ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ

By September 20, 2015 0 Comments


guru ji

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ਅੰਗ ੯੮੨||

ਗੁਰੂ ਰੂਪ ਵਿਚ ਧੁਰ ਕੀ ਬਾਣੀ ਆਦ ਗੁਰੂ ਗਰੰਥ ਸਾਹਿਬ ਵਿਚ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਅਤੇ ਹੋਰਨਾ ਸਿਖਾਂ ਨੂੰ ਨਾਲ ਲੈ ਕੇ ਸੰਕਿਲਤ ਕੀਤੀ ਸੀ | ਇਹ ਬਾਣੀ ਪੇਹ੍ਲਾਂ ਪੋਥੀਆਂ ਵਿਚ ਦਰਜ ਸੀ ਅਤੇ ਪੋਥੀਆਂ ਪਹਲੇ ਪਾਤਸ਼ਾਹ ਤੋਂ ਦੂਜੇ ਪਾਤਸ਼ਾਹ ਕੋਲ ਫਿਰ ਤੀਜੇ ਪਾਤਸ਼ਾਹ ਕੋਲ ਇਸ ਤਰਾਂ ਨਾਲ ਪਰਵਾਹ ਪੰਚਮ ਪਾਤਸ਼ਾਹ ਤਕ ਹੁੰਦਾ ਰਿਹਾ ਸੀ | ਪੰਚਮ ਪਾਤਸ਼ਾਹ ਵਲੋਂ ਆਦ ਸ਼੍ਰੀ ਗਰੰਥ ਸਾਹਿਬ ਨੂੰ ਲਿਖਣ ਦਾ ਇਹ ਕਾਰਜ ੩੦ ਅਗਸਤ ੧੬੦੪ ਸੰਮਤ ੧੬੬੧ ਨੂੰ ਸੰਪੂਰਨ ਕੀਤਾ ਗਿਆ ਸੀ ਅਤੇ ਪਹਲਾ ਪ੍ਰਕਾਸ਼ ਸਤੰਬਰ ੧ ,੧੬੦੪ ਸੰਮਤ ੧੬੬੧ ਨੂੰ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਅਤੇ ਬਾਬਾ ਬੁਢ਼ਾ ਜੀ ਪਹਲੇ ਮੁਖ ਗ੍ਰੰਥੀ ਬਨੇ ਸਨ |

ਮੁਗਲਾਂ ਨਾਲ ਲੜਾਈਆਂ ਲੜਨ ਤੋਂ ਬਾਦ ਜਦੋਂ ਦਸਮੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਵਿਖੇ ਪੁਜੇ ਸਨ ਤਾਂ ਭਾਈ ਮਨੀ ਸਿੰਘ ਜੀ ਨਾਲ ਲੈ ਕੇ ਇਸ ਆਦ ਗਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ | ਪੇਹ੍ਲਾਂ ਇਸ ਗ੍ਰੰਥ ਵਿਚ ੩੦ ਰਾਗ ਦਰਜ ਸਨ ਅਤੇ ਰਾਗ ਜੈ ਜੈ ਵੰਤੀ ਦਰਜ ਕੀਤਾ ਤਾਂ ੩੧ ਰਾਗ ਹੋ ਗਏ ਨਾਲ ਹੀ ਸ਼੍ਲੋਕ ਮੋਹੱਲਾ ੯ ਦਰਜ ਕੀਤੇ ਗਏ | ਅਤੇ ਸੰਪੂਰਨਤਾ ੧੭੦੬ ਵਿਚ ਹੋਈ | ੧੭੦੮ ਵਿਚ ਦਸਵੇਂ ਗੁਰੂ ਜੀ ਨੇ ਇਸ ਨੂੰ ਗੁਰੂ ਪਦਵੀ ਦਿਤੀ ਅਤੇ ਸਿਖਾਂ ਨੂੰ ਆਦੇਸ਼ ਦਿਤਾ ਕਿ ਸਾਡੇ ਤੋਂ ਬਾਦ ਇਸ ਨਿਰਾਲੇ ਪੰਥ ਦਾ ਗੁਰੂ ਸ਼ਬਦ ਗੁਰੂ ਹੋਵੇਗਾ | ਇਸ ਸੰਬੰਧ ਵਿਚ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਵਿਚ ਦਰਜ ਹੈ ਕਿ ———

ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ

ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ

ਗੁਰੂ ਗਰੰਥ ਜੀ ਮਾਨਿਓ ਪਰਗਟ ਗੁਰਾਂ ਕੀ ਦੇਹ

ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸ਼ਬਦ ਮੈਂ ਲੇਹ ||

ਸਿਖਾਂ ਨੂੰ ਸ਼ਬਦ ਗੁਰੂ ਦੇ ਲੜ ਲਾ ਕੇ ਦਸਮੇਂ ਪਾਤਸ਼ਾਹ ਗੁਰੂ ਚਰਨਾ ਵਿਚ ਜਾ ਬਿਰਾਜੇ ਸਨ ਅਤੇ ਉਸ ਦਿਨ ਤੋਂ ਅਜ ਤਕ ਸਿਖ ਸੰਗਤ ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂ ਮਨ ਕੇ ਇਸ ਦੇ ਵਿਚ ਅਥਾਹ ਵਿਸ਼ਵਾਸ ਕਰੜੀ ਹੈ ਅਤੇ ਜਦੋਂ ਵੀ ਕਿਸੇ ਸਿਖ ਨੂੰ ਜੋ ਸਿਖ ਸੰਗਤ ਨੂੰ ਦੁਬਿਧਾ ਹੁੰਦੀ ਹੈ ਅਤੇ ਅਗਵਾਈ ਦੀ ਲੋੜ ਮੇਹ੍ਸੂਸ ਹੁੰਦੀ ਹੈ ਤਾਂ ਇਕ ਮਨ ਇਕ ਚਿਤ ਹੋ ਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕੀਤੀ ਜਾਂਦੀ ਹੈ ਅਤੇ ਮੁਖ ਵਾਕ ਲਿਆ ਜਾਂਦਾ ਹੈ ਅਤੇ ਸੰਗਤ ਨੂੰ ਸੁਯੋਗ ਅਗਵਾਈ ਪ੍ਰਾਪਤ ਹੋ ਜਾਂਦੀ ਹੈ | ਕਿਓਂ ਜੋ ਇਹ ਬਾਣੀ ਕਿਸੇ ਮਨੁਖ ਦੇ ਆਖੇ ਹੋਏ ਸ਼ਬਦ ਨਹੀ ਹਨ ਇਹ ਤਾਂ ਧੁਰ ਕੀ ਬਾਣੀ ਹੈ ਅਤੇ ਇਸ ਬਾਰੇ ਲਿਖਿਆ ਹੈ ਕਿ ———

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ {ਪੰਨਾ 308}

ਜਦੋਂ ਵੀ ਗੁਰੂ ਜੀ ਨੂੰ ਧੁਰ ਤੋਂ ਬਾਣੀ ਫੁਰਦੀ ਸੀ ਤਾਂ ਆਖਦੇ ਸਨ ਭਈ ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ ਅਤੇ ਉਨ੍ਹਾ ਨੇ ਵਰਣਨ ਕੀਤਾ ਹੈ ਕਿ ——

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ਅੰਗ ੭੨੨||
ਇਸ ਗੁਰੂ ਗਰੰਥ ਸਾਹਿਬ ਜੀ ਵਿਚ ਅਟਲ ਸਚਾਈਆਂ ਦਾ ਵਰਣਨ ਹੈ ਅਤੇ ਭੂਲੇ ਭਟਕੇ ਲੋਕਾਂ ਨੂੰ ਠੀਕ ਰਸਤਾ ਚੁਣ ਕੇ ਉਸ ਉਪਰ ਚਲਣ ਲਈ ਅਗਵਾਈ ਵੀ ਦਿਤੀ ਗਈ ਹੈ ਉਨ੍ਹਾ ਨੇ ਠੀਕ ਜੀਵਨ ਜਾਚ ਸਿਖਾਈ ਹੈ ਅਤੇ ਵਿਗਿਆਨਕ ਪਖ ਨੂੰ ਵੀ ਦਰਸਾਇਆ ਹੈ ਅਤੇ ਅੰਧ ਵਿਸ਼ਵਾਸ ਖਤਮ ਕਰਨ ਦਾ ਭਰਪੂਰ ਉਪਰਾਲਾ ਕੀਤਾ ਹੈ ਉਨ੍ਹਾ ਨੇ ਲਿਖਿਆ ਹੈ ਕਿ ——-
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥
ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥ਅੰਗ ੪੭੯||

ਸਪਸ਼ਟ ਹੈ ਪਤੇ ਦੇ ਵਿਚ ਜਾਨ ਹੈ ਅਤੇ ਜਿਸ ਲਈ ਇਹ ਪਤੇ ਤੋੜੇ ਜਾ ਰਹੇ ਹਨ ਓਹ ਪਥਰ ਬੇਜਾਨ ਹੈ | ਹੋਰ ਵੀ ਬਹੁਤ ਸਾਰੀਆਂ ਉਦਾਹਰਨਾ ਦਿਤੀਆਂ ਜਾ ਸਕਦੀਆਂ ਹਨ | ਮਨੁਖ ਨੂੰ ਵੇਹ੍ਮਾਂ ਅਤੇ ਭਰਮਾਂ ਵਿਚੋਂ ਕਢਣ ਦੇ ਉਪਰਾਲੇ ਕੀਤੇ ਗਏ ਹਨ| ਗੁਰੂ ਜੀ ਨੇ ਅਪਨੀ ਅਕਲ ਨਾਲ ਵਿਚਾਰ ਕਰਨ ਲਈ ਲਿਖਿਆ ਹੈ ਜਿਵੇਂ ——

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥

ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ {ਪੰਨਾ 1245}

ਗੁਰ ਗਰੰਥ ਸਾਹਿਬ ਜੀ ਵਿਚ ਅਨੇਕ ਬੋਲੀਆਂ ਦਰਜ ਕੀਤੀਆਂ ਗਈਆਂ ਹਨ ਜਾਤ ਪਾਤ ਨੂੰ ਵਿਚਾਰੇ ਬਿਨਾ ਇਸ ਵਿਚ ਚਮਿਆਰ ਰਵਿਦਾਸ ,ਛੀਮ੍ਬਾ ਨਾਮਦੇਵ,ਬ੍ਰਾਹਮਣ ਪਰਮਾਨੰਦ ਮੁਸਲਮਾਨ ਮਿਰਾਸੀ ਸੱਤਾ ਅਤੇ ਬਲਵੰਡ ਅਤੇ ਮਰਦਾਨਾ ,ਬਾਬਾ ਫਰੀਦ ਅਤੇ ਸੰਤ ਕਬੀਰ ਜੀ ਦੀ ਬਾਣੀ ਵੀ ਦਰਜ ਕੀਤੀ ਗਈ ਹੈ | ਅਨੇਕ ਧਰਮ ,ਅਨੇਕ ਬੋਲੀਆਂ ,ਅਨੇਕ ਜਾਤਾਂ ਹੋਣ ਦੇ ਬਾਵਜੂਦ ਇਸ ਗਰੰਥ ਵਿਚ ਇਕ ਅਕਾਲ ਪੁਰਖ ਦੀ ਉਸਤਤ ਅਤੇ ਸਾਰੀ ਅਨੇਕਤਾ ਨੂੰ ਏਕਤਾ ਵਿਚ ਪਰੋਇਆ ਹੋਇਆ ਹੈ | ਗੁਰੂ ਗਰੰਥ ਸਾਹਿਬ ਜੀ ਦੇ ਅੰਦਰ ਛੇ ਪਾਤਸ਼ਾਹੀਆਂ ਤੋਂ ਇਲਾਵਾ ੧੫ ਸੰਤਾ ਅਤੇ ਭਗਤਾਂ ਅਤੇ ਭੱਟਾ ਦੀ ਬਾਣੀ ਵੀ ਦਰਜ ਹੈ | ਇਸ ਪੂਰਨ ਗਰੰਥ ਵਿਚ ਕੁਲ ੧੪੩੦ ਅੰਗ ਹਨ ਅਤੇ ਦੁਨੀਆ ਦਾ ਇਕ ਹੀ ਗਰੰਥ ਹੈ ਜਿਸ ਦਾ ਰੋਜ਼ਾਨਾ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਰਾਤ ਸਮੇਂ ਸੁਖ ਆਸਨ ਕੀਤਾ ਜਾਂਦਾ ਹੈ |

ਇਸ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਇਹ ਗੁਰੂ ਜੀ ਵਲੋਂ ਖੁਦ ਲਿਖਵਾਇਆ ਗਿਆ ਹੈ ਅਤੇ ——

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ {ਪੰਨਾ 966}

ਇਸ ਤਰਾਂ ਸਾਰੀਆਂ ਪਾਤਸ਼ਾਹੀਆਂ ਇਕੋ ਜੋਤ ਸਨ ਅਤੇ ਕਿਸੇ ਵੀ ਥਾਂ ਉਪਰ ਅਪਨੀ ਖੁਦ ਦੀ ਉਸਤਤ ਜਾਂ ਆਪਣੇ ਜੀਵਨ ਸੰਬੰਧੀ ਵਰਣਨ ਨਹੀ ਮਿਲਦਾ ਹੈ ਸਗੋਂ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕੀਤੀ ਗਈ ਹੈ | ਬਾਕੀ ਗਰੰਥ ਜੇਹੜੇ ਦੁਨੀਆ ਉਪਰ ਉਪਲਬਧ ਹਨ ਓਹਨਾ ਨੂੰ ਬਾਦ ਵਿਚ ਪੈਰੋਕਾਰਾਂ ਵਲੋਂ ਲਿਖਿਆ ਜਾਂ ਲਿਖਾਇਆ ਗਿਆ ਹੈ | ਪ੍ਰੰਤੂ ਇਸ ਗੁਰੂ ਗਰੰਥ ਸਾਹਿਬ ਵਿਚ ਜੋ ਅਕਾਲ ਪੁਰਖ ਨੇ ਲਿਖਵਾਇਆ ਹੈ ਓਹ ਹੀ ਦਰਜ ਹੈ —————————-

ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥ ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥ਅੰਗ ੫੬੬||

ਲੇਖਕ- ਡਾਕਟਰ ਅਜੀਤ ਸਿੰਘ ਕੋਟਕਪੂਰਾ.

Posted in: ਸਾਹਿਤ