ਭਿੱਖੀਵਿੰਡ ਵਿਖੇ ਤੀਜੇ ਦਿਨ ਦੇ ਧਰਨੇ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ ਨੂੰ ਕੋਸਿਆ

By October 17, 2015 0 Comments


ਭਿੱਖੀਵਿੰਡ ਵਿਖੇ ਤੀਜੇ ਦਿਨ ਦੇ ਧਰਨੇ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ ਨੂੰ ਕੋਸਿਆ

ਸਿਆਸੀ ਆਗੂ ਧੰਨ, ਸੁਖਬੀਰ ਵਲਟੋਹਾ, ਕੁਲਵੰਤ ਬਾਸਰਕੇ ਆਦਿ ਨੇ ਬਾਦਲ ਸਰਕਾਰ ਨੂੰ ਜਿੰਮੇਵਾਰ ਦੱਸਿਆ

ਵਿਸ਼ਾਲ ਇੱਕਠ ਨੇ ਅਕਾਲ ਤਖਤ ਦੇ ਜਥੇਦਾਰ ਸਮੇਤ ਪੰਜਾਂ ਜਥੇਦਾਰਾਂ ਕੋਲੋ ਕੀਤੀ ਅਸਤੀਫੇ ਦੀ ਮੰਗ
dh
ਭਿੱਖੀਵਿੰਡ 17 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਦੀਆਂ ਵੱਖ-ਵੱਖ ਧਾਰਮਿਕ ਤੇ ਸਿਆਸੀ ਪਾਰਟੀਆਂ ਵੱਲੋਂ ਪਿੰਡ ਬਗਰਾੜੀ (ਫਰੀਦਕੋਟ) ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਨਿਰਾਦਰ ਕਰਨ ਵਾਲੇ ਲੋਕਾਂ ਵਿਰੋਧ ਅਜੇ ਤੱਕ ਕੋਈ ਕਾਰਵਾਈ ਨਾ ਹੋਣ ਅਤੇ ਪਿੰਡ ਬਹਿਬਲ ਕਲਾਂ (ਕੋਟਕਪੁਰਾ) ਵਿਖੇ ਪੰਜਾਬ ਪੁਲਿਸ ਵੱਲੋਂ ਫਾਇਰਿੰਗ ਕਰਕੇ ਮਾਰੇ ਗਏ ਤਿੰਨ ਸਿੱਖਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੇ ਰੋਸ ਵਜੋਂ ਪੰਜਾਬ ਬੰਦ ਦੇ ਐਲਾਨ ਦੌਰਾਨ ਤੀਸਰੇ ਦਿਨ ਕਸਬਾ ਭਿੱਖੀਵਿੰਡ ਦੇ ਮੇਂਨ ਚੌਕ ਵਿਖੇ ਇਲਾਕੇ ਦੇ ਲੋਕਾਂ ਤੇ ਵੱਖ-ਵੱਖ ਸਿਆਸੀ ਤੇ ਧਾਰਮਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵਿਸ਼ਾਲ ਧਰਨਾ ਦੇ ਕੇ ਪੰਜਾਬ ਸਰਕਾਰ ਨੂੰ ਪਾਣੀ ਪੀ-ਪੀ ਕੇ ਕੋਸਿਆ ਗਿਆ।
ਧਰਨੇ ਦੌਰਾਨ ਲੋਕਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਪੀ.ਪੀ.ਪੀ ਦੇ ਮਾਝਾ ਜੋਨ ਇੰਚਾਰਜ ਸਰਵਨ ਸਿੰਘ ਧੰੁਨ ਨੇ ਜੋ ਹੀ ਭਾਸਣ ਦੇਣ ਸਮੇਂ ਕਿਹਾ ਕਿ ਪੰਥ ਦੇ ਨਾਮ ਤੇ ਵੋਟਾਂ ਮੰਗਣ ਵਾਲੇ ਲੀਡਰ ਦੱਸਣ ਕਿ ਸ਼ਾਂਤੀਮਈ ਧਰਨਾ ਦੇਣ ਵਾਲੇ ਸਿੱਖਾਂ ਨੂੰ ਤਾਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ, ਜਦੋਂ ਕਿ ਧਰਨਾ ਦੇ ਰੇਲਾਂ ਰੋਕਣ ਵਾਲੇ ਸਰਸੇ ਵਾਲੇ ਸਾਧ ਦੇ ਚੇਲਿਆਂ ਤੇ ਪੁਲਿਸ ਨੇ ਕਦੀ ਗੋਲੀਆਂ ਕਿਉ ਨਹੀ ਚਲਾਈਆਂ, ਇਹ ਤਾਂ ਲੋਕਾਂ ਨੂੰ ਸੋਚਣਾ ਤੇ ਵਿਚਾਰਣਾ ਪਵੇਗਾ, ਕਿਉਕਿ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਉਣ ਵਾਲੀ ਪੁਲਿਸ ਕਿਹੜੇ ਪੰਥਕ ਲੀਡਰਾਂ ਦੇ ਹੁਕਮਾਂ ਤੇ ਬੇਦੋਸ਼ੇ ਸਿੱਖਾਂ ਨੂੰ ਕਤਲ ਕਰ ਰਹੀ ਹੈ। ਇਸ ਸਮੇਂ ਜਦੋਂ ਸਰਵਨ ਸਿੰਘ ਧੰੁਨ ਦਾ ਜੋਸ਼ੀਲਾ ਭਾਸ਼ਣ ਚੱਲ ਰਿਹਾ ਸੀ ਤਾਂ ਇੱਕ ਅਕਾਲੀ ਸਰਕਾਰ ਦਾ ਸਮੱਰਥਕ ਨੌਜਵਾਨ ਉਸ ਸਮੇਂ ਰੋਲਾ ਪਾ ਕੇ ਸਪੀਕਰ ਦੀਆਂ ਤਾਰਾਂ ਲਾ ਕੇ ਬੰਦ ਕਰਨ ਲੱਗਾ ਤਾਂ ਉਥੇ ਖੜ੍ਹੇ ਲੋਕਾਂ ਨੇ ਤਲਵਾਰਾਂ ਚੁੱਕ ਕੇ “ਬਾਦਲ ਸਰਕਾਰ ਮੁਰਦਾਬਾਦ, ਪੰਥ ਦੇ ਗਦਾਰ ਮੁਰਦਾਬਾਦ, ਖਾਲਿਸਤਾਨ ਜਿੰਦਾਬਾਦ” ਦੇ ਨਾਹਰੇ ਲਗਾਏ ਤਾਂ ਉਕਤ ਨੌਜਵਾਨ ਭੱਜ ਗਿਆ। ਇਸ ਮੌਕੇ ਲੋਕਾਂ ਨੇ ਧੰੁਨ ਨੂੰ ਦੁਬਾਰਾ ਫੇਰ ਭਾਸ਼ਣ ਦੇਣ ਲਈ ਕਿਹਾ ਤਾਂ ਧੰੁਨ ਨੇ ਦੁਬਾਰਾ ਭਾਸ਼ਣ ਦਿੰਦਿਆਂ ਕਿਹਾ ਕਿ ਪਾਰਟੀਬਾਜੀ ਤੋਂ ਉਪਰ ਉੱਠ ਕੇ ਸਾਨੂੰ ਸਾਰਿਆਂ ਨੂੰ ਇਸ ਗੰਭੀਰ ਮਸਲੇ ਸੰਬੰਧੀ ਆਜਾਵ ਬੁਲੰਦ ਕਰਨੀ ਚਾਹੀਦੀ ਹੈ, ਕਿਉਕਿ ਸਾਨੂੰ ਸ੍ਰੀ ਗਰੂ ਗ੍ਰੰਥ ਸਾਹਿਬ ਬਹੁਤ ਪਿਆਰਾ ਹੈ। ਉਹਨਾਂ ਨੇ ਬਾਬਾ ਅਵਤਾਰ ਸਿੰਘ ਘਰਿਆਲਾ ਆਦਿ ਅਸਤੀਫਾ ਦੇਣ ਵਾਲੇ ਸ੍ਰੋਮਣੀ ਕਮੇਟੀ ਮੈਂਬਰਾ ਤੇ ਹੋਰਨਾਂ ਲੋਕਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਨੂੰ ਇਹਨਾਂ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜਿਹਨਾਂ ਨੇ ਸਿੱਖ ਪੰਥ ਦੀ ਸ਼ਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਬਦਲੇ ਆਪਣੇ ਅਹੁੱਦੇ ਤਿਆਗੇ ਹਨ, ਐਸੀਆਂ ਸਖਸੀਅਤਾਂ ਨੂੰ ਮਾਣ-ਸਨਮਾਨ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ। ਇਸ ਸਮੇਂ ਕੁਲਵੰਤ ਸਿੰਘ ਬਾਸਰਕੇ ਨੇ ਆਖਿਆ ਕਿ ਸਿੱਖ ਕੌਮ ਬਹਾਦਰ ਤੇ ਸੂਰਬੀਰਾਂ ਦੀ ਕੌਮ ਹੈ, ਪਰ ਸਾਡੀ ਕੌਮ ਵਿੱਚ ਪੈਦਾ ਹੋਏ ਗਦਾਰ ਲੀਡਰ ਸਾਨੂੰ ਹੀ ਮਰਵਾ ਰਹੇ ਹਨ, ਜਿਸ ਦੀ ਪ੍ਰਤੱਖ ਮਿਸਾਲ 13 ਅਪ੍ਰੈਲ 1978 ਦੀ ਦਿੱਤੀ ਤੇ ਆਖਿਆ ਕਿ ਵਿਸਾਖੀ ਵਾਲੇ ਦਿਨ ਸਿੰਘਾਂ ਤੇ ਨਿਰੰਕਾਰੀਆਂ ਵਿੱਚ ਜੋ ਲੜਾਈ ਹੋਈ ਸੀ, ਉਹ ਵੀ ਸਾਡੇ ਅੱਜ ਦੇ ਪੰਥਕ ਲੀਡਰਾਂ ਨੇ ਕਰਵਾਈ ਸੀ, ਜਿਸ ਵਿੱਚ 13 ਸਿੰਘਾਂ ਨੂੰ ਸ਼ਹੀਦ ਕਰਵਾਇਆ ਗਿਆ ਸੀ।
ਇਸ ਮੌਕੇ ਆਪ ਆਗੂਆਂ ਸੁਖਬੀਰ ਸਿੰਘ ਵਲਟੋਹਾ, ਰਜਿੰਦਰ ਸਿੰਘ ਪੂਹਲਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਤਿਕਾਰਯੋਗ ਗੁਰੂ ਹਨ ਤੇ ਇਹਨਾਂ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ ਹੈ। ਉਹਨਾਂ ਨੇ ਕਿਹਾ ਕਿ ਜਿਹਨਾਂ ਪੰਥ ਦੋਖੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਦਾਰ ਕੀਤਾ ਹੈ, ਉਹ ਸਮਾਜ ਦੇ ਦੁਸ਼ਮਣ ਹਨ, ਐਸੇ ਲੋਕਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਨਿਹੰਗ ਜਥੇਦਾਰ ਸਵਰਨ ਸਿੰਘ ਮਰਗਿੰਦਪੁਰਾ ਨੇ ਕਿਹਾ ਕਿ ਜੋ ਕੁਝ ਵੀ ਹੋ ਰਿਹਾ ਹੈ, ਇਹ ਬਾਦਲ ਜੰੁਡਲੀ ਵੱਲੋਂ ਕੀਤਾ ਜਾ ਰਿਹਾ ਹੈ, ਕਿਉਕਿ ਇਸ ਬਾਦਲ ਜੰੁਡਲੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਵਾ ਕੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਹਨਾਂ ਨੇ ਮੁੱਖ ਮੰਤਰੀ ਬਾਦਲ ਸਮੇਤ ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਵੀ ਤਬੜਤੋੜ ਹਮਲੇ ਕਰਦਿਆਂ ਕਿਹਾ ਕਿ ਜੇਕਰ ਇਹ ਲੋਕ ਸੱਚੇ ਹਨ ਤਾਂ ਸਾਡੇ ਵਾਗੂੰ ਆ ਕੇ ਇਹਨਾਂ ਧਰਨਿਆਂ ਵਿੱਚ ਆ ਕੇ ਬੋਲਣ ਤੇ ਲੋਕਾਂ ਸਾਹਮਣੇ ਸੱਚਾਈ ਰੱਖਣ। ਉਹਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਅਗਲੇ ਦਿਨਾਂ ਵਿੱਚ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਦੇ ਸਲਾਨਾ ਜੋੜ ਮੇਲੇ ਦੌਰਾਨ ਵਿਧਾਨ ਸਭਾ ਹਲਕਾ ਖੇਮਕਰਨ ਵਿੱਚ ਥਾਂ-ਥਾਂ ਧਰਨੇ ਲਗਾਏ ਜਾਣਗੇ ਤੇ ਬਾਦਲ ਜੰੁਡਲੀ, ਤਖਤਾਂ ਦੇ ਜਥੇਦਾਰਾਂ ਨੂੰ ਮੇਲੇ ਵਿੱਚ ਨਾ ਹੀ ਲੰਘਣ ਦਿੱਤਾ ਜਾਵੇਗਾ ਤੇ ਨਾ ਹੀ ਬੋਲਣ ਦਿੱਤਾ ਜਾਵੇਗਾ, ਕਿਉਕਿ ਸੰਤ ਕਰਤਾਰ ਸਿੰਘ ਖਾਲਸਾ ਸੱਚੇ ਤੇ ਸੁੱਚੇ ਇਨਸਾਨ ਸਨ।
ਧਰਨੇ ਦੌਰਾਨ ਕੁਝ ਮਤੇ ਵੀ ਲੋਕਾਂ ਸਾਹਮਣੇ ਰੱਖੇ, ਜਿਹਨਾਂ ਨੂੰ ਲੋਕਾਂ ਨੇ ਹੱਥ ਖੜ੍ਹੇ ਕਰਕੇ ਪਾਸ ਕੀਤਾ, ਜਿਸ ਵਿੱਚ ਪੰਜਾਂ ਤਖਤਾਂ ਦੇ ਜਥੇਦਾਰਾਂ ਨੂੰ ਅਸਤੀਫੇ ਦੇਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਵਾਲੇ ਲੋਕਾਂ ਨੂੰ ਸਜਾ ਦੇਣ, ਸ਼ਹੀਦਾਂ ਦੇ ਪਰਿਵਾਰਾਂ ਦੀ ਜਿੰਮੇਵਾਰ ਲੈਣ ਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਜਿੰਮਾ ਸਰਕਾਰ ਤੇ ਐਸ.ਜੀ.ਪੀ.ਸੀ ਚੁੱਕੇ, ਗੁਰਦੁਆਰੇ ਦੇ ਗ੍ਰੰਥੀਆਂ ਨੂੰ ਤਨਖਾਹ ਐਸ.ਜੀ.ਪੀ.ਸੀ ਦੇਵੇ, ਜਿਹੜੇ ਜਿਲ੍ਹੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੰੁਦੀ ਹੈ, ਉਥੇ ਦੇ ਐਸ.ਐਸ.ਪੀ ਵਿਰੁੱਧ ਧਾਰਾ 302 ਦੇ ਅਧੀਨ ਕੇਸ ਦਰਜ ਹੋਵੇ, ਬਾਦਲ ਪਰਿਵਾਰ ਨੂੰ ਮਿਲੇ ਐਵਾਰਡ ਵਾਪਸ ਲੈਣ, ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਨਵਾਂ ਜਥੇਦਾਰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬਣਾਉਣ ਸੰਬੰਧੀ ਆਦਿ ਮਤੇ ਪਾਸ ਕੀਤੇ ਗਏ। ਇਸ ਸਮੇਂ ਬਾਬਾ ਚੱਤਰ ਸਿੰਘ, ਬਾਬਾ ਬਲਵਿੰਦਰ ਸਿੰਘ ਮਾੜੀ ਕੰਬੋਕੇ ਵਾਲੇ, ਰਘਬੀਰ ਸਿੰਘ ਬਾਸਰਕੇ, ਬਾਬਾ ਪ੍ਰਗਟ ਸਿੰਘ, ਬਾਬਾ ਦੀਦਾਰ ਸਿੰਘ, ਰਣਜੀਤ ਸਿੰਘ ਉਧੋਕੇ, ਚਾਨਣ ਸਿੰਘ ਦਰਾਜਕੇ, ਜਸਵਿੰਦਰ ਸਿੰਘ ਬਾਸਰਕੇ, ਨੰਬਰਦਾਰ ਦਿਲਬਾਗ ਸਿੰਘ ਭਿੱਖੀਵਿੰਡ, ਪਰਮਜੀਤ ਸਿੰਘ ਕਲੰਜਰ, ਕਰਮਜੀਤ ਸਿੰਘ ਦਿਉਲ, ਗੁਰਬਿੰਦਰ ਸਿੰਘ ਭੁੱਚਰ, ਦਲਬੀਰ ਰੂਪ, ਬਖਸੀਸ ਸਿੰਘ ਫੋਜੀ ਆਦਿ ਹਾਜਰ ਸਨ। ਬੰਦ ਦੌਰਾਨ ਭਿੱਖੀਵਿੰਡ, ਸੁਰਸਿੰਘ, ਖਾਲੜਾ, ਅਲਗੋਂ ਕੋਠੀ, ਝਬਾਲ ਆਦਿ ਇਲਾਕਾ ਪੂਰੀ ਤਰ੍ਹਾਂ ਬੰਦ ਰਿਹਾ ਹੈ ਤੇ ਆਵਾਜਾਈ ਵੀ ਪੂਰੀ ਤਰ੍ਹਾਂ ਠੱਪ ਰਹੀ। ਧਰਨੇ ਦੌਰਾਨ ਪਹੰੁਚੇਂ ਲੋਕਾਂ ਦੇ ਵਾਸਤੇ ਲੰਗਰ ਤੇ ਚਾਹ-ਪਾਣੀ ਦਾ ਪ੍ਰਬੰਧ ਬਾਬਾ ਸੁਖਚੈਨ ਸਿੰਘ ਦਰਾਜਕੇ ਵਾਲਿਆਂ ਵੱਲੋਂ ਕੀਤਾ ਗਿਆ।