ਗੁਰੂ ਸਾਹਿਬ ਦੀ ਬੇਅਦਬੀ ਦੇ ਪਸ਼ਚਾਤਾਪ ਲਈ ਹਰ ਸਿੱਖ ਪੰਜ ਪਾਠ ਜਪੁਜੀ ਸਾਹਿਬ ਦੇ ਕਰਕੇ ਅਰਦਾਸ ਕਰੇ- ਗਿਆਨੀ ਗੁਰਬਚਨ ਸਿੰਘ

By October 18, 2015 0 Comments


Giani-Gurbachan-Singh
ਅੰਮ੍ਰਿਤਸਰ 18 ਅਕਤੂਬਰ (ਜਸਬੀਰ ਸਿੰਘ) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੁਰੂ-ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਵਾਪਰ ਰਹੀਆ ਅਣਸੁਖਾਵੀਆ ਘਟਨਾਵਾਂ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਸੱਟ ਵੱਜ ਰਹੀ ਹੈ ਅਤੇ ਹਰੇਕ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਇਨ•ਾਂ ਘਟਨਾਵਾਂ ਕਾਰਨ ਹੀ ਦੋ ਸਿੰਘ ਸ਼ਹੀਦ ਹੋ ਗਏ ਹਨ ਤੇ ਵੱਡੀ ਗਿਣਤੀ ਵਿੱਚ ਸਿੰਘ ਫੱਟੜ ਵੀ ਹੋਏ ਹਨ।
ਜਾਰੀ ਇੱਕ ਬਿਆਨ ਰਾਹੀ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਕਈ ਥਾਵਾਂ ਤੇ ਬੇਅਦਬੀ ਹੋਈ ਹੈ ਜੋ ਚਿੰਤਾ ਦਾ ਵਿਸ਼ਾ ਹੀ ਨਹੀ ਨਹੀ ਸਗੋ ਅਸਹਿ ਵੀ ਹੈ। ਉਹਨਾਂ ਕਿਹਾ ਕਿ ਇਹ ਪੰਥ ਦੋਖੀਆ ਦੀ ਵੱਡੀ ਚਾਲ ਹੈ ਜਿਹਨਾਂ ਨੂੰ ਬਿਨਾਂ ਕਿਸੇ ਦੇਰੀ ਤੋ ਜਨਤਾ ਦੀ ਕਚਿਹਰੀ ਵਿੱਚ ਨੰਗਿਆ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਨਿਰਾਦਰ ਕਰਨ ਵਾਲਿਆ ਨਾਲ ਜਿਥੇ ਪ੍ਰਸ਼ਾਸ਼ਨ ਨੂੰ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਉਥੇ ਇਸ ਨਾਜ਼ਕ ਸਮੇ ਦੀ ਸਿੱਖ ਸ਼ਾਂਤੀ ਬਣਾਈ ਰੱਖਣ ਪਰ ਆਪਣੇ ਸ਼ਾਤਮਈ ਤਰੀਕਿਆ ਨਾਲ ਦਬਾ ਵੀ ਜਰੂਰ ਬਣਾ ਕੇ ਰੱਖਣ ਤਾਂ ਕਿ ਪੰਥ ਦੋਖੀਆ ਦਾ ਪੈੜ ਨੱਪੀ ਜਾ ਸਕੇ।
ਸਮੇਂ ਦੀ ਲੋੜ ਅਨੁਸਾਰ ਹਰ ਗੁਰੂ-ਘਰ ਦੇ ਗ੍ਰੰਥੀ ਅਤੇ ਗੁਰੂ-ਘਰਾਂ ਦੀਆਂ ਕਮੇਟੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਗੁਰੂ-ਘਰਾਂ ਵਿਚ ਸੁਚੇਤ ਹੋ ਕੇ ਪਹਿਰਾ ਦੇਣ। ਜਿਸ ਨਾਲ ਸ਼ਰਾਰਤੀ ਅਨਸਰਾਂ ਉਪਰ ਕਾਬੂ ਪਾਇਆ ਜਾ ਸਕੇ। ਜੇਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਸੇ ਡੇਰੇ ਜਾਂ ਸੰਗਤਾਂ ਨੇ ਆਪਣੇ ਘਰਾਂ ਵਿਚ ਸਤਿਕਾਰ ਨਾਲ ਸੁਸ਼ੋਭਿਤ ਕੀਤੇ ਹਨ ਤਾਂ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਵੀ ਤਤਪਰ ਰਹਿਣ। ਜੇਕਰ ਕੋਈ ਅਣਗਹਿਲੀ ਕਰਦਾ ਹੈ ਤਾਂ ਉਸ ਉਪਰ ਸਖ਼ਤੀ ਨਾਲ ਐਕਸ਼ਨ ਲਿਆ ਜਾਵੇਗਾ।
ਉਹਨਾਂ ਸੂਬਾ ਸਰਕਾਰ ਨੂੰ ਇੱਕ ਵਾਰੀ ਫਿਰ ਸਖਤੀ ਨਾਲ ਹਦਾਇਤ ਕਰਦਿਆ ਕਿਹਾ ਕਿ ਅਜਿਹੀਆ ਘਟਨਾਵਾਂ ਵਾਪਰਨ ਤੋ ਰੋਕਣ ਲਈ ਪੁਲਿਸ ਪ੍ਰਸ਼ਾਸ਼ਨ ਨੂੰ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਿਬੜਨ ਦੇ ਆਦੇਸ਼ ਦਿੱਤੇ ਜਾਣ ਅਤੇ ਸੰਗਤਾਂ ਦੋਸ਼ੀਆਂ ਨੂੰ ਕਾਬੂ ਕਰਨ ਵਾਸਤੇ ਪ੍ਰਸ਼ਾਸ਼ਨ ਦਾ ਸਹਿਯੋਗ ਵੀ ਕਰਨ। ਉਹਨਾਂ ਕਿਹਾ ਕਿ ਬੇਸ਼ੱਕ ਸਿੱਖਾਂ ਦਰਮਿਆਨ ਰਾਜਨੀਤਕ ਜਾਂ ਵਿਚਾਰਕ ਵਖਰੇਵੇਂ ਹੋ ਸਕਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਲੈ ਕੇ ਸਮੁੱਚਾ ਪੰਥ ਇੱਕ ਮੰਚ ‘ਤੇ ਇਕੱਠਾ ਹੈ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਮਤਭੇਦ ਭੁਲਾ ਕੇ ਇਕਜੁਟਤਾ ਦਾ ਸੰਕਲਪ ਲੈਣ। ਉਹਨਾਂ ਕਿਹਾ ਕਿ ਹਰ ਪਿੰਡ, ਮਹੱਲੇ ਦੇ ਗੁਰਦੁਆਰਾ ਸਾਹਿਬ ਵਿਖੇ 24 ਘੰਟੇ ਦੇ ਪਹਿਰੇ ਨੂੰ ਯਕੀਨੀ ਬਣਾਇਆ ਜਾਵੇ ਅਤੇ ਹਰ ਨਗਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਅਤੇ ਪ੍ਰਚਾਰ ਕਮੇਟੀ ਕਾਇਮ ਕੀਤੀ ਜਾਵੇ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੇ ਅਤੇ ਇਹਨਾਂ ਕਮੇਟੀਆ ਤੇ ਸਮੂਹ ਗੁਰਦੁਆਰਿਆ ਦੀ ਜਾਣਕਾਰੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਜਾਵੇ।
ਉਹਨਾਂ ਕਿਹਾ ਕਿ ਇਸ ਨਾਜੁਕ ਸਮੇਂ ਵਿਚ ਹਰ ਗੁਰਸਿੱਖ ਜੋ ਬਾਣੀ ਪੜ• ਸਕਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਪਸ਼ਚਾਤਾਪ ਅਤੇ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜ ਜਪੁਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰੇ।