ਸ੍ਰੀ ਅਕਾਲ ਤਖਤ ਸਾਹਿਬ ਤੋ ਸੌਦਾ ਸਾਧ ਦੀ ਮੁਆਫੀ ਦਾ ਗੁਰਮੱਤਾ ਹੋਇਆ ਰੱਦ

By October 16, 2015 0 Comments


ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀ ਕੀਤੀ ਜਾਵੇਗੀ-ਜਥੇਦਾਰ
ਪੰਥਕ ਭਾਵਨਾਵਾਂ ਨੂੰ ਮੁੱਖ ਰੱਖ ਕੇ ਗੁਰਮੱਤਾ ਕੀਤਾ ਗਿਆ ਰੱਦ – ਗਿਆਨੀ ਗੁਰਬਚਨ ਸਿੰਘ
jathedar
ਅੰਮ੍ਰਿਤਸਰ 16 ਅਕਤੂਬਰ (ਜਸਬੀਰ ਸਿੰਘ) ਸ੍ਰੀ ਅਕਾਲ ਤਖਤ ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸਿਰਸੇ ਵਾਲੇ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਵੱਲੋ ਭੇਜੇ ਗਏ ਅਪੁੱਸ਼ਟ ਸਪੱਸ਼ਟੀਕਰਨ ਤੇ ਵਿਚਾਰ ਚਰਚਾ ਕਰਦਿਆ ਸਿਆਸੀ ਦਬਾ ਹੇਠ ਉਸ ਨੂੰ ਮੁਆਫ ਕੀਤੇ ਜਾਣ ਉਪਰੰਤ ਪੰਥਕ ਸਫਾਂ ਵਿੱਚ ਉਠੇ ਤੂਫਾਨ ਨੂੰ ਲੈ ਕੇ ਜਥੇਦਾਰਾਂ ਨੇ ਅੱਜ ਫਿਰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਪੁਨਰ ਵਿਚਾਰ ਕਰਦਿਆ 24 ਸਤੰਬਰ ਨੂੰ ਜਾਰੀ ਕੀਤਾ ਗੁਰਮੱਤਾ ਅੱਜ ਰੱਦ ਕਰਕੇ ਜਿਥੇ ਪੰਥਕ ਸਫਾਂ ਨੂੰ ਰਾਹਤ ਪਹੁੰਚਾਈ ਹੈ ਉਥੇ ਖੁਦ ਵੀ ਰਾਹਤ ਮਹਿਸੂਸ ਕੀਤੀ ਹੈ।
ਅੱਜ ਸਵੇਰੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਗਿਆਨੀ ਗੁਰਬਚਨ ਸਿੰਘ ਤੋ ਇਲਾਵਾ ਤਖਤ ਸ੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਰੀਬ ਤਿੰਨ ਘੰਟੇ ਚੱਲੀ ਲੰਮੀ ਮੀਟਿੰਗ ਵਿੱਚ ਪੰਥਕ ਸਫਾਂ ਵਿੱਚ ਵਿਰੋਧ ਪਾਏ ਜਾਣ ਤੇ ਅੱਜ 24 ਸਤੰਬਰ ਨੂੰ ਸੌਦਾ ਸਾਧ ਦੀ ਮੁਆਫੀ ਦਾ ਕੀਤਾ ਗੁਰਮੱਤਾ ਰੱਦ ਕਰ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪੰਥਕ ਸ਼ਫਾਂ ਵਿੱਚ ਰੋਸ ਪਾਏ ਜਾਣ ਉਪਰੰਤ ਡੇਰਾ ਮੁੱਖੀ ਦੀ ਮੁਆਫੀ ਦਾ ਗੁਰਮਤਾ ਰੱਦ ਕੀਤਾ ਜਾਂਦਾ ਹੈ। ਪੰਜ ਸਿੰਘ ਸਾਹਿਬਾਨ ਵੱਲੋ ਲਏ ਗਏ ਫੈਸਲੇ ਦੀ ਕਾਫੀ ਪੜ ਕੇ ਸੁਣਾਉਦਿਆ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ”ਡੇਰਾ ਸਿਰਸਾ ਮੁਖੀ ਸੌਦਾ ਅਸਾਧ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਭੇਜੇ ਖਿਮਾਂ ਜਾਚਨਾਂ ਸਪੱਸ਼ਟੀਕਰਨ ‘ਤੇ ਵੀਚਾਰ ਕਰਕੇ ਜੋ ਗੁਰਮਤਾ 8 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਿਕ 24 ਸਤੰਬਰ 2015 ਨੂੰ ਕੀਤਾ ਗਿਆ ਸੀ ਉਸ ਗੁਰਮਤੇ ਨੂੰ ਗੁਰੂ-ਪੰਥ ਵਿਚ ਪ੍ਰਵਾਨ ਨਹੀਂ ਕੀਤਾ ਗਿਆ। ਸਮੂੰਹ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਬੜੀ ਬਰੀਕੀ ਨਾਲ ਵਿਚਾਰਦਿਆਂ ਅੱਜ ਮਿਤੀ 30 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਿਕ 16 ਅਕਤੂਬਰ 2015, ਦਿਨ ਸ਼ੁੱਕਰਵਾਰ ਨੂੰ ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਨੇ ਹੰਗਾਮੀ ਮੀਟਿੰਗ ਸੱਦ ਕੇ (ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਸਿੰਘ ਸਾਹਿਬ ਜਲਦੀ ਨਾ ਆ ਸਕਣ ਕਰਕੇ ਜਥੇਦਾਰ ਸਾਹਿਬ ਨਾਲ ਟੈਲੀਫੋਨ ‘ਤੇ ਵਿਚਾਰ-ਵਟਾਂਦਰਾ ਕਰਕੇ ਸਹਿਮਤੀ ਬਣੀ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਗਿਆਨੀ ਰਘਬਰੀ ਸਿੰਘ ਨੂੰ ਸ਼ਾਮਿਲ ਕਰਕੇ ਮਿਤੀ 8 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਿਕ 24 ਸਤੰਬਰ 2015 ਨੂੰ ਸੌਦਾ ਅਸਾਧ ਡੇਰਾ ਸਿਰਸਾ ਮੁਖੀ ਦੇ ਸਬੰਧ ਵਿਚ ਜੋ ਫੈਸਲਾ ਕੀਤਾ ਗਿਆ ਸੀ, ਅੱਜ ਮਿਤੀ 30 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਿਕ 16 ਅਕਤੂਬਰ 2015, ਦਿਨ ਸ਼ੁੱਕਰਵਾਰ ਨੂੰ ਰੱਦ ਕੀਤਾ ਜਾਂਦਾ ਹੈ। ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਅਤੇ ਗੁਰੂ ਖ਼ਾਲਸਾ ਪੰਥ ਦੇ ਮਾਣ-ਸਨਮਾਨ ਵਾਸਤੇ ਹਮੇਸ਼ਾਂ ਤਤਪਰ ਹਨ।” ਪੱਤਰਕਾਰਾਂ ਵੱਲੋ ਪੁੱਛੇ ਗਏ ਸਵਾਲ ਕਿ ਕੀ ਪਹਿਲਾਂ ਵੀ ਕਦੇ ਅਜਿਹਾ ਅਕਾਲ ਤਖਤ ਸਾਹਿਬ ਤੋ ਗੁਰਮੱਤਾ ਵਾਪਸ ਹੋਇਆ ਹੈ? ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ੁਮਆਫੀ ਦਾ ਕੋਈ ਹੁਕਮਨਾਮਾ ਜਾਂ ਆਦੇਸ਼ ਜਾਰੀ ਨਹੀ ਕੀਤਾ ਗਿਆ ਸੀ ਸਗੋ ਗੁਰਮੱਤਾ ਜਾਰੀ ਕੀਤਾ ਗਿਆ ਸੀ ਅਤੇ ਪੰਥਕ ਰਵਾਇਤਾ ਮੁਤਾਬਕ ਗੁਰਮੱਤਾ ਵਾਪਸ ਹੋ ਸਕਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਸੌਦੇ ਸਾਧ ਨਾਲੋ ਪੰਥਕ ਹਿੱਤ ਵਧੇਰੇ ਪਿਆਰੇ ਹਨ।
ਵਰਨਣਯੋਗ ਹੈ ਕਿ ਸੌਦਾ ਸਾਧ ਨੂੰ ਮੁਆਫੀ ਦੇਣ ਉਪਰੰਤ ਪੰਥਕ ਸਫਾਂ ਵਿੱਚ ਇੱਕ ਤਰ•ਾ ਜਥੇਦਾਰਾਂ ਦੇ ਵਿਰੁੱਧ ਤੂਫਾਨ ਜਿਹਾ ਆ ਗਿਆ ਸੀ ਤੇ ਹਰ ਕੋਈ ਭਰਿਆ ਪੀਤਾ ਜਥੇਦਾਰਾਂ ਨੂੰ ਕੋਸ ਰਿਹਾ ਸੀ। ਕਈ ਨੌਜਵਾਨਾਂ ਨੇ ਤਾਂ ਜਥੇਦਾਰਾਂ ਨੂੰ ਸਬਕ ਸਿਖਾਉਣ ਦੇ ਵੱਟਸ ਅੱਪ ਸੁਨੇਹੇ ਵੀ ਭੇਜੇ ਸਨ ਤੇ ਪੰਜਾਬ ਸਰਕਾਰ ਨੇ ਪਹਿਲਾਂ ਇੱਕ ਇੱਕ ਪਾਇਲਟ ਗੱਡੀ ਤੇ ਫਿਰ ਤਖਤ ਸ੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਤੇ ਇੱਕ ਨੌਜਵਾਨ ਵੱਲੋ ਹਮਲਾ ਕਰ ਦੇਣ ਉਪਰੰਤ ਪਾਇਲਟ ਗੱਡੀਆ ਦੀ ਗਿਣਤੀ ਵਧਾ ਕੇ ਦੋ ਦੋ ਕਰ ਦਿੱਤੀ ਗਈ ਸੀ। ਜਥੇਦਾਰ ਉਸ ਦਿਨ ਤੋ ਸੰਗੀਨਾਂ ਛਾਂ ਹੇਠ ਹੀ ਦਿਨ ਕੱਟੀ ਕਰ ਰਹੇ ਸਨ ਤੇ ਸੌਦਾ ਸਾਧ ਦੀ ਮੁਆਫੀ ਵਾਲਾ ਗੁਰਮੱਤਾ ਰੱਦ ਕਰਨ ਉਪਰੰਤ ਜਿਥੇ ਪੰਥਕ ਹਲਕਿਆ ਵਿੱਚ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ਉਥੇ ਜਥੇਦਾਰਾਂ ਵੀ ਪਹਿਲਾਂ ਨਾਲੋ ਤਰੋਤਾਜ਼ਾ ਵੇਖੇ ਗਏ। ਇਸ ਗੁਰਮੱਤੇ ਨੂੰ ਲੈ ਕੇ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਅਸਤੀਫੇ ਵੀ ਦੇ ਦਿੱਤੇ ਤੇ ਰੋਸ ਪ੍ਰਗਟ ਕਰਦਿਆ ਜਥੇਦਾਰਾਂ ਨੂੰ ਫੈਸਲਾ ਵਾਪਸ ਲੈਣ ਲਈ ਕਿਹਾ ਸੀ।
ਇਸੇ ਤਰ•ਾ ਅੱਜ ਦੀ ਮੀਟਿੰਗ ਵਿੱਚ ਪਿਛਲੇ ਸਮੇਂ ਵਿਚ ਗੁਰੂ ਪੰਥ ਦੇ ਦੋਖੀਆਂ ਵੱਲੋਂ ਜਾਗਤ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚੋਰੀ ਕਰਨ ਉਪਰੰਤ ਧਮਕੀ ਭਰੇ ਪੱਤਰ ਕੰਧਾਂ ਉਤੇ ਚਿਪਕਾ ਕੇ (ਖ਼ਾਲਸਾ ਪੰਥ ਨੂੰ ਚੁਣੌਤੀ) ਦੇਣ ਦਾ ਵੀ ਕੜਾ ਨੋਟਿਸ ਲੈਦਿਆ ਜਥੇਦਾਰਾਂ ਨੇ ਫੈਸਲਾ ਕੀਤਾ ਕਿ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਕਰਨ ਲਈ ਸਰਕਾਰ ਨੂੰ ਤਾੜਨਾ ਵੀ ਕੀਤੀ। ਇਸ ਬਾਰੇ ਵੀ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕੁਝ ਪੰਥ ਦੋਖੀਆ ਨੇ ਗੁਰੂ ਸਾਹਿਬ ਦੇ ਅੰਗ ਗਲ•ੀਆਂ ਵਿਚ ਖਿਲਾਰ ਕੇ ਸਿੱਖ ਹਿਰਿਦਿਆ ਨੂੰ ਭਾਰੀ ਠੇਸ ਪਹੁੰਚਾਈ ਹੈ ਅਤੇ ਇਸ ਗੰਭੀਰ ਮਸਲੇ ਪ੍ਰਤੀ ਪ੍ਰਸ਼ਾਸ਼ਨ ਨੂੰ ਬਾਰ-ਬਾਰ ਜਾਣੂ ਕਰਵਾਇਆ ਗਿਆ ਪ੍ਰੰਤੂ ਪ੍ਰਸ਼ਾਸ਼ਨ ਨੇ ਇਸ ਗੰਭੀਰ ਮਸਲੇ ਪ੍ਰਤੀ ਅਣਗਹਿਲੀ ਭਰਿਆ ਵਤੀਰਾ ਅਪਣਾਈ ਰੱਖਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਪ੍ਰਸ਼ਾਸਨ ਸਮੇਂ ਸਿਰ ਢੁੱਕਵੀਂ ਕਾਰਵਾਈ ਕਰਕੇ ਇਸ ਘਿਨਾਉਣੀ ਹਰਕਤ ਕਰਨ ਵਾਲਿਆਂ ਨੂੰ ਸਜ਼ਾ ਦਿੰਦਾ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਨ ਲਈ ਬਾਣੀ ਦਾ ਜਾਪ ਕਰ ਰਹੀਆਂ ਸ਼ਾਂਤਮਈ ਸੰਗਤਾਂ ਉਤੇ ਪੁਲਿਸ ਨੇ ਗੋਲੀਆਂ ਤੇ ਡਾਂਗਾਂ ਚਲਾ ਕੇ ਨਾਦਰਸ਼ਾਹੀ ਜੁਲਮਾਂ ਦੀ ਯਾਦ ਤਾਜਾ ਕਰਵਾ ਦਿੱਤੀ ਹੈ। ਪ੍ਰਸ਼ਾਸ਼ਨ ਦੇ ਸਿੱਖਾਂ ਨਾਲ ਇਸ ਵਧੀਕੀ ਅਤੇ ਅਤਿਆਚਾਰੀ ਰਵਈਏ ਦੀ ਪੰਜ ਸਿੰਘ ਸਾਹਿਬਾਨ ਵੱਲੋਂ ਘੋਰ ਨਿਖੇਧੀ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਗ੍ਰਿਫਤਾਰ ਕੀਤੇ ਗਏ ਸਾਰੇ ਸਿੰਘਾਂ ਨੂੰ ਬਿਨ•ਾਂ ਸ਼ਰਤ ਰਿਹਾਅ ਕਰਕੇ ਅੱਤਿਆਚਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਡਿਸਮਿਸ ਕਰਕੇ ਨਿਰਦੋਸ਼ ਸਿੰਘਾਂ ਨੂੰ ਸ਼ਹੀਦ ਤੇ ਜਖ਼ਮੀ ਕਰਨ ਦੇ ਕੇਸ ਚਲਾਏ ਜਾਣ । ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਤੇ ਸਰਕਾਰ ਨੇ ਹੁਣ ਵੀ ਦੋਸ਼ੀਆ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਫਿਰ ਪੰਥਕ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਉਹ ਹੱਥ ਤੇ ਹੱਥ ਰੱਖ ਕੇ ਨਾ ਬੈਠੇ ਸਗੋਂ ਕੇਸਾਂ ਦੀ ਪੈਰਵਾਈ ਕਰਕੇ ਆਪਣੇ ਜਿੰਮੇਵਾਰੀ ਨਿਭਾਏ।
ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਧਾਨ ਸ੍ਰ ੀ ਅਵਤਾਰ ਸਿੰਘ ਮੱਕੜ ਨੂੰ ਆਦੇਸ਼ ਜਾਰੀ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਤੇ ਗੰਭੀਰ ਜਖ਼ਮੀ ਹੋਏ ਸਿੰਘਾਂ ਦੇ ਇਲਾਜ ਦਾ ਸਾਰਾ ਖਰਚਾ ਅਦਾ ਕਰੇ। ਉਹਨਾਂ ਕਿਹਾ ਕਿ ਫੱਟੜ ਹੋਏ ਸਿੰਘਾਂ ਨੂੰ ਵੀ ਆਰਥਿਕ ਸਹਾਇਤਾ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਪਰਿਵਾਰਾਂ ਦਾ ਗੁਜਾਰਾ ਹੋ ਸਕੇ।
ਉਹਨਾਂ ਕਿਹਾ ਕਿ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੋ ਕਈ ਵਾਰੀ ਹਦਾਇਤਾਂ ਜਾਰੀ ਕੀਤੀਆ ਜਾ ਚੁੱਕੀਆ ਹਨ ਕਿ ਗੁਰੂ ਘਰਾਂ ਦੇ ਬਾਹਰ ਪਹਿਰੇਦਾਰ ਖੜੇ ਕੀਤੇ ਜਾਣ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਉਹਨਾਂ ਕਿਹਾ ਕਿ ਹਰ ਪਿੰਡ ਦੇ ਗੁਰੂਦੁਆਰੇ ਦੀ ਜਾਣਕਾਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਦਿੱਤੀ ਜਾਵੇ ਤਾਂ ਕਿ ਸਾਰਿਆ ਦੀ ਲਿਸਟ ਤਿਆਰ ਕਰਕੇ ਰੱਖੀ ਜਾ ਸਕੇ। ਉਹਨਾਂ ਕਿਹਾ ਕਿ ਜਿਹੜਾ ਵੀ ਗ੍ਰੰਥੀ ਜਾਂ ਗੁਰੂਦੁਆਰਾ ਕਮੇਟੀ ਉਲੰਘਣਾ ਕਰੇਗੀ ਅਤੇ ਕੋਈ ਵੀ ਘਟਨਾ ਵਾਪਰਨ ਲਈ ਗ੍ਰੰਥੀ ਤੇ ਪ੍ਰਬੰਧਕ ਕਮੇਟੀ ਜਿੰਮੇਵਾਰ ਹੋਣਗੀਆ ਤੇ ਸਭ ਤੋ ਪਹਿਲਾਂ ਪਰਚਾ ਉਹਨਾਂ ਦੇ ਖਿਲਾਫ ਹੀ ਦਰਜ ਕਰਵਾਇਆ ਜਾਵੇਗਾ।