ਦਸਮ ਪਾਤਸ਼ਾਹ ਦੀ ਵਾਸਤਵਿਕ ਸੋਚ

By October 12, 2015 0 Comments


peer budhu shahਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੱਕ ਗੁਰੂ-ਘਰ ਦਾ ਮੁਗਲ ਸਰਕਾਰ ਨਾਲ ਟਕਰਾਓ ਚਲਦਾ ਰਿਹਾ। ਫਿਰ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ‘ਤੇ ਬੈਠੇ। ਉਨ੍ਹਾਂ ਦੀ ਉਮਰ 24-25 ਸਾਲ ਹੋਈ ਤਾਂ ਅਨੰਦਪੁਰ ਸਾਹਿਬ ਉੱਤੇ ਕਦੀ ਲਾਹੌਰ ਤੋਂ ਅਤੇ ਕਦੀ ਕਾਂਗੜੇ ਦੇ ਫੌਜਦਾਰ ਵੱਲੋਂ ਹਮਲੇ ਹੋਣੇ ਸ਼ੁਰੂ ਹੋ ਗਏ। ਇਨ੍ਹਾਂ ਹਮਲਿਆਂ ਵਿਚ ਪਹਾੜੀ ਰਾਜਿਆਂ ਦਾ ਵੀ ਹੱਥ ਹੁੰਦਾ ਸੀ ਪਰ ਗੁਰੂ ਸਾਹਿਬ ਵਿਰੁੱਧ ਇਹ ਸਾਰੀਆਂ ਮੁਹਿੰਮਾਂ ਅਸਫਲ ਹੋ ਗਈਆਂ। ਇਨ੍ਹਾਂ ਸਾਰੀਆਂ ਮੁਹਿੰਮਾਂ ਦੀ ਖਬਰ ਬਾਦਸ਼ਾਹ ਔਰੰਗਜ਼ੇਬ ਨੂੰ ਦੱਖਣ ਵਿਚ ਮਿਲਦੀ ਰਹਿੰਦੀ ਸੀ। ਸ਼ਾਹੀ ਫੌਜਾਂ ਦੀ ਹਾਰ ਤੋਂ ਔਰੰਗਜ਼ੇਬ ਬੜਾ ਪ੍ਰੇਸ਼ਾਨ ਹੋਇਆ। ਉਸ ਨੇ ਗੁੱਸਾ ਖਾ ਕੇ ਆਪਣੇ ਪੁੱਤਰ ਮੁਹੰਮਦ ਮੁਅੱਜ਼ਮ ਸ਼ਾਹ ਆਲਮ ਨੂੰ ਪੰਜਾਬ ਦੇ ਹਾਲਾਤ ਠੀਕ ਕਰਨ ਲਈ ਭੇਜਿਆ-
ਤਬ ਅਉਰੰਗ ਮਨ ਮਾਹਿ ਰਿਸਾਵਾ।
ਮਦ੍ਰ ਦੇਸ ਕੋ ਪੂਤ ਪਠਾਵਾ।
-ਬਚਿੱਤਰ ਨਾਟਕ
ਸ਼ਹਿਜ਼ਾਦੇ ਦੀ ਆਮਦ ਦੀ ਖ਼ਬਰ ਸੁਣ ਕੇ ਪਹਾੜੀ ਰਾਜੇ ਤੇ ਕੁਝ ਹੋਰ ਲੋਕ ਬਹੁਤ ਡਰ ਗਏ। ਕੁਝ ਲੋਕਾਂ ਨੇ ਗੁਰੂ ਜੀ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਗੋਬਿੰਦ ਸਿੰਘ ਜੀ ਅਡੋਲ ਬੈਠੇ ਰਹੇ। ਸ਼ਹਿਜ਼ਾਦੇ ਨੇ ਆ ਕੇ ਪਹਾੜੀ ਰਾਜਿਆਂ ਉੱਤੇ ਫੌਜ ਚੜ੍ਹਾ ਕੇ ਸ਼ਾਹੀ ਕਰ ਉਗਰਾਹਿਆ ਅਤੇ ਕਈ ਗੁਰੂ-ਦੋਖੀਆਂ ਦੇ ਘਰ-ਘਾਟ ਢਾਹ ਦਿੱਤੇ-
ਹਮ ਤੇ ਭਾਜਿ ਬਿਮੁਖ ਜੇ ਗਏ।
ਤਿੰਨ ਕੇ ਧਾਮ ਗਿਰਾਵਤ ਭਏ।
-ਬਚਿੱਤਰ ਨਾਟਕ
ਪਰ ਭਾਈ ਨੰਦ ਲਾਲ ਦੇ ਪ੍ਰਭਾਵ ਕਾਰਨ, ਜੋ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਹਿਜ਼ਾਦਾ ਮੁਅੱਜ਼ਮ, ਦੋਵਾਂ ਦੇ ਬਹੁਤ ਨਜ਼ਦੀਕੀ ਸਨ, ਸ਼ਹਿਜ਼ਾਦੇ ਨੇ ਗੁਰੂ ਜੀ ਉੱਤੇ ਕੋਈ ਹਮਲਾ ਨਹੀਂ ਕੀਤਾ। ਗੁਰੂ ਜੀ ਨੇ ਗੁਰੂ-ਘਰ ਅਤੇ ਮੁਗਲ ਸਰਕਾਰ ਦੇ ਉਸ ਸਮੇਂ ਦੇ ਸਬੰਧਾਂ ਨੂੰ ਦੇਖ ਕੇ, ਦੋਵਾਂ ਦੀ ਹੋਂਦ ਨੂੰ ਸਵੀਕਾਰ ਕਰਦਿਆਂ ਲਿਖਿਆ-
ਬਾਬੇ ਕੇ ਬਾਬਰ ਕੇ ਦੋਊ। ਆਪ ਕਰੈ ਪਰਮੇਸਰ ਸੋਊ।
ਦੀਨਸਾਹ ਇਨ ਕੋ ਪਹਿਚਾਨੋ।
ਦੁਨੀਪਤ ਉਨ ਕੋ ਅਨੁਮਾਨੋ।
ਜੋ ਬਾਬੇ ਕੇ ਦਾਮ ਨਾ ਦੈ ਹੈ।
ਤਿਨ ਤੇ ਗਹਿ ਬਾਬਰ ਕੇ ਲੈ ਹੈ।
ਦਸਮ ਪਾਤਸ਼ਾਹ ਕਹਿੰਦੇ ਹਨ : ਬਾਬਾ ਨਾਨਕ ਦੇ ਵਾਰਸ ਗੁਰੂ ਸਾਹਿਬਾਨ ਅਤੇ ਬਾਬਰ ਦੇ ਵੰਸ਼ਜ ਮੁਗਲ ਬਾਦਸ਼ਾਹ ਇਹ ਦੋਵੇਂ ਤਾਕਤਾਂ ਈਸ਼ਵਰ ਨੇ ਬਣਾਈਆਂ ਹਨ।guru gobind singh ji ਬਾਬੇ-ਕਿਆਂ ਨੂੰ ਧਰਮ ਦੇ ਬਾਦਸ਼ਾਹ ਅਤੇ ਬਾਬਰ-ਕਿਆਂ ਨੂੰ ਦੁਨੀਆ ਦੇ ਬਾਦਸ਼ਾਹ ਸਮਝੋ। ਧਰਮ ਦੀ ਰਾਖੀ ਲਈ ਜਿਹੜੇ ਲੋਕ ਗੁਰੂ ਨੂੰ ਧਨ ਭੇਟ ਨਹੀਂ ਕਰਨਗੇ, ਉਨ੍ਹਾਂ ਤੋਂ ਬਾਬਰੀ ਹਾਕਮ ਧਨ ਖੋਹ ਕੇ ਲੈ ਜਾਣਗੇ। ਭਾਵ-ਅਰਥ ਇਹ ਹੈ ਕਿ ਜੇ ਧਰਮ ਬਚਾਉਣਾ ਹੈ ਤਾਂ ਗੁਰੂ ਦੀ ਸ਼ਰਨ ਵਿਚ ਆਓ। ਇਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਸਮੇਂ ਦੀਆਂ ਹਕੀਕਤਾਂ ਨੂੰ ਸਵੀਕਾਰ ਕਰਨ ਦਾ ਹੌਸਲਾ। ਜਿਹੜਾ ਆਗੂ ਸਮੇਂ ਦੀਆਂ ਹਕੀਕਤਾਂ ਨੂੰ ਹੀ ਨਹੀਂ ਸਮਝਦਾ, ਉਹ ਸਮੇਂ ਦਾ ਮੁਕਾਬਲਾ ਕਿਵੇਂ ਕਰੇਗਾ?
1707 ਈ: ਵਿਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਤਖ਼ਤ-ਨਸ਼ੀਨੀ ਦੀ ਜੰਗ ਹੋਣ ਵਾਲੀ ਸੀ। ਸ਼ਹਿਜ਼ਾਦਾ ਮੁਹੰਮਦ ਮੁਅੱਜ਼ਮ ਨੇ ਭਾਈ ਨੰਦ ਲਾਲ ਰਾਹੀਂ ਇਕ ਪੱਤਰ ਲਿਖ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਇਸ ਜੰਗ ਵਿਚ ਮੇਰੀ ਮਦਦ ਕੀਤੀ ਜਾਵੇ। ਗੁਰੂ ਜੀ ਨੇ ਸਿੰਘਾਂ ਦਾ ਵੱਡਾ ਜਥਾ ਮੁਹੰਮਦ ਮੁਅੱਜ਼ਮ ਦੀ ਮਦਦ ਲਈ ਭੇਜ ਦਿੱਤਾ। ਮੁਹੰਮਦ ਮੁਅੱਜ਼ਮ ਤਖ਼ਤ-ਨਸ਼ੀਨੀ ਦੀ ਜੰਗ ਜਿੱਤ ਕੇ ਬਹਾਦਰ ਸ਼ਾਹ ਦੇ ਨਾਂਅ ਨਾਲ ਹਿੰਦੁਸਤਾਨ ਦਾ ਸੱਤਵਾਂ ਮੁਗਲ ਬਾਦਸ਼ਾਹ ਬਣ ਗਿਆ। ਬਹਾਦਰ ਸ਼ਾਹ ਨੇ ਗੁਰੂ ਜੀ ਦਾ ਧੰਨਵਾਦ ਤੇ ਸਤਿਕਾਰ ਕਰਨ ਲਈ ਗੁਰੂ ਜੀ ਨੂੰ ਦਿੱਲੀ ਤੋਂ ਆਗਰੇ ਆਉਣ ਦਾ ਸੱਦਾ ਦਿੱਤਾ। ਗੁਰੂ ਜੀ ਇਕ ਦਿਨ ਆਗਰੇ ਵਿਚ ਵਜ਼ੀਰ-ਇ-ਆਜ਼ਮ ਮੁਨਇਮ ਖਾਨ ਦੀ ਹਵੇਲੀ ਵਿਚ ਬੈਠੇ ਸਨ। ਸੰਗਤ ਵਿਚ ਮੁਗਲ ਦਰਬਾਰ ਦੇ ਕੁਝ ਅਹਿਲਕਾਰ ਅਤੇ ਮੌਲਵੀ-ਮੌਲਾਣੇ ਵੀ ਹਾਜ਼ਰ ਸਨ। ਇਕ ਮੌਲਵੀ ਨੇ ਗੁਰੂ ਜੀ ਦੀ ਅਜ਼ਮਤ ਨੂੰ ਪਰਖਣ ਲਈ ਇਕ ਸਵਾਲ ਪੁੱਛਿਆ, ‘ਹਜ਼ੂਰ, ਆਪ ਹਿੰਦੂਆਂ ਦੇ ਬਹੁਤ ਵੱਡੇ ਪੀਰ ਹੋ। ਕੀ ਆਪ ਵਿਚ ਕਰਾਮਾਤ ਦੀ ਕੋਈ ਸ਼ਕਤੀ ਹੈ? ਜੇ ਹੈ ਤਾਂ ਕੋਈ ਕਰਾਮਾਤ ਦਿਖਾਓ, ਜਿਸ ਤੋਂ ਅਸੀਂ ਮੰਨ ਜਾਈਏ ਕਿ ਆਪ ਸੱਚਮੁੱਚ ਹੀ ਇਕ ਪਹੁੰਚੇ ਹੋਏ ਪੀਰ ਹੋ।’ ਗੁਰਮਤਿ ਵਿਚ ਕਰਾਮਾਤ ਦਾ ਕੋਈ ਸਥਾਨ ਨਹੀਂ ਹੈ। ਇਸ ਲਈ ਗੁਰੂ ਜੀ ਨੇ ਦੁਨਿਆਵੀ ਯਥਾਰਥ ਨੂੰ ਮੁੱਖ ਰੱਖ ਕੇ ਫ਼ਰਮਾਇਆ, ‘ਸਭ ਤੋਂ ਵੱਡੀ ਕਰਾਮਾਤ ਤਾਂ ਬਾਦਸ਼ਾਹ ਹੈ। ਉਹ ਰੰਕ ਨੂੰ ਰਾਜਾ ਅਤੇ ਰਾਜਾ ਨੂੰ ਰੰਕ ਬਣਾ ਸਕਦਾ ਹੈ। ਉਹ ਕਿਸੇ ਦਾ ਜੀਵਨ ਲੈ ਵੀ ਸਕਦਾ ਹੈ ਅਤੇ ਕਿਸੇ ਨੂੰ ਜੀਵਨ ਦੇ ਵੀ ਸਕਦਾ ਹੈ।’ ਮੌਲਵੀ ਜੀ ਬੋਲੇ, ‘ਨਹੀਂ ਜੀ, ਅਸੀਂ ਤਾਂ ਆਪ ਦੀ ਕੋਈ ਕਰਾਮਾਤ ਦੇਖਣਾ ਚਾਹੁੰਦੇ ਹਾਂ। ਹੈ ਤਾਂ ਦਿਖਾਓ।’ ਗੁਰੂ ਜੀ ਨੇ ਆਪਣੀ ਜੇਬ ਵਿਚੋਂ ਸੋਨੇ ਦੇ ਕੁਝ ਸਿੱਕੇ ਆਪਣੇ ਹੱਥ ਉੱਤੇ ਰੱਖ ਕੇ ਕਿਹਾ, ‘ਦੂਜੀ ਕਰਾਮਾਤ ਇਹ ਧਨ ਹੈ। ਜਿਸ ਕੋਲ ਧਨ ਹੋਵੇ, ਉਹ ਜੋ ਚਾਹੇ, ਸੋ ਕਰ ਸਕਦਾ ਹੈ।’
ਪਰ ਮੌਲਵੀ ਦੀ ਤਸੱਲੀ ਨਹੀਂ ਹੋਈ। ਉਹ ਗੁਰੂ ਸਾਹਿਬ ਦੀ ਕਰਾਮਾਤ ਦੇਖਣ ਲਈ ਤੁਲਿਆ ਹੋਇਆ ਸੀ। ਗੁਰੂ ਜੀ ਨੂੰ ਮੌਲਵੀ ਦੀਆਂ ਹੁੱਜਤਾਂ ਦੇਖ ਕੇ ਰੋਹ ਚੜ੍ਹ ਗਿਆ। ਉਨ੍ਹਾਂ ਨੇ ਆਪਣੇ ਗਾਤਰੇ ਦੀ ਕਿਰਪਾਨ ਹਵਾ ਵਿਚ ਲਹਿਰਾਉਂਦਿਆਂ ਆਖਿਆ, ‘ਤੀਜੀ ਕਰਾਮਾਤ ਇਹ ਤਲਵਾਰ ਹੈ। ਇਹ ਪਲ-ਛਿੰਨ ਵਿਚ ਕ੍ਰਿਸ਼ਮਾ ਕਰ ਸਕਦੀ ਹੈ। ਜਿਹੜਾ ਬੰਦਾ ਦਲੀਲ ਨੂੰ ਨਾ ਸਮਝੇ, ਉਸ ਨੂੰ ਇਸ ਨਾਲ ਸਮਝਾਇਆ ਜਾਂਦਾ ਹੈ।’ ਵਜ਼ੀਰ-ਇ-ਆਜ਼ਮ ਮੁਨਇਮ ਖਾਨ ਅਤੇ ਕੁਝ ਹੋਰ ਅਹਿਲਕਾਰਾਂ ਨੇ ਗੁਰੂ ਜੀ ਨੂੰ ਸ਼ਾਂਤ ਕੀਤਾ। ਮਾਹੌਲ ਕੁਝ ਸਾਂਵਾਂ ਹੋਇਆ ਤਾਂ ਗੁਰੂ ਜੀ ਬੋਲੇ, ‘ਮਨੁੱਖ ਨੂੰ ਕੁਝ ਸਾਰਥਕ ਅਤੇ ਸ਼ੁੱਭ ਕੰਮ ਕਰਨੇ ਚਾਹੀਦੇ ਹਨ। ਫਜ਼ੂਲ ਦੇ ਵਾਦ-ਵਿਵਾਦ ਵਿਚ ਜੀਵਨ ਨਹੀਂ ਗੁਆਉਣਾ ਚਾਹੀਦਾ।’
ਗੁਰੂ ਗੋਬਿੰਦ ਸਿੰਘ ਜੀ ਦੱਖਣ ਦੀ ਪਹਿਲੀ ਯਾਤਰਾ ਸਮੇਂ ਔਰੰਗਜ਼ੇਬ ਨੂੰ ਮਿਲਣ ਜਾਂਦੇ ਹੋਏ ਰਾਹ ਵਿਚ ਦਾਦੂ-ਦੁਆਰੇ ਪਹੁੰਚੇ। ਦਾਦੂ-ਦੁਆਰਾ ਰਾਜਸਥਾਨ ਦੇ ਜ਼ਿਲ੍ਹਾ ਕੇਂਦਰ ਜੈਪੁਰ ਦੇ ਪੱਛਮ ਵਿਚ 60 ਕਿਲੋਮੀਟਰ ਦੂਰ ਸ਼ਹਿਰ ਨਰਾਇਣੇ ਵਿਚ ਸਥਿਤ ਹੈ। ਦਾਦੂ-ਦੁਆਰਾ ਦਾਦੂ ਪੰਥ ਦਾ ਆਦਿ-ਕੇਂਦਰ ਹੈ। ਸੰਤ ਦਾਦੂ ਦਿਆਲ ਜੀ (1544-1603 ਈ:) ਅਹਿੰਸਾਵਾਦੀ ਸਨ। ਉਹ ਨਿਰ-ਦਾਅਵਾ ਜੀਵਨ ਜਿਊਣ ਦੀ ਸਿੱਖਿਆ ਦਿੰਦੇ ਸਨ। ਕੋਈ ਇੱਟ ਢੀਮ ਮਾਰ ਜਾਏ ਤਾਂ ਸੀਸ ਉੱਤੇ ਸਹਿਣ ਕਰ ਲੈਣੀ ਚਾਹੀਦੀ ਹੈ-
ਦਾਦੂ ਦਾਵਾ ਦੂਰ ਕਰਿ ਬਿਨ ਦਾਵੇ ਦਿਨ ਕਟਿ।
ਕੇਤੀ ਸੌਦਾ ਕਰਿ ਗਈ ਏਤ ਪਸਾਰੀ ਦੇ ਹੱਟ।
ਗੁਰੂ ਗੋਬਿੰਦ ਸਿੰਘ ਜੀ ਜਦੋਂ 1706 ਈ: ਵਿਚ ਦਾਦੂ-ਦੁਆਰੇ ਪਹੁੰਚੇ, ਉਸ ਸਮੇਂ ਸੰਤ ਦਾਦੂ ਜੀ ਦੇ ਪੰਜਵੇਂ ਵਾਰਸ, ਮਹੰਤ ਜੈਤ ਰਾਮ ਗੱਦੀਨਸ਼ੀਨ ਸਨ। ਉਨ੍ਹਾਂ ਨਾਲ ਦਸਮ ਪਾਤਸ਼ਾਹ ਦੀ ਗੋਸ਼ਟੀ ਹੋਈ। ਮਹੰਤ ਜੀ ਦਾਦੂ ਦਿਆਲ ਦੀ ਅਹਿੰਸਾਵਾਦੀ ਨੀਤੀ ਉੱਤੇ ਹੀ ਜ਼ੋਰ ਦੇ ਰਹੇ ਸਨ ਪਰ ਗੁਰੂ ਜੀ ਨੇ ਮਹੰਤ ਜੀ ਨੂੰ ਕਿਹਾ, ‘ਮਹਾਂਪੁਰਸ਼ੋ, ਸਮਾਂ ਬਦਲ ਗਿਆ ਹੈ। ਸਾਡੇ ਪੰਚਮ ਗੁਰੂ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਰੱਖਿਆ ਗਿਆ। ਸਾਰੇ ਦੇਸ਼ ਵਿਚ ਧਰਮ ਅਤੇ ਭਾਰਤੀ ਸੱਭਿਅਤਾ ਦੀ ਹਾਨੀ ਹੋ ਰਹੀ ਹੈ। ਅਸੀਂ ਮਜਬੂਰ ਹੋ ਕੇ ਸ਼ਸਤਰ ਚੁੱਕੇ ਹਨ। ਸਮਾਂ ਮੰਗ ਕਰਦਾ ਹੈ-
ਜਗ ਮੇਂ ਦਾਵਾ ਰੱਖ ਕੇ ਦੁਸ਼ਟ ਜਨਾਂ ਲੋ ਲੁੱਟ।
ਬੁਰਾ ਕਰੇ ਜੋ ਆਪਨੋ ਜੜ੍ਹ ਤਾਂ ਕੀ ਦੇਹੁ ਪੁੱਟ।
ਮਹੰਤ ਜੈਤ ਰਾਮ ਨੇ ਆਪਣੀ ਨੀਤੀ ਅਨੁਸਾਰ ਫੇਰ ਆਖਿਆ-
ਦਾਦੂ ਸਮਾਂ ਬਿਚਾਰਿ ਕੈ ਕਲਿ ਕਾ ਲੀਜੈ ਭਾਇ।
ਜੇ ਕੋ ਮਾਰੈ ਢੀਮ ਇਟ ਲੀਜੈ ਸੀਸ ਚਢਾਇ।
ਇਸ ਸਮੇਂ ਦਾਦੂ-ਦੁਆਰੇ ਦੇ ਕਈ ਸਾਧੂ-ਸੰਤ ਇਸ ਵਿਚਾਰ-ਗੋਸ਼ਟੀ ਨੂੰ ਸੁਣ ਰਹੇ ਸਨ। ਗੁਰੂ ਜੀ ਨੇ ਮਹੰਤ ਜੀ ਦੇ ਕਥਨ ਦਾ ਉੱਤਰ ਦਿੰਦਿਆਂ ਆਖਿਆ-
ਦਾਦੂ ਸਮਾਂ ਬਿਚਾਰ ਕੈ ਕਲਿ ਕਾ ਲੀਜੈ ਭਾਇ।
ਜੇ ਕੋ ਮਾਰੈ ਈਟ ਢੀਮ ਪਾਥਰ ਹਨੈ ਰਿਸਾਇ।
(ਜੇ ਕੋਈ ਇੱਟ ਢੀਮ ਮਾਰੇ ਤਾਂ ਉਸ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ)
ਗੁਰੂ ਜੀ ਦੇ ਵਿਚਾਰਾਂ ਦਾ ਕਈ ਦਾਦੂ-ਪੰਥੀ ਸਾਧੂਆਂ ਉੱਤੇ ਬਹੁਤ ਡੂੰਘਾ ਅਸਰ ਪਿਆ। ਗੁਰੂ ਜੀ ਦੇ ਦਾਦੂ-ਦੁਆਰੇ ਤੋਂ ਜਾਣ ਤੋਂ ਬਾਅਦ ਛੇਤੀ ਹੀ ਦਾਦੂ ਪੰਥ ਵਿਚ ਫੁੱਟ ਪੈ ਗਈ। ਕੁਝ ਦਾਦੂ-ਪੰਥੀ ਸਾਧੂ ਕੇਸਾਧਾਰੀ ਹੋ ਗਏ। ਕੁਝ ਸਾਲਾਂ ਬਾਅਦ ਉਨ੍ਹਾਂ ਨੇ ਸ਼ਸਤਰ ਵੀ ਧਾਰਨ ਕਰ ਲਏ। ਦਾਦੂ ਪੰਥ ਦੀ ਇਸ ਸ਼ਾਖਾ ਨੂੰ ਨਾਗਾ ਪੰਥ ਕਹਿੰਦੇ ਹਨ। ਨਾਗਾ ਪੰਥ ਦੀ ਮਰਿਆਦਾ ਹੈ ਕਿ ਹਰ ਨਾਗਾ-ਪੰਥੀ ਅੱਠ ਸ਼ਸਤਰਾਂ ਵਿਚੋਂ ਪੰਚ ਸ਼ਸਤਰ ਜ਼ਰੂਰ ਪਹਿਨੇਗਾ। ਅੱਠ ਸ਼ਸਤਰ ਇਹ ਹਨ-ਤਲਵਾਰ, ਢਾਲ, ਕਟਾਰ, ਖੰਡਾ, ਫਰਸਾ, ਭਾਲਾ, ਧਨੁਸ਼ ਤੇ ਬੰਦੂਕ। ਦਾਦੂ ਪੰਥ ਦੇ ਨਾਗਾ ਪੰਥੀ ਸਾਧੂ ਕੇਸਾਧਾਰੀ ਵੀ ਹਨ ਅਤੇ ਸ਼ਸਤਰਧਾਰੀ ਵੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਂ ਦੇ ਹਾਣੀ ਸਨ। ਉਨ੍ਹਾਂ ਦੀ ਯਥਾਰਥਵਾਦੀ ਸੋਚ ਨੇ ਕੁਝ ਹੋਰ ਸੰਪਰਦਾਵਾਂ ਨੂੰ ਵੀ ਪ੍ਰਭਾਵਿਤ ਕੀਤਾ।
ਦਸਮ ਪਾਤਸ਼ਾਹ ਦੇ ਵਾਸਤਵਿਕ ਅਨੁਭਵ ਦੀ ਸਿਖਰ ਉਦੋਂ ਹੁੰਦੀ ਹੈ ਜਦੋਂ ਉਹ ਆਪਣੇ ਅਨੁਯਾਈਆਂ ਅਤੇ ਸਿੱਖਾਂ ਨੂੰ ਤਾਕੀਦ ਕਰਦੇ ਹਨ ਕਿ ਮੈਨੂੰ ਪਰਮੇਸ਼ਰ ਨਹੀਂ ਕਹਿਣਾ। ਜਿਹੜਾ ਕਹੇਗਾ, ਸਿੱਧਾ ਨਰਕ ਨੂੰ ਜਾਏਗਾ। ਮੈਂ ਤਾਂ ਪਰਮ ਪੁਰਖ ਪਰਮੇਸ਼ਰ ਦਾ ਦਾਸ ਹਾਂ ਅਤੇ ਜਗਤ-ਵਰਤਾਰੇ ਨੂੰ ਦੇਖਣ ਆਇਆ ਹਾਂ-
ਜੋ ਹਮ ਕੋ ਪਰਮੇਸੁਰ ਉਚਰਿ ਹੈ।
ਤੇ ਸਭ ਨਰਕਿ ਕੁੰਡ ਮਹਿ ਪਰਿ ਹੈ।
…………..
ਮੈ ਹੋ ਪਰਮ ਪੁਰਖ ਕੋ ਦਾਸਾ।
ਦੇਖਨਿ ਆਯੋ ਜਗਤ ਤਮਾਸਾ।
-ਬਚਿੱਤਰ ਨਾਟਕ, ਅਧਿ: ਛੇਵਾਂ

ਨਰਿੰਜਨ ਸਿੰਘ ਸਾਥੀ
-ਮੋਬਾ: 98155-40968
Tags:
Posted in: ਸਾਹਿਤ