ਦੂਸਰੇ ਦਿਨ ਵੀ ਭਿੱਖੀਵਿੰਡ ਤੇ ਸੁਰਸਿੰਘ ਵਿਖੇ ਧਰਨੇ ਦਿੱਤੇ ਤੇ ਰੋਸ ਮੁਜਾਹਰਾ ਕੀਤਾ

By October 16, 2015 0 Comments


ਧਰਨਿਆਂ ਕਾਰਨ ਆਵਾਜਾਈ ਰਹੀ ਪੂਰੀ ਤਰ੍ਹਾਂ ਰਹੀ ਠੱਪ
dharna 2
ਭਿੱਖੀਵਿੰਡ 16 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਬਗਰਾੜੀ (ਫਰੀਦਕੋਟ) ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਨਿਰਾਦਰ ਕਰਨ ਵਾਲੇ ਲੋਕਾਂ ਵਿਰੋਧ ਕੋਈ ਕਾਰਵਾਈ ਨਾ ਹੋਣ ਅਤੇ ਪਿੰਡ ਬਹਿਬਲ ਕਲਾਂ (ਕੋਟਕਪੁਰਾ) ਵਿਖੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਤੇ ਪੰਜਾਬ ਪੁਲਿਸ ਵੱਲੋਂ ਫਾਇਰਿੰਗ ਕਰਕੇ ਮਾਰੇ ਗਏ ਤਿੰਨ ਸਿੱਖਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਦੂਸਰੇ ਦਿਨ ਵੀ ਕਸਬਾ ਭਿੱਖੀਵਿੰਡ, ਸੁਰਸਿੰਘ, ਖਾਲੜਾ, ਅਲਗੋਂ ਕੋਠੀ, ਝਬਾਲ ਆਦਿ ਪੂਰੀ ਤਰ੍ਹਾਂ ਬੰਦ ਰਿਹਾ ਹੈ ਤੇ ਆਵਾਜਾਈ ਪੂਰੀ ਬੰਦ ਰਹੀ। ਪੰਜਾਬ ਬੰਦ ਦੌਰਾਨ ਦਿੱਤੇ ਗਏ ਧਰਨਿਆਂ ਨਾਲ ਜਿਥੇ ਬੱਸਾਂ ਬੰਦ ਹੋਣ ਕਾਰਨ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ, ਉਥੇ ਮੋਟਰਸਾਈਕਲ, ਕਾਰਾਂ, ਜੀਪਾਂ ਆਦਿ ਵਾਹਨ ਚਾਲਕਾਂ ਨੂੰ ਵੀ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਭਾਂਵੇ ਕਿ ਪਹਿਲੇ ਦਿਨ ਦੇ ਧਰਨੇ ਦੌਰਾਨ ਵੱਖ-ਵੱਖ ਜਥੇਬੰਦੀਆਂ ਵੱਲੋਂ ਉੱਚ ਅਧਿਕਾਰੀਆਂ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਮੰਗ ਪੱਤਰ ਦੇ ਕੇ ਧਰਨਾ ਚੁੱਕ ਲਿਆ ਗਿਆ ਸੀ, ਪਰ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਾ ਚੁੱਕੇ ਜਾਣ ਤੇ ਲੋਕਾਂ ਵਿੱਚ ਚੱਲ ਰਹੀ ਗੁੱਸੇ ਦੀ ਲਹਿਰ ਦਿਨ-ਬਦਿਨ ਤੇਜ ਹੰੁਦੀ ਜਾ ਰਹੀ ਹੈ, ਜਿਸ ਦੀ ਲੜੀ ਤਹਿਤ ਵਜੋਂ ਵੱਖ-ਵੱਖ ਧਾਰਮਿਕ ਤੇ ਸਿਆਸੀ ਆਗੂਆਂ ਵੱਲੋਂ ਅਸਤੀਫੇ ਦਿੱਤੇ ਜਾ ਰਹੇ ਹਨ, ਉਥੇ ਦੂਸਰੇ ਦਿਨ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁੜ ਧਰਨਾ ਲਗਾ ਕੇ ਭਿੱਖੀਵਿੰਡ ਦੇ ਮੇਂਨ ਚੌਕ ਨੂੰ ਜਾਮ ਕਰ ਦਿੱਤਾ ਗਿਆ ਤੇ ਸਰਕਾਰ ਵਿਰੁੱਧ ਰੋਸ ਜਾਹਰ ਕੀਤਾ ਗਿਆ।
ਕਸਬਾ ਸੁਰਸਿੰਘ ਵਿਖੇ ਦਲ ਬਾਬਾ ਬਿੱਧੀ ਚੰਦ ਦੇ ਮੁੱਖੀ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਦੇ ਛੋਟੇ ਭਰਾ ਸੰਤ ਬਾਬਾ ਗੁਰਬਚਨ ਸਿੰਘ ਸੁਰਸਿੰਘ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਤੇ ਪਿੰਡ ਵਾਸੀਆਂ ਵੱਲੋਂ ਵੱਡੀ ਪੱਧਰ ਤੇ ਧਰਨਾ ਲਗਾਇਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬਾਬਾ ਗੁਰਬਚਨ ਸਿੰਘ ਦੇ ਨਜਦੀਕੀ ਸਾਥੀ ਗਿਆਨੀ ਸੰਤੋਖ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਤੇ ਕੋਟਕਪੁਰਾ ਨੇੜੇ ਮਾਰੇ ਗਏ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਫੜ੍ਹਣ ਦੀ ਮੰਗ ਕੀਤੀ। ਗਿਆਨੀ ਸੰਤੌਖ ਸਿੰਘ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦੋਸ਼ੀਆਂ ਦੀ ਸੂਹ ਦੇਣ ਵਾਲੇ ਨੂੰ ਇੱਕ ਕਰੋੜ ਰੁਪਏ ਦੇਣ ਦੇ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਬਹਿਬਲ (ਕੋਟਕਪੁਰਾ) ਵਿਖੇ ਮਾਰੇ ਗਏ ਤਿੰਨ ਬੇਕਸੂਰ ਨੌਜਵਾਨਾਂ ਦੇ ਮਾਪਿਆਂ ਦੀ ਸਰਕਾਰ ਵੱਧ ਤੋਂ ਵੱਧ ਮਦਦ ਕਰੇ, ਉਥੇ ਸਮਾਜ ਸੇਵੀ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ। ਇਸ ਸਮੇਂ ਪਿੰਡ ਦੇ ਪੰਚ ਸ਼ੇਰ ਸਿੰਘ ਨੇ ਰੋਸ ਵਜੋਂ ਮੈਂਬਰ ਪੰਚਾਇਤ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਸਮੇਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਂਨ ਗੁਰਭੇਜ ਸਿੰਘ ਸੁਰਸਿੰਘ, ਲਖਵਿੰਦਰ ਸਿੰਘ ਸੰਧੂ, ਜਥੇਦਾਰ ਪਿਆਰਾ ਸਿੰਘ ਪੂਹਲਾ, ਬਿੱਕਰ ਸਿੰਘ, ਹਰਪਾਲ ਸਿੰਘ ਬਲ਼੍ਹੇਰ, ਸੇਵਾ ਸਿੰਘ ਸੁਰਸਿੰਘ, ਪਿ੍ਰੰਸੀਪਲ ਬਿੱਕਰ ਸਿੰਘ, ਬਾਬਾ ਕੱਟਤੋੜ ਸਿੰਘ, ਨੰਬਰਦਾਰ ਸਵਰਨ ਸਿੰਘ, ਰਾਮ ਸਿੰਘ ਮੈਡੀਕਲ ਵਾਲੇ, ਲੈਫਟੀਨੈਂਟ ਨਿਸਾਨ ਸਿੰਘ, ਸੁਖਵਿੰਦਰ ਸਿੰਘ ਛੀਨਾ, ਜਥੇਦਾਰ ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਪਟਵਾਰੀ ਸੁਲੱਖਣ ਸਿੰਘ ਆਦਿ ਹਾਜਰ ਸਨ।