ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ-ਕੈਪਟਨ

By October 19, 2015 0 Comments


ਦੋਸ਼ੀ ਪੁਲੀਸ ਵਾਲਿਆ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ
DSC00466
ਅੰਮ੍ਰਿਤਸਰ 19 ਅਕਤੂਬਰ (ਜਸਬੀਰ ਸਿੰਘ ਪੱਟੀ) ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਡਿਪਟੀ ਆਗੂ ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਸੰਸਦ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਗਹਿਰਾ ਅਫਸੋਸ ਪ੍ਰਗਟ ਕਰਦਿਆ ਮੰਗ ਕੀਤੀ ਕਿ ਸੂਬੇ ਦੀ ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕਰਕੇ ਦੋ ਨੌਜਵਾਨਾਂ ਦੇ ਕਾਤਲ ਦੋਸ਼ੀ ਪੁਲੀਸ ਅਧਿਕਾਰੀਆ ਤੇ ਮੁਲਾਜ਼ਮਾਂ ਦੇ ਖਿਲਾਫ ਧਾਰਾ 302 ਦਾ ਮੁਕੱਦਮਾ ਦਰਜ ਕਰਕੇ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਆਪਣੇ ਕਰੀਬ ਦੋ ਦਰਜਨ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਤੇ ਭਾਰੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰੀਬ ਸਾਢੇ ਚਾਰ ਮਹੀਨੇ ਹੋ ਚੁੱਕੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਈ ਨੂੰ ਪਰ ਸੂਬਾ ਸਰਕਾਰ ਹਾਲੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀ ਕਰ ਸਕੀ ਜਿਸ ਕਾਰਨ ਪੰਜਾਬ ਦੇ ਹਾਲਾਤ ਬਦ ਤੋ ਬਦਤਰ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਲੋਕ ਸੜਕਾਂ ਤੇ ਧਰਨੇ ਲਗਾ ਕੇ ਬੈਠੇ ਹਨ ਤੇ ਮੰਗ ਕਰ ਰਹੇ ਹਨ ਕਿ ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਤੇ ਬੀੜ ਚੋਰੀ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਪਿਊ ਪੁੱਤਰ ਘੂਰਨਿਆ ਵਿੱਚ ਵੜੇ ਬੈਠੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੁਆਰਾ ਇਨਸਾਫ ਲਈ ਲਗਾਏ ਗਏ ਧਰਨਿਆ ਦੀ ਹਮਾਇਤ ਕਰਦੀ ਹੈ ਪਰ ਤਲਵਾਰਾਂ ਲਹਿਰਾਉਣ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਕਿਸੇ ਵੀ ਕੀਮਤ ਤੇ ਕਾਂਗਰਸ ਪਾਰਟੀ ਖਰਾਬ ਨਹੀ ਹੋਣ ਦੇਵੇਗੀ ਪਰ ਅਕਾਲੀ ਜਦੋ ਵੀ ਸੱਤਾ ਵਿੱਚ ਆਏ ਹਨ ਉਦੋ ਹੀ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਖਤਰਾ ਪੈਦਾ ਹੋਇਆ ਹੈ। ਉਹਨਾਂ ਕਿਹਾ ਕਿ ਅਕਾਲੀਆ ਨੂੰ ਤਾਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ਮੁਆਫੀ ਦੇਣ ਜਾਂ ਨਾ ਦੇਣ ਨਾਲ ਉਹਨਾਂ ਦਾ ਕੋਈ ਵਾਸਤਾ ਨਹੀ ਹੈ ਪਰ ਬਾਦਲਾ ਤੇ ਸ਼ਰੋਮਣੀ ਕਮੇਟੀ ਵੱਲੋ ਤਖਤਾਂ ਦੇ ਜਥੇਦਾਰਾਂ ਦੀ ਦੁਰਵਰਤੋ ਕਰਕੇ ਫੈਸਲੇ ਕਰਵਾਏ ਜਾ ਰਹੇ ਹਨ ਜੋ ਮੰਦਭਾਗਾ ਹੈ ਅਤੇ ਸੱਤਾ ਦੀ ਦੁਰਵਰਤੋ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰੱਭੁਸਤਾ ਨੂੰ ਕਿਸੇ ਵੀ ਪ੍ਰਕਾਰ ਦਾ ਖਤਰਾ ਹੋਣ ਤੋ ਇਨਕਾਰ ਕਰਦਿਆ ਉਹਨਾਂ ਕਿਹਾ ਕਿ ਇਹ ਗੁਰੂ ਸਾਹਿਬ ਦਾ ਤਖਤ ਹੈ ਤੇ ਜਥੇਦਾਰ ਤਾਂ ਆਉਦੇ ਜਾਂਦੇ ਰਹਿੰਦੇ ਹਨ ਪਰ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਜਥੇਦਾਰਾਂ ਦਾ ਮੁੱਖ ਕਰਤੱਵ ਹੈ ਜੇਕਰ ਉਹ ਕੋਈ ਕੁਤਾਹੀ ਕਰਦਾ ਹੈ ਤਾਂ ਸੰਗਤਾਂ ਨੂੰ ਉਹਨਾਂ ਨੂੰ ਪੁੱਛਣ ਦਾ ਅਧਿਕਾਰ ਰੱਖਦੀਆ ਹਨ।
ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਦੀ ਕਾਰਗੁਜਾਰੀ ਤੇ ਟਿੱਪਣੀ ਕਰਦਿਆ ਉਹਨਾਂ ਕਿਹਾ ਕਿ ਇਹ ਸੇਵਾਦਾਰ ਨਹੀ ਸਗੋ ਮਸੰਦ ਬਣ ਚੁੱਕੇ ਹਨ ਤੇ ਜਿਸ ਤਰ•ਾ ਪਹਿਲੀ ਗੁਰੂਦੁਆਰਾ ਸੁਧਾਰ ਲਹਿਰ ਚਲਾ ਤੇ ਮਸੰਦਾਂ ਨੂੰ ਗੁਰੂ ਘਰਾਂ ਵਿੱਚੋ ਬਾਹਰ ਕੱਢਿਆ ਗਿਆ ਸੀ ਉਸੇ ਤਰ•ਾ ਹੀ ਹੁਣ ਵੀ ਸੰਗਤਾਂ ਨੂੰ ਨਵੀ ਪ੍ਰਕਾਰ ਦੀ ਮੁਹਿੰਮ ਸ਼ੁਰੂ ਕਰਕੇ ਮਾਡਰਨ ਮਸੰਦਾਂ ਨੂੰ ਬਾਹਰ ਕੱਢਿਆ ਜਾਣਾ ਜਰੂਰੀ ਹੈ।
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋ ਅਸਤੀਫਾ ਦਿੱਤੇ ਜਾਣ ਬਾਰੇ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਸਿੱਕੀ ਨੇ ਜੋ ਕੀਤਾ ਆਪਣੀਆ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖ ਕੇ ਦਿੱਤਾ ਹੈ ਜਿਸ ਦੀ ਉਹ ਕਦਰ ਕਰਦੇ ਹਨ ਪਰ ਇਹਨਾਂ ਅਕਾਲੀਆ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫੇ ਦੇਣੇ ਚਾਹੀਦੇ ਹਨ। ਜਦੋ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹਨਾਂ ਸਮੇਤ ਹੋਰ ਕਾਂਗਰਸੀ ਵਿਧਾਇਕ ਵੀ ਅਸਤੀਫੇ ਦੇ ਸਕਦੇ ਹਨ? ਉਹਨਾਂ ਇਸ ਦਾ ਕੋਈ ਉੱਤਰ ਨਾ ਦਿੱਤਾ ਜਦ ਕਿ ਪਹਿਲਾਂ ਕੈਪਟਨ ਦੇ ਨੇੜਲੇ ਸੂਤਰਾਂ ਦੁਆਰਾ ਕਿਹਾ ਜਾਂਦਾ ਸੀ ਕਿ ਕੈਪਟਨ ਸਾਹਿਬ ਤੇ ਕਾਂਗਰਸੀ ਵਿਧਾਇਕ ਅੱਜ ਅਸਤੀਫਿਆ ਦਾ ਐਲਾਨ ਕਰਕੇ ਰਾਜ ਸਰਕਾਰ ਲਈ ਨਵੀਂ ਮੁਸ਼ਕਲ ਕੜੀ ਕਰ ਦੇਣਗੇ ਪਰ ਅਜਿਹਾ ਨਹੀ ਹੋ ਸਕਿਆ।
ਕੋਟਕਪੂਰਾ ਵਿਖੇ ਨਿਹੱਥੋ ਤੇ ਸ਼ਾਤਮਈ ਮੁਜ਼ਾਹਰਾ ਕਰ ਰਹੇ ਲੋਕਾਂ ਤੇ ਗੋਲੀ ਚਲਾ ਕੇ ਦੋ ਵਿਅਕਤੀਆ ਨੂੰ ਮਾਰਨ ਤੇ ਕਰੀਬ 150-200 ਲੋਕਾਂ ਨੂੰ ਫੱਟੜ ਕਰਨ ਵਾਲੇ ਮੋਗਾ ਦੇ ਐਸ.ਐਸ.ਪੀ ਚਰਨਜੀਤ ਸ਼ਰਮਾ ਤੇ ਸਬੰਧਿਤ ਥਾਣੇ ਦੇ ਥਾਣਾ ਮੁੱਖੀ ਨੂੰ ਬਿਨਾਂ ਕਿਸੇ ਦੇਰੀ ਤੋ ਬਰਖਾਸਤ ਕਰਕੇ ਉਹਨਾਂ ਵਿਰੁੱਧ ਦਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕਰਦਿਆ ਉਹਨਾਂ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਕਿਸੇ ਵੀ ਪ੍ਰਕਾਰ ਦਾ ਸਰਕਾਰ ਤਸ਼ੱਦਦ ਬਰਦਾਸ਼ਤ ਨਹੀ ਕਰੇਗੀ। ਕਾਂਗਰਸ ਦੀ ਪ੍ਰਧਾਨਗੀ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਤੇ ਉਹਨਾਂ ਕਿਹਾ ਕਿ ਅੱਜ ਉਹਨਾਂ ਕੋਲੋ ਕੋਈ ਵੀ ਰਾਜਸੀ ਸਵਾਲ ਨਾ ਪੁੱਛਿਆ ਜਾਵੇ।
ਇਸ ਤੋ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਵਿਸ਼ੇਸ਼ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦਾ ਘੰਟਾ ਘਰ ਦ ਸਵਾਗਤ ਕਰਨ ਲਈ ਪੁੱਜੇ ਤੇ ਉਹਨਾਂ ਨਾਲ ਲੈ ਕੇ ਅੰਦਰ ਗਏ। ਕੈਪਟਨ ਤੇ ਉਹਨਾਂ ਦੇ ਸਾਥੀਆ ਲਈ ਹਰਚਰਨ ਸਿੰਘ ਮੱਥਾ ਟੇਕਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ ਤੇ ਉਹਨਾਂ ਨੇ ਇੱਕ ਲਾਈਨ ਮੱਥਾ ਟੇਕਣ ਵਾਸਤੇ ਵਿਸ਼ੇਸ਼ ਤੌਰ ਤੇ ਖਾਲੀ ਕਰਵਾਈ ਹੋਈ ਸੀ। ਕੈਪਟਨ ਸਾਹਿਬ ਨੇ ਆਪਣੀ ਧਰਮ ਪਤਨੀ ਬੀਬੀ ਪਰਨੀਤ ਕੌਰ ਨਾਲ ਮੱਥਾ ਟੇਕਣ ਉਪੰਰਤ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਰ ਵਿਖੇ ਪੰਗਤ ਵਿੱਚ ਬੈਠ ਕੇ ਲੰਗਰ ਵੀ ਛੱਕਿਆ। ਇਸ ਸਮੇਂ ਉਹਨਾਂ ਦੇ ਨਾਲ ਸ੍ਰੀ ਓਮ ਪ੍ਰਕਾਸ਼ ਸੋਨੀ, ਸੁਖਵਿੰਦਰ ਸਿੰਘ ਸੁੱਖੀ ਰੰਧਾਵਾ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਨੀਲ ਜਾਖੜ, ਰਾਣਾ ਗੁਰਜੀਤ ਸਿੰਘ , ਰਾਣਾ ਗੁਰਮੀਤ ਸਿੰਘ , ਕੇਵਲ ਢਿਲੋ, ਤਰਨ ਤਾਰਨ ਤੋ ਡਾਂ ਅਗਨੀ ਹੋਤਰੀ, ਯੂਥ ਆਗ ਦਿਨੇਸ਼ ਬੱਸੀ, ਇੰਦਰਜੀਤ ਸਿੰਘ ਬਾਸਰਕੇ, ਹਰਜਿੰਦਰ ਸਿੰਘ ਠੇਕੇਦਾਰ ਆਦਿ ਵੀ ਨਾਲ ਸਨ।ਇਸ ਤੋ ਬਾਅਦ ਉਹ ਦੁਰਗਿਆਨਾ ਮੰਦਰ ਵਿਖੇ ਵੀ ਮੱਥਾ ਟੇਕਣ ਗਏ।