀ ਅਤੇ ਸਿੱਖ ਧਾਰਮਿਕ ਅਸਥਾਨਾਂ ਦੀ ਬੇਅਦਬੀ ਦੀਆਂ ਕਈ ਮਿਸਾਲਾਂ ਸਾਹਮਣੇ ਆਈਆਂ ਜਿਵੇਂ ਕਿ ਗੁਰਬਾਣੀ ਦੇ ਗੁਟਕਿਆਂ ਦੇ ਪੱਤਰੇ ਅੰਮ੍ਰਿਤਸਰ ਦੇ ਬਜ਼ਾਰਾਂ ਵਿਚ ਖਿਲਾਰੇ ਜਾਣੇ ਅਤੇ ਪਵਿੱਤਰ ਸਰੋਵਰ ਵਿਚ ਸਿਗਰਟਾਂ ਦਾ ਸੁੱਟਿਆ ਜਾਣਾ। ਸਿੱਖਾਂ ਦੇ ਸਭ ਤੋਂ ਪਵਿੱਤਰ ਅਹਿਸਾਸ ਦੀ ਬੇਹੁਰਮਤੀ ਕਰਨ ਦੀ ਇਹ ਲੜੀ ਅੱਜ ਤੱਕ ਜਾਰੀ ਹੈ।

ਅੱਜ ਜਦੋਂ ਪੰਥਕ ਰੋਹ ਪ੍ਰਚੰਡ ਰੂਪ ਧਾਰਨ ਕਰ ਚੁੱਕਿਆ ਹੈ ਤਾਂ ਸਾਨੂੰ ਪੰਥ-ਵਿਰੋਧੀ ਤਾਕਤਾਂ ਦੀਆਂ ਸਾਜ਼ਿਸ਼ਾਂ ਪ੍ਰਤੀ ਚੇਤੰਨ ਹੋਣ ਦੀ ਲੋੜ ਹੈ। ਹਿੰਦੋਸਤਾਨ ਦੀ ਬਿਪਰਵਾਦੀ ਸਰਕਾਰ ਅਤੇ ਉਸਦੀ ਹੱਥਠੋਕੀ ਬਾਦਲ ਜੁੰਡਲੀ ਨੇ ਤਾਂ ਇਸ ਬਗਾਵਤ ਨੂੰ ਹਰ ਹੀਲੇ ਦਬਾਉਣ ਦੀ ਕੋਸ਼ਿਸ਼ ਕਰਨੀ ਹੀ ਹੈ। ਪਰ ਸਾਨੂੰ ਲੁਕਵੇਂ ਵਾਰ ਕਰਨ ਵਾਲੀ ਜਿਸ ਪੰਥ ਦੋਖੀ ਤਾਕਤ ਦੀਆਂ ਚਾਲਾਂ ਨੂੰ ਸਮਝਣ ਦੀ ਲੋੜ ਹੈ ਉਹ ਹੈ ਪੰਜਾਬ ਦੀ ਖੱਬੇਪੱਖੀ ਧਿਰ। ਇਹਨਾਂ ਵੱਲੋਂ ਪੰਥਕ ਵਿਦਰੋਹ ਦੀ ਵਿਰੋਧਤਾ ਸਿੱਧੇ ਰੂਪ ਵਿੱਚ ਨਹੀਂ ਬਲਕਿ ਟੇਢੇ ਰੂਪ ਵਿੱਚ ਕੀਤੀ ਜਾ ਰਹੀ ਹੈ ਜੋ ਕਿ ਸ਼ਾਇਦ ਵਧੇਰੇ ਖਤਰਨਾਕ ਸਾਬਤ ਹੋ ਰਹੀ ਹੈ। ਇਹ ਧਿਰ ਗਿਆਨ ਨੂੰ ਇੱਕ ਰਾਜਨੀਤਕ ਸੰਦ ਵਜੋਂ ਸੱਤਾ ਦੀ ਸੇਵਾ ਵਿੱਚ ਵਰਤਦੀ ਹੈ। ਪੰਜਾਬ ਦੀਆਂ ਖੱਬੇਪੱਖੀ ਧਿਰਾਂ ਉਸ ਵੇਲੇ ‘ਸਦਭਾਵਨਾ’ ਅਤੇ ‘ਅਮਨ’ ਮਾਰਚ ਕੱਢ ਰਹੀਆਂ ਹਨ ਜਦੋਂਕਿ ਸਿੱਖਾਂ ਦਾ ਸੰਘਰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਅਤਿ ਘਟੀਆ ਅਤੇ ਕੋਝੀਆਂ ਹਰਕਤਾਂ ਦੇ ਖਿਲਾਫ ਹੈ। ਸਿੱਖਾਂ ਦਾ ਮੌਜੂਦਾ ਵਿਦਰੋਹ ਤਾਂ ਸਿਰਫ ਸਰਕਾਰ ਦੇ ਖਿਲਾਫ ਹੈ। ਜੇਕਰ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੀ ਹੈ ਅਤੇ ਸਿੰਘਾਂ ਦੇ ਕਾਤਲ ਪੁਲਿਸ ਅਫਸਰਾਂ ਉੱਤੇ ਕੇਸ ਦਰਜ ਕਰਦੀ ਹੈ ਤਾਂ ਧਰਨੇ ਚੁੱਕੇ ਜਾ ਸਕਦੇ ਹਨ। ਪਰ ਖੱਬੇਪੱਖੀ ਇਸ ਸੰਕਟ ਦੀ ਘੜੀ ਦੌਰਾਨ ਸਿੱਖਾਂ ਨਾਲ ਖੜ੍ਹ ਕੇ ਸਰਕਾਰ ਉੱਤੇ ਦਬਾਅ ਵਧਾਉਣ ਦੀ ਬਜਾਏ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਨ ਜਿਵੇਂ ਕਿ ਸਿਂਖਾਂ ਦੀਆਂ ਸਰਕਾਰ ਖਿਲਾਫ ਕਾਰਵਾਈਆਂ ਪੰਜਾਬ ਦੀ ‘ਸ਼ਾਂਤੀ ਲਈ ਖਤਰਾ’ ਹੋਣ। ਬਾਅਦ ਵਿੱਚ ਸਰਕਾਰ ਨੇ ‘ਸ਼ਾਂਤੀ ਨੂੰ ਖਤਰਾ’ ਦੇ ਇਸੇ ਨਾਅਰੇ ਨੂੰ ਸਿੱਖ-ਵਿਦਰੋਹ ਨੂੰ ਬੇਕਿਰਕੀ ਨਾਲ ਕੁਚਲਣ ਲਈ ਵਰਤਣਾ ਹੈ। ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ। 1984 ਤੋਂ ਬਾਅਦ ਚੱਲੀ ਸਿੱਖ ਹੱਕਾਂ ਦੀ ਲਹਿਰ ਨੂੰ ਵੀ ਪੰਜਾਬ ਦੇ ਖੱਬੇਪੱਖੀ ਇਹ ਕਹਿ ਕੇ ਭੰਡਦੇ ਰਹੇ ਹਨ ਕਿ ਇਹ ਫਿਰਕੂ ਲਹਿਰ ਹੈ ਅਤੇ ਪੰਜਾਬ ਦੀ ‘ਸ਼ਾਂਤੀ ਨੂੰ ਖਤਰਾ’ ਹੈ। ਇਸੇ ਲਈ ਇਹ ਸਿੱਖ ਹੱਕਾਂ ਦੀ ਲਹਿਰ ਲਈ ਅੱਤਵਾਦ, ਵੱਖਵਾਦ, ਕਾਲੇ ਦਿਨ ਅਤੇ ਪੰਜਾਬ ਸਮੱਸਿਆ ਵਰਗੇ ਲਕਬਾਂ ਦੀ ਵਰਤੋਂ ਕਰਦੇ ਹਨ। ਉਦੋਂ ਵੀ ਸਰਕਾਰ ਨੇ ਇਹਨਾਂ ਦੇ ਇਸ ਪ੍ਰਵਚਨ ਨੂੰ ਸਿੱਖਾਂ ਦੇ ਮਨੁਂਖੀ ਹੱਕਾਂ ਦਾ ਘਾਣ ਕਰਨ ਲਈ ਵਰਤਿਆ ਸੀ।

‘ਸ਼ਾਂਤੀ’ ਦੀ ਇਸ ਬੇਕਿਰਕ ਸਿਆਸਤ ਪ੍ਰਤੀ ਖਬਰਦਾਰ ਹੋਣ ਦੀ ਲੋੜ ਹੈ ਕਿਉਂਕਿ ਸਿਰਫ ਪੰਜਾਬ ਅਤੇ ਹਿੰਦੁਸਤਾਨ ਦਾ ਮੀਡੀਆ ਹੀ ਨਹੀਂ, ਅੰਤਰਰਾਸ਼ਟਰੀ ਮੀਡੀਆ ਵੀ ਇਸ ਚਲਾਕੀ ਨੂੰ ਸੌਖਿਆਂ ਹੀ ਸਵੀਕਾਰ ਕਰ ਲੈਂਦਾ ਹੈ। ਅੱਜ ਦੁਨੀਆਂ ਭਰ ਦਾ ਮੀਡੀਆ ਜਾਂ ਤਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਇਨਕਾਰੀ ਜਾਂ ਫਿਰ ਅਸਮਰੱਥ ਹੈ। ਅੱਜਕੱਲ੍ਹ ਕਿਸੇ ਵੀ ਸਿਆਸੀ ਲਹਿਰ ਦੀ ਸਫਲਤਾ ਬਹੁਤ ਹੱਦ ਤੱਕ ਉਸਦੀ ਮੀਡੀਆ ਵਿੱਚ ਹੋ ਰਹੀ ਪੇਸ਼ਕਾਰੀ ‘ਤੇ ਨਿਰਭਰ ਕਰਦੀ ਹੈ। ਅਜਿਹੇ ਹਾਲਾਤ ਵਿੱਚ ਖੱਬੇ-ਪੱਖੀ ਧਿਰਾਂ ਵੱਲੋਂ ਸਿੱਖ ਵਿਦਰੋਹ ਦੀ ਕਾਣੀ ਪੇਸ਼ਕਾਰੀ ਨੂੰ ਨੰਗਾ ਕਰਨ ਦੇ ਨਾਲ-ਨਾਲ ਸਾਨੂੰ ਖੁਦ ਵੀ ਇਸਦੀ ਸਹੀ ਪੇਸ਼ਕਾਰੀ ਕਰਨ ਲਈ ਅੱਗੇ ਆਉਣਾ ਪੈਣਾ ਹੈ।

ਅੱਜ ਸਾਡੇ ਸਾਹਮਣੇ ਸਭ ਤੋਂ ਅਹਿਮ ਸੁਆਲ ਇਹ ਹੈ ਕਿ ਇਸ ਵਿਦਰੋਹ ਦੀ ਪੇਸ਼ਕਾਰੀ ਕਿਵੇਂ ਹੋਵੇ। ਸਭ ਤੋਂ ਪਹਿਲੀ ਗੱਲ ਇਹ ਕਿ ਇਸ ਵਿਦਰੋਹ ਨੂੰ ਇਸਦੇ ਰਾਜਨੀਤਕ ਪਰਿਪੇਖ ਵਿੱਚ ਰੱਖ ਕੇ ਹੀ ਸਮਝਿਆ ਜਾਵੇ। ਸਿੱਖ ਪੰਥ ਅੱਜ ਰਾਜਨੀਤਕ ਗੁਲਾਮੀ ਦੇ ਦੌਰ ਵਿੱਚ ਵਿਚਰ ਰਿਹਾ ਹੈ। ਗੁਲਾਮ ਮਨੁੱਖਾਂ ਅਤੇ ਕੌਮਾਂ ਦੇ ਸਵੈਮਾਣ ਉਂਤੇ ਹਮਲੇ ਹੋਣੇ ਕੋਈ ਬਹੁਤੀ ਅਲ਼ੋਕਾਰ ਗੱਲ ਨਹੀਂ ਹੁੰਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਇਹਨਾਂ ਹਮਲਿਆਂ ਦਾ ਇੱਕ ਰੂਪ ਹੀ ਹੈ।

ਦੂਸਰਾ ਹਿੰਦੁਸਤਾਨ ਅੰਦਰ ਸਿੱਖ ਜ਼ਿੰਦਗੀਆਂ ਨੂੰ ਨਿਗੂਣਾ ਸਮਝਿਆ ਜਾਂਦਾ ਹੈ। ਇਸਦਾ ਪ੍ਰਤੱਖ ਸਬੂਤ 1984 ਦੀ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ ਹੈ। ਇਸਦਾ ਇੱਕ ਕਾਰਨ ਖੱਬੇ ਪੱਖੀਆਂ ਵੱਲੋਂ ਸਿੱਖ ਸੰਘਰਸ਼ ਦੀ ਕੀਤੀ ਜਾਂਦੀ ਰਹੀ ਗਲਤ ਪੇਸ਼ਕਾਰੀ ਵੀ ਹੈ। ਸਿੱਖ ਜ਼ਿੰਦਗੀਆਂ ਦੀ ਅਹਿਮੀਅਤ ਬਹਾਲ ਕਰਨ ਲਈ ਸਿੱਖ ਹਸਤੀ ਦੀ ਸਮਕਾਲੀ ਵਿਆਖਿਆ ਕਰਨੀ ਜ਼ਰੂਰੀ ਹੈ। ਸਿੱਖ ਹਸਤੀ ਦੀ ਪੁਨਰ-ਵਿਆਖਿਆ ਦਾ ਪਹਿਲਾ ਕਦਮ ਸਿੱਖ ਸੰਘਰਸ਼ ਦੀ ਸਹੀ ਵਿਆਖਿਆ ਹੈ।

ਪੰਜ ਸਦੀਆਂ ਤੋਂ ਚੱਲਿਆ ਆ ਰਿਹਾ ਇਹ ਸੰਘਰਸ਼ ‘ਸ਼ਾਂਤੀ ਲਈ ਖਤਰਾ’ ਨਹੀਂ ਸਗੋਂ ਅਸਲ ਸ਼ਾਂਤੀ ਦੀ ਬਹਾਲੀ ਵੱਲ ਪੁੱਟਿਆ ਜਾਣ ਵਾਲਾ ਮੁੱਢਲਾ ਕਦਮ ਹੈ। ਖੱਬੇ ਪੱਖੀਆਂ ਦੀ ਸ਼ਾਂਤੀ ਮੌਜੂਦਾ ਨਿਜ਼ਾਮ ਨੂੰ ਬਦਲਣ ਦਾ ਪਖੰਡ ਕਰਦਿਆਂ ਹੋਇਆਂ ਇਸ ਨਿਜ਼ਾਮ ਦੀ ਸਥਾਪਤੀ ਨੂੰ ਪੱਕੇ ਪੈਰੀਂ ਕਰਨ ਦਾ ਨਾਂ ਹੈ। ਜਦੋਂ ਕਿ ਸਿੱਖ ਸੰਘਰਸ਼ ਦਾ ਰਾਹ ਬੇਗਮਪੁਰੇ ਦੀ ਉਂਦਾਤ ਸ਼ਾਂਤੀ ਵੱਲ ਨੂੰ ਜਾਂਦਾ ਹੈ। ਸਰਕਾਰ ਅਤੇ ਖੱਬੇ ਪੱਖੀ ਇਸ ਸੰਘਰਸ਼ ਨੂੰ ਸਮੱਸਿਆ ਵਜੋਂ ਵੇਖਣਾ ਚਾਹੁੰਦੇ ਹਨ। ਡਾ. ਗੁਰਭਗਤ ਸਿੰਘ ਦੇ ਸ਼ਬਦਾਂ ਵਿੱਚ, ਇਹ ਸਮੱਸਿਆ ਨਹੀਂ ਸਗੋਂ ਦੁਨੀਆਂ ਭਰ ਦੀਆਂ ਲਤਾੜੀਆਂ ਜਾ ਰਹੀਆਂ ਕੌਮਾਂ ਲਈ ਵਾਅਦੇ ਦੀ ਇੱਕ ਰਿਸ਼ਮ ਹੈ। ਮੌਜੂਦਾ ਸੰਘਰਸ਼ ਦੀ ਪ੍ਰਚੰਡਤਾ ਦੱਸਦੀ ਹੈ ਕਿ ਵਾਅਦੇ ਦੀ ਇਹ ਰਿਸ਼ਮ ਇੱਕ ਦਿਨ ਖਾਲਿਸਤਾਨ ਰੂਪੀ ਸੂਰਜ ਬਣਕੇ ਜ਼ਰੂਰ ਉਦੈ ਹੋਵੇਗੀ ਅਤੇ ਬਿਪਰਵਾਦੀਆਂ ਅਤੇ ਖੱਬੇ ਪੱਖੀਆਂ ਵੱਲੋਂ ਫੈਲਾਏ ਜਾ ਰਹੇ ਅੰਧਕਾਰ ਦਾ ਨਾਸ਼ ਕਰੇਗੀ। ਇਸ ਮੰਜ਼ਿਲ ਤੱਕ ਪਹੁੰਚਣ ਲਈ ਸਿੱਖਾਂ ਨੂੰ ਸਲਾਹਾਂ ਦੀ ਨਹੀਂ, ਸਿਦਕ ਦੀ ਲੋੜ ਹੈ। ਜੋ ਗਏ ਹਨ ਉਹ ਅਸਲ ਵਿੱਚ ਕਿਤੇ ਨਹੀਂ ਗਏ, ਉਹ ਤਾਂ ਬੱਸ ਆਪਣਾ ਲਹੂ ਨਿਛਾਵਰ ਕਰਕੇ ਪੰਥਕ ਸਿਦਕ ਦੀ ਲੋਅ ਨੂੰ ਪ੍ਰਚੰਡ ਕਰ ਰਹੇ ਹਨ।

Posted in: ਸਾਹਿਤ