ਜਥੇਦਾਰਾਂ ਵੱਲੋ ਸੌਦਾ ਸਾਧ ਦੀ ਮੁਆਫੀ ਵਾਲਾ ਫੈਸਲਾ ਰੱਦ ਕਰਨ ਨਾਲ ਪੰਥ ਮਿਲੀ ਨੂੰ ਰਾਹਤ

By October 16, 2015 0 Comments


ਮੱਕੜ ਤੇ ਜਥੇਦਾਰ ਆਹੁਦਿਆ ਤੋ ਅਸਤੀਫੇ ਦੇਣ – ਸਰਨਾ ਭਰਾ
sarna brothers
ਅੰਮ੍ਰਿਤਸਰ 16 ਅਕਤੂਬਰ (ਜਸਬੀਰ ਸਿੰਘ) ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਨੇ ਸੌਦਾ ਸਾਧ ਨੂੰ ਪੰਜ ਸਿੰਘ ਸਾਹਿਬਾਨ ਵੱਲੋ 24 ਸਤੰਬਰ ਨੂੰ ਬਿਨਾਂ ਪੇਸ਼ ਹੋਇਆ ਮੁਆਫੀ ਦੇਣ ਸਬੰਧੀ ਪੰਥ ਵਿੱਚ ਉੱਠੇ ਤੂਫਾਨ ਤੋ ਭੈਭੀਤ ਹੁੰਦਿਆ ਜਥੇਦਾਰਾਂ ਵੱਲੋ ਅੱਜ ਗੁਰਮੱਤਾ ਵਾਪਸ ਲੈਣ ਤੇ ਟਿੱਪਣੀ ਕਰਦਿਆ ਕਿਹਾ ਕਿ ਜਥੇਦਾਰਾਂ ਦੇ ਇਸ ਫੈਸਲੇ ਨਾਲ ਪੰਥ ਨੂੰ ਰਾਹਤ ਜਰੂਰ ਮਿਲੀ ਹੈ ਪਰ ਸੰਤੁਸ਼ਟੀ ਉਸ ਵੇਲੇ ਹੋਵੇਗੀ ਜਦੋ ਇਹ ਨਾਅਹਿਲ ਜਥੇਦਾਰ ਆਪਣੇ ਆਹੁਦਿਆ ਤੋ ਅਸਤੀਫੇ ਦੇ ਦੇਣਗੇ।
ਜਾਰੀ ਇੱਕ ਬਿਆਨ ਰਾਹੀ ਸਰਨਾ ਭਰਾਵਾਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਪੇਸ਼ ਹੋਏ ਬਗੈਰ ਅਕਾਲ ਤਖਤ ਸਾਹਿਬ ਤੋ ਮੁਆਫੀ ਨਹੀ ਦਿੱਤੀ ਜਾ ਸਕਦੀ ਪਰ ਜਥੇਦਾਰਾਂ ਨੇ ਸਿਆਸੀ ਦਬਾ ਹੇਠ ਸਿੱਖਾਂ ਦੇ ਕਾਤਲ ਤੇ ਗੁਰੂ ਸਾਹਿਬ ਦਾ ਸਵਾਂਗ ਰਚਾ ਕੇ ਪੰਥਕ ਹਿਰਦਿਆ ਨੂੰ ਠੇਸ ਪਹੁੰਚਾਉਣ ਵਾਲੇ ਦੋਸ਼ੀ ਸੌਦਾ ਸਾਧ ਦੇ ਇੱਕ ਸਾਦੇ ਕਾਗਜ਼ ਤੇ ਅਸਪੱਸ਼ਟ ਸਪੱਸ਼ਟੀਕਰਨ ਨੂੰ ਪ੍ਰਵਾਨ ਕਰਕੇ ਆਮ ਮੁਆਫੀ ਦੇ ਦਿੱਤੀ ਗਈ ਜਿਸ ਦਾ ਦੁਨੀਆ ਭਰ ਦੇ ਸਿੱਖਾਂ ਵਿੱਚ ਵਿਰੋਧ ਹੋਇਆ ਅਤੇ ਪੰਥਕ ਰੋਹ ਅੱਗੇ ਝੁਕਦਿਆ ਜਥੇਦਾਰਾਂ ਨੂੰ ਮੁਆਫੀ ਵਾਲਾ ਗੁਰਮੱਤਾ ਅੱਜ ਰੱਦ ਕਰਨਾ ਪਿਆ। ਉਹਨਾਂ ਕਿਹਾ ਕਿ ਉਹ ਦੇਸ਼ ਵਿਦੇਸ਼ ਦੀਆ ਸੰਗਤਾਂ ਦਾ ਦਿਲ ਦੀ ਗਹਿਰਾਈਆ ਤੋ ਧੰਨਵਾਦ ਕਰਦੇ ਹਨ ਜਿਹਨਾਂ ਨੇ ਜਥੇਦਾਰਾਂ ਵੱਲੋ ਲਏ ਗਏ ਫੈਸਲੇ ਦਾ ਡੱਟ ਕੇ ਵਿਰੋਧ ਕੀਤਾ ਤਾਂ ਜਥੇਦਾਰਾਂ ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਜਿਹੜੇ ਸਿੱਖ ਆਪਣਾ ਰੋਸ ਪ੍ਰਗਟ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਹਨ ਉਹਨਾਂ ਦੀਆ ਸ਼ਹਾਦਤਾਂ ਨੂੰ ਉਹ ਨਮਸਕਾਰ ਕਰਦੇ ਹਨ।
ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਪਹਿਲਾਂ ਉਸ ਨੇ ਸ਼੍ਰੋਮਣੀ ਕਮੇਟੀ ਦੇ ਮੇਂਬਰਾਂ ਨੂੰ ਮੀਟਿੰਗ ਦੇ ਬਹਾਨੇ ਬੁਲਾ ਕੇ ਤਾਨਾਸ਼ਾਹੀ ਤਰੀਕੇ ਨਾਲ ਜਥੇਦਾਰ ਵੱਲੋ ਲੈ ਗਏ ਫੈਸਲੇ ਦੇ ਹੱਕ ਵਿੱਚ ਮਤਾ ਪੜ• ਦਿੱਤਾ ਪਰ ਕਿਸੇ ਵੀ ਮੈਂਬਰ ਨੂੰ ਬੋਲਣ ਨਹੀ ਦਿੱਤਾ ਤੇ ਫਿਰ ਸੰਗਤਾਂ ਵੱਲੋ ਵਿਰੋਧ ਕੀਤੇ ਜਾਣ ਤੇ ਬਲਦੀ ਤੇ ਤੇਲ ਪਾਉਦਿਆ ਅਖਬਾਰਾਂ ਵਿੱਚ ਜਥੇਦਾਰਾਂ ਦੇ ਫੈਸਲੇ ਤੇ ਮੋਹਰ ਲਗਾਉਦਿਆ ਇਸ਼ਤਿਹਾਰ ਜਾਰੀ ਕਰਕੇ ਸੰਗਤਾਂ ਦੇ ਰੋਸ ਵਿੱਚ ਹੋਰ ਵੀ ਵਾਧਾ ਕਰ ਦਿੱਤਾ। ਉਹਨਾਂ ਕਿਹਾ ਕਿ ਮੱਕੜ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਜਿਥੇ ਸਿੱਖਾਂ ਦੀ ਮਾਨਸਿਕ ਪਰੇਸ਼ਾਨੀ ਵਿੱਚ ਵਾਧਾ ਕੀਤਾ ਉਹ ਗੁਰੂ ਕੀ ਗੋਲਕ ਦਾ ਵੀ ਉਜਾੜਾ ਕੀਤਾ ਹੈ। ਉਹਨਾਂ ਕਿਹਾ ਕਿ ਜਥੇਦਾਰਾਂ ਦੇ ਨਾਲ ਨਾਲ ਮੱਕੜ ਵੀ ਬਰਾਬਰ ਦਾ ਦੋਸ਼ੀ ਹੈ ਤੇ ਉਸ ਨੂੰ ਹੁਣ ਆਪਣੇ ਆਹੁਦੇ ‘ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀ ਹੈ। ਦਿੱਲੀ ਵਿਖੇ ਉਹਨਾਂ ਵੱਲੋ 11 ਸਤੰਬਰ ਨੂੰ ਕਰਵਾਈ ਗਈ ਪੰਥਕ ਕਨਵੈਨਸ਼ਨ ਵਿੱਚ ਜਿਸ ਤਰੀਕੇ ਨਾਲ ਦੇਸ਼ਾ ਵਿਦੇਸ਼ਾ ਤੋ ਸੰਗਤਾਂ ਪੁੱਜੀਆ ਸਨ ਉਸ ਨੇ ਸਾਬਤ ਕਰ ਦਿੱਤਾ ਸੀ ਕਿ ਸੰਗਤਾਂ ਵਿੱਚ ਜਥੇਦਾਰਾਂ ਵੱਲੋ ਲੈ ਗਏ ਫੈਸਲੇ ਨੂੰ ਕਿਸੇ ਵੀ ਕੀਮਤ ਤੇ ਪ੍ਰਵਾਨ ਕਰਨ ਲਈ ਤਿਆਰ ਨਹੀ ਹਨ। ਉਹਨਾਂ ਕਿਹਾ ਕਿ ਜੇਕਰ ਮੱਕੜ ਤੇ ਜਥੇਦਾਰ ਆਪਣੇ ਅਸਤੀਫੇ ਨਹੀ ਦਿੰਦੇ ਤਾਂ ਸਿੱਖਾਂ ਸੰਗਤਾਂ ਉਸ ਵੇਲੇ ਤੱਕ ਸੰਘਰਸ਼ ਜਾਰੀ ਰੱਖਣਗੀਆ ਜਦੋ ਤੱਕ ਇਹਨਾਂ ਨੂੰ ਆਹੁਦੇ ਛੱਡਣ ਲਈ ਮਜਬੂਰ ਨਹੀ ਕਰ ਦਿੰਦੀਆ। ਉਹਨਾਂ ਕਿਹਾ ਕਿ ਬੀਤੇ ਕਲ• ਜਦੋ ਸਾਰਾ ਪੰਜਾਬ ਬੰਦ ਦਾ ਸੱਦਾ ਪੰਥਕ ਜਥੇਬੰਦੀਆ ਨੇ ਦਿੱਤਾ ਸੀ ਤਾਂ ਉਸ ਵੇਲੇ ਮੱਕੜ ਖੁਦ ਸ਼੍ਰੋਮਣੀ ਕਮੇਟੀ ਦੇ ਦਫਤਰ ਖੋਹਲ ਕੇ ਬੈਠਾ ਸੀ ਜਿਸ ਦੀ ਉਹ ਕਰੜੇ ਸ਼ਬਦਾ ਵਿੱਚ ਨਿਖੇਧੀ ਕਰਦੇ ਹਨ।ਉਹਨਾਂ ਕਿਹਾ ਕਿ ਉਹ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ ਕੇ ਤੇ ਜਨਰਲ ਸਕੱਤਰ ਮਨਿੰਜਦਰ ਸਿੰਘ ਸਿਰਸਾ ਨੂੰ ਵੀ ਪੁੱਛਣਾ ਚਾਹੁੰਦੇ ਹਨ ਕਿ ਉਹ ਗੁਰੂ ਦੀ ਗੋਲਕ ਵਿੱਚੋ ਹਵਾਈ ਟਿਕਟਾਂ ਲੈ ਕੇ ਕੁਝ ਮੈਬਰਾਂ ਸਮੇਤ ਵਿਸ਼ੇਸ਼ ਕਰਕੇ ਅੰਮ੍ਰਿਤਸਰ ਪੁੱਜ ਕੇ ਜਥੇਦਾਰਾਂ ਵੱਲੋ ਲੈ ਗਏ ਗਲਤ ਫੈਸਲੇ ਦੀ ਪ੍ਰੋੜਤਾ ਕਰਨ ਗਏ ਸਨ ਵੀ ਆਪਣੀ ਸਥਿਤੀ ਸਪੱਸ਼ਟ ਕਰਨ ਕਿ ਉਹ ਹੁਣ ਕਿਥੇ ਖੜੇ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਇਹਨਾਂ ਆਹੁਦੇਦਾਰਾਂ ਤੇ ਮੈਬਰਾਂ ਨੂੰ ਚਾਹੀਦਾ ਹੈ ਕਿ ਉਹ ਵੀ ਆਪਣੇ ਆਹੁਦਿਆ ਤੋ ਨੈਤਿਕਤਾ ਦੇ ਆਧਾਰ ਤੇ ਅਸਤੀਫੇ ਦੇ ਕੇ ਸਮੁੱਚੇ ਪੰਥ ਕੋਲੋ ਮੁਆਫੀ ਮੰਗਣ।
ਉਹਨਾਂ ਕਿਹਾ ਕਿ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਮੁੱਦ ਨੂੰ ਲੈ ਕੇ ਸਿੰਘਾਂ ਤੇ ਅੱਤਿਆਚਾਰ ਕਰਨ ਲਈ ਪੁਲੀਸ ਤੇ ਸਰਕਾਰ ਦੋਸ਼ੀ ਹਨ ਤੇ ਅਕਾਲੀ ਦਲ ਬਾਦਲ ਕੋਲੋ ਸਿੱਖ ਸੰਗਤਾਂ ਪਾਈ ਪਾਈ ਦਾ ਹਿਸਾਬ ਸਮਾਂ ਆਉਣ ਤੇ ਜ਼ਰੂਰ ਲੈਣਗੀਆ। ਉਹਨਾਂ ਕਿਹਾ ਕਿ ਉਹ ਸੰਤ ਬਾਬਾ ਰਣਜੀਤ ਸਿੰਘ ਢੱਡਰੀਆ ਵਾਲੇ, ਗਿਆਨੀ ਬਲਵੰਤ ਸਿੰਘ ਨੰਦਗੜ•, ਭਾਈ ਪੰਥਪ੍ਰੀਤ ਸਿੰਘ, ਭਾਈ ਪਿੰਦਰਪਾਲ ਸਿੰਘ ਤੇ ਪੰਥਕ ਆਗੂਆਂ ਦਾ ਵੀ ਧੰਨਵਾਦ ਕਰਦੇ ਹਨ ਜਿਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਦੇ ਖਿਲਾਫ ਮੋਰਚਾ ਵਿੱਢਿਆ ਹੋਇਆ ਹੈ ਅਤੇ ਵਿਸ਼ਵਾਸ਼ ਦਿਵਾਉਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਹਰ ਪ੍ਰਕਾਰ ਨਾਲ ਸਹਿਯੋਗ ਦੇਵੇਗਾ