ਸ਼ਾਂਤਮਈ ਢੰਗ ਨਾਲ ਚੋਥੇ ਦਿਨ ਵੀ ਭਿੱਖੀਵਿੰਡ ਦੇ ਮੇਂਨ ਚੌਕ ਵਿਖੇ ਧਰਨਾ ਲੱਗਾ

By October 18, 2015 0 Comments


ਧਰਨੇ ਦੌਰਾਨ ਵੱਡੀ ਤਾਦਾਤ ਔਰਤਾਂ ਤੇ ਮਰਦਾਂ ਨੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ

ਤਿੰਨ ਦਿਨ ਤੋਂ ਬਾਅਦ ਬਾਜਾਰ ਖੁੱਲਣ ਨਾਲ ਲੋਕਾਂ ਨੇ ਲਿਆ ਸੁੱਖ ਦਾ ਸਾਹ
1
ਭਿੱਖੀਵਿੰਡ 18 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦਾ ਨਿੱਤ ਦਿਨ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਹੋ ਰਹੇ ਨਿਰਾਦਰ ਅਤੇ ਬਗਰਾੜੀ ਪਿੰਡ (ਫਰੀਦਕੋਟ) ਵਿਖੇ ਵਾਪਰੇ ਕਾਂਡ ਦੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਾ ਕਰਨ ਤੇ ਕੋਟਕਪੁਰਾ ਵਿਖੇ ਮਾਰੇ ਗਏ ਨਿਰਦੋਸ਼ ਲੋਕਾਂ ਦੇ ਕਾਤਲਾਂ ਦੇ ਖਿਲਾਫ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਲਗਾਤਾਰ ਚੋਥੇ ਦਿਨ ਕਸਬਾ ਭਿੱਖੀਵਿੰਡ ਵਿਖੇ ਸ਼ਾਂਤਮਈ ਧਰਨਾ ਜਾਰੀ ਰਿਹਾ ਹੈ ਤੇ ਮੇਂਨ ਚੌਕ ਵਿਖੇ ਲਗਾਏ ਗਏ ਧਰਨੇ ਦੌਰਾਨ ਵੱਡੀ ਤਾਦਾਤ ਵਿੱਚ ਔਰਤਾਂ ਨੇ ਵੀ ਸਮੂਲੀਅਤ ਕਰਕੇ ਪੰਜਾਬ ਸਰਕਾਰ ਖਿਲਾਫ ਆਪਣਾ ਰੋਸ ਜਾਹਰ ਕੀਤਾ। ਲਗਾਤਾਰ ਤਿੰਨ ਦਿਨ ਬਜਾਰ ਬੰਦ ਰਹਿਣ ਤੋਂ ਬਾਅਦ ਅੱਜ ਭਿੱਖੀਵਿੰਡ ਦਾ ਬਜਾਰ ਖੁੱਲਣ ਕਾਰਨ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਤੇ ਵੱਡੀ ਪੱਧਰ ਤੇ ਲੋਕ ਬਜਾਰ ਵਿੱਚ ਖ੍ਰੀਦਦਾਰੀ ਕਰਦੇ ਨਜਰ ਆਏ। ਅੱਜ ਦੇ ਧਰਨੇ ਦੌਰਾਨ ਲੋਕਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਧਾਰਮਿਕ ਆਗੂ ਬਾਬਾ ਜਸਪਾਲ ਸਿੰਘ ਲੱਧੂ ਨੇ ਬੋਲਦਿਆਂ ਕਿਹਾ ਕਿ ਬੜੀ ਸ਼ਰਮ ਵਾਲੀ ਗੱਲ ਹੈ ਕਿ ਚਾਰ ਮਹੀਨੇ ਪਹਿਲਾ ਚੋਰੀ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਰਕਾਰ ਲੱਭਣ ਵਿੱਚ ਜਿਥੇ ਨਾਕਾਮ ਸਾਬਤ ਹੋਈ ਹੈ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨ ਵਾਲ ਲੋਕਾਂ ਵਿਰੁੱਧ ਵੀ ਅਜੇ ਤੱਕ ਕੋਈ ਵੀ ਕਾਰਵਾਈ ਨਹੀ ਕੀਤੀ ਗਈ ਅਤੇ ਸ਼ਾਤਮਈ ਧਰਨਾ ਦੇਣ ਵਾਲੇ ਨਿਰਦੋਸ਼ ਲੋਕਾਂ ਤੇ ਗੋਲੀਆਂ ਚਲਾ ਕੇ ਤਿੰਨ ਵਿਅਕਤੀਆਂ ਨੂੰ ਮਾਰ ਮੁਕਾਇਆ ਹੈ, ਜੋ ਕਿ ਸਰਕਾਰ ਦੀ ਘਟੀਆ ਤੇ ਨਿਕੰਮੀ ਕਾਰਜਗਾਰੀ ਦੀ ਨਿਸ਼ਾਨੀ ਹੈ। ਉਹਨਾਂ ਨੇ ਕਿਹਾ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨ ਦੀ ਬਜਾਏ ਸਰਕਾਰ ਦੀ ਕੱਠਪੁਤਲੀ ਬਣ ਕੇ ਰਹਿ ਗਿਆ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਸਤਿਕਾਰ ਕਮੇਟੀ ਦੇ ਆਗੂ ਚਾਨਣ ਸਿੰਘ ਦਰਾਜਕੇ ਨੇ ਬੋਲਦਿਆਂ ਕਿਹਾ ਕਿ ਆਪਣੇ-ਆਪ ਨੂੰ ਪੰਥਕ ਸਰਕਾਰ ਅਖਵਾਉਦੀ ਬਾਦਲ ਸਰਕਾਰ ਦੇ ਰਾਜ ਅੰਦਰ ਜਿਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਹੋ ਰਿਹਾ ਹੈ, ਉਥੇ ਬਾਦਲ ਸਰਕਾਰ ਦੀ ਪੰਜਾਬ ਪੁਲਿਸ ਵੱਲੋਂ ਚਿੱਟੇ ਦਿਨ ਗੋਲੀਆ ਚਲਾ ਕੇ ਨਿਰਦੋਸ਼ ਸਿੱਖਾਂ ਭਾਈ ਗੁਰਜੀਤ ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ ਵਰਗੇ ਕੌਮ ਦੇ ਹੀਰਿਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ, ਜੋ ਬਾਦਲ ਸਰਕਾਰ ਵਾਸਤੇ ਸ਼ਰਮ ਵਾਲੀ ਗੱਲ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪੂਰੇ ਪੰਜਾਬ ਵਿੱਚ ਲਗਾਤਾਰ ਚੋਥੇ ਦਿਨ ਚੱਲ ਰਹੇ ਧਰਨਿਆਂ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ਤੱਕ ਜੂੰ ਨਹੀ ਸਰਕ ਰਹੀ।
ਇਸ ਸਮੇਂ ਸਤਿਕਾਰ ਕਮੇਟੀ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜੀ ਤੋਂ ਉਪਰ ਉਠ ਕੇ ਇਨਸਾਫ ਲੈਣ ਤੇ ਸੰਘਰਸ਼ ਕਰਨ ਲਈ ਹਰੇਕ ਪਰਿਵਾਰ ਦਾ ਇੱਕ-ਇੱਕ ਮੈਂਬਰ ਸੜਕਾਂ ਤੇ ਆਵੇ ਤਾਂ ਜੋ ਕੰਨਾਂ ਤੋਂ ਬੋਲੀ ਸਰਕਾਰ ਦੀਆਂ ਬੰਦ ਅੱਖਾਂ ਖੋਲੀਆਂ ਜਾ ਸਕਣ। ਇਸ ਸਮੇਂ ਰਣਜੀਤ ਸਿੰਘ ਉਧੋਕੇ, ਰਜਿੰਦਰ ਸਿੰਘ ਯੋਧਾ ਪੂਹਲਾ, ਬਾਬਾ ਦੀਦਾਰ ਸਿੰਘ ਭਿੱਖੀਵਿੰਡ, ਗੁਰਵਿੰਦਰ ਸਿੰਘ ਭੁੱਚਰ, ਦਲਬੀਰ ਸਿੰਘ ਰੂਪ, ਅਰਸ਼ਬੀਰ ਸਿੰਘ ਨਾਰਲੀ, ਰਮਨੀਕ ਸਿੰਘ ਭਗਵਾਨਪੁਰਾ, ਹਰਜੋਤ ਸਿੰਘ ਲੱਧੂ, ਹਰੀ ਸਿੰਘ ਭਿੱਖੀਵਿੰਡ, ਨਿਰਮਲ ਸਿੰਘ ਉਧੋਕੇ, ਬਾਪੂ ਮੋਹਨ ਸਿੰਘ, ਬਲਜੀਤ ਸਿੰਘ ਦੂਹਲ, ਸੁਖਬੀਰ ਸਿੰਘ ਅਲਗੋਂ, ਦਿਲਬਾਗ ਸਿੰਘ ਭਿੱਖੀਵਿੰਡ, ਦਿਲਬਾਗ ਸਿੰਘ ਸਿੱਧਵਾਂ, ਬਲਵੀਰ ਸਿੰਘ ਪਹਿਲਵਾਨਕੇ, ਨਵਰੂਪ ਸਿੰਘ ਲੱਧੂ, ਗੁਰਸਾਹਿਬ ਸਿੰਘ ਮਾੜੀਮੇਘਾ, ਸਤਿੰਦਰਪਾਲ ਸਿੰਘ ਮਿੰਟੂ ਮਾੜੀਮੇਘਾ, ਜਸਪਾਲ ਸਿੰਘ ਤੋਂ ਇਲਾਵਾ ਵੱਡੀ ਤਾਦਾਤ ਵਿੱਚ ਇਲਾਕੇ ਦੀਆਂ ਔਰਤਾਂ ਨੇ ਧਰਨੇ ਦੌਰਾਨ ਭਾਗ ਲਿਆ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ। ਧਰਨੇ ਦੌਰਾਨ ਸੰਗਤਾਂ ਦੀ ਸੇਵਾ ਵਾਸਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।