ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਕਰਾਚੀ (ਪਾਕਿ) ਵਿੱਚ ਵੀ ਸਿੱਖਾਂ ਨੇ ਕੀਤਾ ਰੋਸ ਮੁਜਾਹਰਾ

By October 19, 2015 0 Comments


ਇਸ ਕਾਂਡ ਦੀ ਜਾਂਚ ਯੂ.ਐਨ.ਦੀ ਨਿਗਰਾਨੀ ਹੇਠ ਕਰਵਾਈ ਜਾਵੇ- ਰਾਮੇਸ਼ ਸਿੰਘ
protest in pakistan
ਅੰਮ੍ਰਿਤਸਰ 19 ਅਕਤੂਬਰ (ਜਸਬੀਰ ਸਿੰਘ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸੇਕ ਸਿਰਫ ਪੰਜਾਬ ਜਾਂ ਹਿੰਦੋਸਤਾਨ ਤੱਕ ਹੀ ਸੀਮਤ ਨਹੀ ਰਿਹਾ ਸਗੋ ਵਿਦੇਸ਼ਾਂ ਵਿੱਚ ਵੀ ਪੁੱਜ ਗਿਆ ਤੇ ਗੁਆਢੀ ਮੁਲਕ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਸਿੱਖਾਂ ਨੇ ਰੋਸ ਮੁਜ਼ਾਹਰਾ ਕੀਤਾ ਤੇ ਮੰਗ ਕੀਤੀ ਕਿ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਨਾਲ ਨਾਲ ਪੰਜਾਬ ਦੀ ਬਾਦਲ ਸਰਕਾਰ ਨੂੰ ਬਰਖਾਸਤ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਹੁਦੇ ਤੋ ਫਾਰਗ ਕੀਤਾ ਜਾਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਕਰਾਚੀ ਦੀ ਸਿੱਖ ਸੰਗਤ ਨੇ ਪਾਕਿਸਤਾਨ ਸਿੱਖ ਕੌਸਲ ਦੇ ਪਰਧਾਨ ਸ੍ਰ ਰਾਮੇਸ਼ ਸਿੰਘ ਖਾਲਸਾ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਪ੍ਰੈਸ ਕਲੱਬ ਕਰਾਚੀ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਤੇ ਭਾਰਤ ਸਰਕਾਰ ਤੇ ਪੂਰਬੀ ਪੰਜਾਬ ਦੀ ਬਾਦਲ ਸਰਕਾਰ ਨੂੰ ਪਾਣੀ ਪੀ ਪੀ ਕੇ ਕੋਸਦਿਆ ਮੰਗ ਕੀਤੀ ਕਿ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸੂਬਾ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ। ਉਹਨਾਂ ਕਿਹਾ ਕਿ ਕਿਸੇ ਵੀ ਇੱਕ ਜਗ•ਾ ਤੇ ਗੁਰੂ ਸਾਹਿਬ ਦੀ ਬੇਅਦਬੀ ਨਹੀ ਹੋਈ ਸਗੋ ਕਈ ਥਾਵਾਂ ਤੇ ਹੋ ਚੁੱਕੀ ਹੈ ਜਿਸ ਤੋ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਸੂਬੇ ਵਿੱਚ ਕਨੂੰਨ ਵਿਵਸਥਾ ਦੀ ਸਥਿਤੀ ਨੂੰ ਕੰਟਰੋਲ ਕਰਨ ਵਿੱਚ ਬੁਰੀ ਤਰ•ਾ ਨਾਕਾਮ ਰਹੀ ਹੈ।
ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆ ਪਾਕਿਸਤਾਨ ਸਿੱਖ ਕੌਸਲ ਜਥੇਬੰਦੀ ਦੇ ਪਰਧਾਨ ਸ੍ਰ ਰਾਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਧਰਮ ਕਿਸੇ ਵੀ ਪ੍ਰਕਾਰ ਦੇ ਲੜਾਈ ਝਗੜੇ ਵਿੱਚ ਵਿਸ਼ਵਾਸ਼ ਨਹੀ ਰੱਖਦਾ ਤੇ ਸਿੱਖ ਆਪਣੇ ਧਰਮ ਦਾ ਪ੍ਰਚਾਰ ਵੀ ਸ਼ਾਤਮਈ ਢੰਗ ਨਾਲ ਕਰਨਾ ਜਾਣਦੇ ਹਨ। ਉਹਨਾਂ ਕਿਹਾ ਕਿ ਸਾਰੇ ਧਰਮ ਹਿੰਸਾ ਦਾ ਨਹੀ ਸਗੋ ਅਹਿੰਸਾ ਦਾ ਹੀ ਪਾਠ ਪੜਾਉਦੇ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਸਬੰਧ ਵਿੱਚ ਸਿੱਖਾਂ ਵੱਲੋ ਰੋਸ ਪ੍ਰਗਟ ਕਰਨਾ ਉਹਨਾਂ ਦਾ ਬੁਨਿਆਦੀ, ਸੰਵਿਧਾਨਕ ਅਤੇ ਕਨੂੰਨੀ ਹੱਕ ਹੈ ਪਰ ਜਿਸ ਤਰੀਕੇ ਨਾਲ ਸ਼ਾਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਗੋਲੀਆ ਚਲਾ ਕੇ ਪੁਲੀਸ ਨੇ ਦੋ ਸਿੰਘਾਂ ਨੂੰ ਸ਼ਹੀਦ ਤੇ ਸੈਕੜੇ ਸਿੱਖਾਂ ਨੂੰ ਫੱਟੜ ਕੀਤਾ ਹੈ ਉਸ ਦੀ ਪਾਕਿਸਤਾਨ ਦੇ ਸਮੂਹ ਸਿੱਖ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਦੋਸ਼ੀ ਪੁਲੀਸ ਅਧਿਕਾਰੀਆ ਦੇ ਖਿਲਾਫ ਕਤਲ ਦੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਕੇ ਸਖਤ ਸਜਾਵਾਂ ਦਿੱਤੀਆ ਜਾਣ। ਉਹਨਾਂ ਕਿਹਾ ਕਿ ਸਿੱਖ ਆਪਣਾ ਵੱਡੇ ਤੋ ਵੱਡਾ ਨੁਕਸਾਨ ਬਰਦਾਸ਼ਤ ਕਰ ਸਕਦੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀ ਕਰ ਸਕਦੇ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਤੁਰੰਤ ਕਾਰਵਾਈ ਕਰਕੇ ਚੋਰੀ ਹੋਏ ਸਰੂਪ ਦੀ ਭਾਲ ਕਰਦੀ ਪਰ ਕਰੀਬ ਸਾਢੇ ਚਾਰ ਮਹੀਨੇ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਸਰੂਪ ਲੱਭਿਆ ਨਹੀ ਗਿਆ ਸਗੋ ਸ਼ਰਾਰਤੀ ਅਨਸਰਾਂ ਨੂੰ ਸਰੂਪ ਦੀ ਬੇਅਦਬੀ ਕਰਨ ਦਾ ਖੁੱਲਾ ਮੌਕਾ ਦਿੱਤਾ ਗਿਆ ਤੇ 12 ਅਕਤੂਬਰ ਨੂੰ ਸ਼ਰਾਰਤੀਆ ਨੇ ਗੁਰੂ ਸਾਹਿਬ ਦੇ ਅੰਗ ਦਾਣਿਆ ਵਾਂਗ ਗਲੀਆ ਵਿੱਚ ਖਿਲਾਰ ਦਿੱਤੇ। ਉਹਨਾਂ ਕਿਹਾ ਕਿ ਭਾਰਤੀ ਏਜੰਸੀਆ ਤੇ ਉਹਨਾਂ ਦਾ ਕਿਸੇ ਕਿਸਮ ਦਾ ਭਰੋਸਾ ਨਹੀ ਰਿਹਾ ਤੇ ਇਸ ਦੀ ਜਾਂਚ ਯੂ.ਐਨ ਦੇ ਸਕੱਤਰ ਜਨਰਲ ਮਿਸਟਰ ਬਾਨ ਕੀ ਮੂਨ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਉਹਨਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਵੀ ਸਿੱਖਾਂ ਦੇ ਨਾਲ ਖੜੇ ਹੋ ਕੇ ਕੂਟਨੀਤਕ ਸਬੰਧਾਂ ਰਾਹੀ ਭਾਰਤ ਸਰਕਾਰ ਤੇ ਦਬਾ ਪਾ ਕੇ ਸਿੱਖਾਂ ਨੂੰ ਇਨਸਾਫ ਦਿਵਾਏ। ਉਹਨਾਂ ਕਿਹਾ ਕਿ ਸਿੱਖ ਹਮੇਸ਼ਾਂ ਹੀ ਆਪਸੀ ਭਾਈਚਾਰੇ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਪਾਕਿਸਤਾਨ ਵਿੱਚ ਰੋਸ ਮੁਜਾਹਰੇ ਵਿੱਚ ਸਿੱਖਾਂ ਦੇ ਨਾਲ ਹਿੰਦੂ, ਮੁਸਲਿਮ ਤੇ ਇਸਾਈ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ। ਉਹਨਾਂ ਕਿਹਾ ਕਿ ਬਾਕੀ ਧਰਮਾਂ ਦੇ ਲੋਕਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕਰਦੇ ਹਨ।
ਸੌਦਾ ਸਾਧ ਨੂੰ ਮੁਆਫੀ ਦੇਣ ਦੀ ਵੀ ਉਹਨਾਂ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਜਥੇਦਾਰ ਨੂੰ ਸਿਆਸੀ ਆਗੂਆ ਦੇ ਕੁਹਾੜੇ ਦੇ ਦਸਤੇ ਨਹੀ ਬਣਨਾ ਚਾਹੀਦਾ ਸਗੋ ਗੁਣਾਤਮਕ ਅਧਾਰ ਤੇ ਫੈਸਲੇ ਪੰਥਕ ਮਰਿਆਦਾ ਤੇ ਸਿਧਾਂਤ ਦੀ ਰੌਸ਼ਨੀ ਵਿੱਚ ਲੈਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸੌਦਾ ਸਾਧ ਵੀ ਸਿੱਖਾਂ ਦੇ ਕਤਲਾਂ ਦਾ ਦੋਸ਼ੀ ਹੈ ਤੇ ਉਸ ਨੂੰ ਵੀ ਕਿਸੇ ਸ਼ਰਤ ‘ਤੇ ਮੁਆਫੀ ਨਹੀ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਭਾਂਵੇ ਜਥੇਦਾਰਾਂ ਨੇ ਆਪਣਾ ਫੈਸਲਾ ਰੱਦ ਕਰਕੇ ਸਿੱਖ ਹਿਰਦਿਆ ਨੂੰ ਕੁਝ ਹੱਦ ਤੱਕ ਸ਼ਾਂਤ ਕੀਤਾ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਕਦੇ ਵੀ ਫੈਸਲੇ ਲੈ ਕੇ ਵਾਪਸ ਲੈਣ ਦਾ ਰੁਝਾਨ ਨਹੀ ਪਾਇਆ ਜਾਣਾ ਚਾਹੀਦਾ ਕਿਉਕਿ ਇਹ ਅਕਾਲ ਦਾ ਤਖਤ ਹੈ ਕੋਈ ਦੁਨਿਆਵੀ ਤਖਤ ਨਹੀ ਹੈ ਇਸ ਲਈ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਗਲਤੀ ਦੀ ਅਸਤੀਫੇ ਦੇ ਕੇ ਮੁਆਫੀ ਮੰਗਣ।
Ðਰੋਸ ਮੁਜ਼ਾਹਰੇ ਵਿੱਚ ਸ਼ਾਮਲ ਸਰਬ ਧਰਮ ਕਮਿਸ਼ਨ ਦੇ ਇੱਕ ਪ੍ਰਤੀਨਿਧ ਅਲਾਮਾ ਮੁਹੰਮਦ ਅਹਿਸਾਨ ਸਦੀਕੀ ਨੇ ਕਿਹਾ ਕਿ ਮੁਸਲਮਾਨ ਸਿੱਖਾਂ ਦੇ ਨਾਲ ਹਰ ਪ੍ਰਕਾਰ ਨਾਲ ਖੜੇ ਹਨ ਤੇ ਜਦੋ ਵੀ ਕਦੇ ਕੁਰਾਨ ਬਾਰੇ ਕੋਈ ਗਲਤ ਟਿੱਪਣੀ ਕਰਦਾ ਹੈ ਤਾਂ ਸਿੱਖ ਭਾਈਚਾਰਾ ਮੁਸਲਿਮ ਭਾਈਚਾਰੇ ਨਾਲ ਚਟਾਨ ਵਾਂਗ ਖੜਦਾ ਹੈ ਅਤੇ ਅੱਜ ਮੁਸਲਿਮ ਭਾਈਚਾਰਾ ਵੀ ਸਿੱਖ ਭਾਈਚਾਰੇ ਨਾਲ ਉਸੇ ਤਰ•ਾ ਹੀ ਖੜਾ ਹੈ। ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਅਖਤਰ ਬਲੋਚ ਨੇ ਕਿਹਾ ਕਿ ਇਕੱਲੇ ਸਿੱਖਾਂ ਨਾਲ ਹੀ ਨਹੀ ਸਗੋ ਦੁਨੀਆ ਭਰ ਵਿੱਚ ਘੱਟ ਗਿਣਤੀਆ ਨਾਲ ਅਜਿਹੀਆ ਘਟਨਾਵਾਂ ਵਾਪਰਦੀਆ ਰਹਿੰਦੀਆ ਹਨ ਜਿਹਨਾਂ ਦਾ ਟਾਕਰਾ ਕਰਨ ਲਈ ਮਨੁੱਖੀ ਅਧਿਕਾਰ ਸੰਗਠਨ ਬਣਾ ਕੇ ਕੰਮ ਕਰਨਾ ਇੱਕ ਵਧੀਆ ਮੰਚ ਹੈ। ਇਸ ਰੋਸ ਮੁਜਾਹਰੇ ਨੇ ਹਿੰਦੂ ਭਾਈਚਾਰੇ ਨਾਲ ਸਬੰਧਿਤ ਪੰਡਤ ਵਿਜੈ ਮਹਾਜਨ, ਇਸਾਈ ਭਾਈਚਾਰੇ ਦੇ ਸ਼ਾਂਤਾ ਮਸੀਹ ਤੋ ਇਲਾਵਾ ਡਾਕਟਰ ਸਾਗਰ ਸਿੰਘ, ਡਾਕਟਰ ਮਨਜੀਤ ਸਿੰਘ , ਸ੍ਰ ਭੋਲਾ ਸਿੰਘ ਤੇ ਦੀਪਕ ਸਿੰਘ ਆਦਿ ਨੇ ਵੀ ਸੰਬੋਧਨ ਕਰਦਿਆ ਮੰਗ ਕੀਤੀ ਕਿ ਪੂਰਬੀ ਪੰਜਾਬ ਦੀ ਸਰਕਾਰ ਨੂੰ ਤੁਰੰਤ ਬਰਖਾਸਤ ਕਰਕੇ ਸਿੱਖਾਂ ਨਾਲ ਇਨਸਾਫ ਕੀਤਾ ਜਾਵੇ।