ਭਿੱਖੀਵਿੰਡ ਚੌਕ ਵਿਖੇ ਪੰਜਵੇਂ ਦਿਨ ਵੀ ਧਰਨਾ ਰਿਹਾ ਜਾਰੀ

By October 19, 2015 0 Comments


ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਧਰਨੇ ਵਿੱਚ ਸਾਮਿਲ
3

ਭਿੱਖੀਵਿੰਡ 19 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਸੂਬਾ ਪੰਜਾਬ ਦੇ ਵੱਖ-ਵੱਖ ਪਿੰਡਾਂ ਬਗਰਾੜੀ ਆਦਿ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨ ਵਾਲੇ ਦੋਸ਼ੀਆਂ ਤੇ ਪਿੰਡ ਬਹਿਬਲ ਵਿਖੇ ਸ਼ਾਂਤੀਮਈ ਧਰਨਾ ਦੇ ਰਹੇ ਸਿੱਖਾਂ ਨੂੰ ਗੋਲੀਆ ਮਾਰ ਕੇ ਮਾਰਨ ਵਾਲੇ ਪੁਲਿਸ ਕਰਮਚਾਰੀਆਂ ਵਿਰੁੱਧ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਜਿਥੇ ਪੂਰੇ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ਾਂ ਵਿੱਚ ਪ੍ਰਦਰਸ਼ਣ ਕੀਤੇ ਜਾ ਰਹੇ ਹਨ, ਉਥੇ ਕਸਬਾ ਭਿੱਖੀਵਿੰਡ ਦੇ ਮੇਂਨ ਚੌਕ ਵਿਖੇ ਲਗਾਤਾਰ ਪੰਜਵੇਂ ਦਿਨ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਇਸ ਸਮੇਂ ਗ੍ਰੰਥੀ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਉਦੋਕੇ ਨੇ ਬੋਲਦਿਆਂ ਕਿਹਾ ਕਿ ਜੋ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਦੇ ਹਨ, ਉਹ ਦਿਲ ਦੀ ਪਾਪੀ ਤੇ ਪੰਥ ਦੇ ਕੱਟੜ ਦੁਸ਼ਮਣ ਹਨ ਤੇ ਐਸੇ ਲੋਕਾਂ ਖਿਲਾਫ ਪੰਜਾਬ ਸਰਕਾਰ ਨੂੰ ਸਖਤ ਕਾਰਵਾਈ ਕਰਕੇ ਮਾਹੌਲ ਨੂੰ ਸ਼ਾਂਤ ਕਰਨਾ ਚਾਹੀਦਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਆਪ ਪਾਰਟੀ ਦੇ ਆਗੂ ਰਜਿੰਦਰ ਸਿੰਘ ਯੋਧਾ ਨੇ ਮੁੱਖ ਮੰਤਰੀ ਪੰਜਾਬ ਪ੍ਰਕਾਸ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ ਧਾਰਾ 302 ਦੇ ਅਧੀਨ ਪਰਚਾ ਦਰਜ ਕਰਨ ਦੀ ਮੰਗ ਕੀਤੀ। ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਾਦਲ ਦਾ ਝੋਲੀ ਚੁੱਕ ਕਰਾਰ ਦਿੰਦਿਆਂ ਕਿਹਾ ਕਿ ਐਸੇ ਜਥੇਦਾਰਾਂ ਕੋਲੋਂ ਕੌਮ ਨੂੰ ਕੋਈ ਆਸ ਨਹੀ ਰੱਖਣੀ ਚਾਹੀਦੀ। ਉਪਰੰਤ ਧਾਰਮਿਕ ਆਗੂ ਸੱਜਣ ਸਿੰਘ ਸਿੱਧਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗੁਰਬਚਨ ਸਿੰਘ ਦੀ ਤੁਲਨਾ ਸਿੱਖ ਕੌਮ ਦੇ ਕੱਟੜ ਦੁਸ਼ਮਣ ਚੰਦੂ ਤੇ ਗੰਗੂ ਬ੍ਰਾਹਮਣ ਨਾਲ ਕਰਦਿਆਂ ਕਿਹਾ ਕਿ ਪੁਰਾਤਨ ਸਮੇਂ ਵਿੱਚ ਜਿਥੇ ਚੰਦੂ ਤੇ ਗੰਗੂ ਨੇ ਸਿੱਖ ਕੌਮ ਨਾਲ ਧੋਖਾ ਕੀਤਾ ਸੀ, ਉਥੇ ਅੱਜ ਜਥੇਦਾਰ ਗੁਰਚਰਨ ਸਿੰਘ ਵੀ ਚੰਦੂ ਤੇ ਗੰਗੂ ਵਾਲਾ ਰੋਲ ਨਿਭਾਅ ਕੇ ਕੌਮ ਦੀ ਪਿੱਠ ਵਿੱਚ ਛੁਰਾ ਮਾਰ ਰਿਹਾ ਹੈ, ਜੋ ਸਿੱਖ ਕੌਮ ਨਾਲ ਗੱਦਾਰੀ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਜਿਥੇ ਦਿੱਲ਼ੀ ਤਖਤ ਦਾ ਬੁੱਕਲ ਦਾ ਸੱਪ ਬਣ ਕੇ ਕੌਮ ਨਾਲ ਦਗੇਬਾਜੀਆਂ ਕਮਾ ਕੇ ਪੰਜਾਬ ਦਾ ਬੇੜਾ ਡੋਬ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਗੱਦਾਰਾਂ ਦੀਆਂ ਜਮੀਰਾਂ ਵਿੱਕ ਰਹੀਆਂ ਹਨ ਤੇ ਪੰਥ ਦੇ ਵਫਾਦਾਰਾਂ ਦੀਆਂ ਬਜਾਰਾਂ ਵਿੱਚ ਤਸਵੀਰਾਂ ਵਿੱਕਦੀਆਂ ਹਨ। ਇਸ ਮੌਕੇ ਬਾਬਾ ਪ੍ਰਗਟ ਸਿੰਘ ਨੇ ਬੋਲਦਿਆਂ ਕਿਹਾ ਕਿ ਜੋ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਦੇ ਹਨ, ਐਸੇ ਲੋਕਾਂ ਨੂੰ ਕਿਤੇ ਵੀ ਢੋਈ ਨਹੀ ਮਿਲੇਗੀ। ਇਸ ਸਮੇਂ ਗੁਰਬਿੰਦਰ ਸਿੰਘ ਭੁੱਚਰ, ਹਰਭਜਨ ਸਿੰਘ ਮਾੜੀਮੇਘਾ, ਰਣਜੀਤ ਸਿੰਘ ਉਦੋਕੇ, ਚਾਨਣ ਸਿੰਘ ਦਰਾਜਕੇ, ਫੋਜੀ ਬਖਸੀਸ ਸਿੰਘ, ਬਾਬਾ ਦੀਦਾਰ ਸਿੰਘ, ਦਲਜਿੰਦਰ ਸਿੰਘ ਪਹੂਵਿੰਡ, ਬਚਿੱਤਰ ਸਿੰਘ ਪਹੂਵਿੰਡ, ਗੁਰਪ੍ਰੀਤ ਸਿੰਘ ਮੱਲੀ, ਬੀਰਾ ਸਿੰਘ ਸਮਰਾ, ਬੂਟਾ ਸਿੰਘ, ਉਕਾਰ ਸਿੰਘ, ਸੁਖਚੈਣ ਸਿੰਘ ਮਾੜੀ ਗੋਰ ਸਿੰਘ, ਰਾਮ ਸਿੰਘ ਬੈਂਕਾ, ਬੇਅੰਤ ਸਿੰਘ ਕੰਬੋਕੇ, ਬਲਕਾਰ ਸਿੰਘ ਕੰਬੋਕੇ, ਰਣਜੀਤ ਸਿੰਘ ਉਦੋਕੇ, ਰਾਗੀ ਪਰਮਿੰਦਰ ਸਿੰਘ, ਸਵਰਨ ਸਿੰਘ ਮਰਗਿੰਦਪੁਰਾ ਆਦਿ ਹਾਜਰ ਸਨ।