ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਸੰਦੇਸ਼

By September 12, 2015 0 Comments


guru arjan dev jee
ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਧਰਮਾਂ ਦੇ ਇਤਿਹਾਸ ਵਿਚ ਇਕ ਮਹਾਨ ਤੇ ਜੁਗ ਪਲਟਾਊ ਘਟਨਾ ਹੈ | ਇਹ ਸ਼ਹੀਦੀ ਮਨੁੱਖਤਾ ਦੇ ਇਤਿਹਾਸ ਵਿਚ ਇਨਕਲਾਬੀ ਮੋੜ ਦੀ ਸੂਚਕ ਹੋ ਨਿੱਬੜੀ | ਇਸ ਸ਼ਹਾਦਤ ਨੇ ਸਿੱਖਾਂ ਨੂੰ ਸਬਰ, ਸੰਤੋਖ ਤੇ ਦਿ੍ੜ੍ਹਤਾ ਨਾਲ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਦਾ ਚੱਜ ਸਿਖਾ ਕੇ ਸਿੱਖੀ ਦੇ ਮਹੱਲ ਦੀਆਂ ਨੀਹਾਂ ਨੂੰ ਐਸਾ ਪੱਕਾ ਤੇ ਮਜ਼ਬੂਤ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਜ਼ੁਲਮ ਦੇੇ ਝੱਖੜ ਇਸ ਦਾ ਕੁਝ ਨਾ ਵਿਗਾੜ ਸਕੇ | ਇਸ ਸ਼ਹਾਦਤ ਨੇ ਸਿੱਖ ਮਰਜੀਵੜਿਆਂ ਨੂੰ ਮਰਨ ਦੀ ਅਜਿਹੀ ਜਾਚ ਸਿਖਾਈ ਕਿ ਉਹ ‘ਬਹੁਰਿ ਨ ਮਰਨਾ ਹੋਇ’ ਦੇ ਲਕਸ਼ ਨੂੰ ਪ੍ਰਾਪਤ ਹੋ ਗਏ | ਇਸ ਸ਼ਹੀਦੀ ਨਾਲ ਸਿੱਖ ਇਤਿਹਾਸ ਵਿਚ ਸ਼ਹੀਦੀਆਂ ਦਾ ਨਵਾਂ ਅਧਿਆਇ ਆਰੰਭ ਹੋਇਆ |
ਸ਼ਹੀਦ ਦੀ ਸ਼ਹਾਦਤ ਹਮੇਸ਼ਾ ਸੱਚ ਵਾਸਤੇ ਹੁੰਦੀ ਹੈ, ਇਸ ਕਰਕੇ ਸੱਚ ਅਤੇ ਸ਼ਹਾਦਤ ਦਾ ਰਿਸ਼ਤਾ ਵੀ ਅਟੁੱਟ ਹੁੰਦਾ ਹੈ | ਸਿੱਖ ਧਰਮ ਵਿਚ ਸੱਚ ‘ਤੇ ਚੱਲਣ ਦਾ ਮਾਰਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਜਾਗਰ ਕੀਤਾ ਸੀ ਅਤੇ ਨਾਲ ਇਹ ਵੀ ਸੱਦਾ ਦਿੱਤਾ ਸੀ-
ਜਉ ਤਉ ਪ੍ਰੇਮ ਖੇਲਣ ਕਾ ਚਾਉ¨
ਸਿਰੁ ਧਰਿ ਤਲੀ ਗਲੀ ਮੇਰੀ ਆਉ¨
ਇਤੁ ਮਾਰਗਿ ਪੈਰੁ ਧਰੀਜੈ¨
ਸਿਰੁ ਦੀਜੈ ਕਾਣਿ ਨ ਕੀਜੈ¨ (ਪੰਨਾ : 1412)
ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਅਸਲ ਕਾਰਨ ਬਾਦਸ਼ਾਹ ਦੀ ਧਾਰਮਿਕ ਕੱਟੜਤਾ ਤੇ ਤੰਗਦਿਲੀ ਸੀ | ਬਾਕੀ ਸਾਰੇ ਕਾਰਨ ਉਸ ਕੱਟੜਤਾ ਵਿਚ ਸਹਾਇਕ ਸਿੱਧ ਹੋਏ | ਅਸਲ ਵਿਚ ਜਹਾਂਗੀਰ ਮੌਕੇ ਦੀ ਭਾਲ ਵਿਚ ਸੀ ਕਿ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖ਼ਤਮ ਕਰ ਦੇਵੇ | ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ ਤੁਜ਼ਕਿ ਜਹਾਂਗੀਰੀ ਵਿਚ ਵੀ ਕਰਦਾ ਹੈ | ‘ਤੁਜ਼ਕਿ ਜਹਾਂਗੀਰੀ’ ਨੂੰ ਗਹੁ ਨਾਲ ਵਾਚਿਆਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਜਹਾਂਗੀਰ ਦੀ ਧਾਰਮਿਕ ਕੱਟੜਤਾ ਦੀ ਨੀਤੀ ਦਾ ਵੀ ਇਕ ਅਹਿਮ ਕਾਰਨ ਸੀ | ਉਸ ਨੂੰ ਬਹਾਨੇ ਦੀ ਤਲਾਸ਼ ਸੀ ਅਤੇ ਉਹ ਉਸ ਨੂੰ ਖੁਸਰੋ ਦੀ ਬਗਾਵਤ ਵਿਚੋਂ ਮਿਲਿਆ | ਜਹਾਂਗੀਰ ਨੇ ਗੁਰੂ ਸਾਹਿਬ ਨੂੰ ਯਾਸਾ-ਏ-ਸਿਆਸਤ ਅਧੀਨ ਸਜ਼ਾ ਦਿੱਤੀ, ਜਿਸ ਤੋਂ ਭਾਵ ਹੈ ਕਿ ਤਸੀਹੇ ਦੇ ਕੇ ਮਾਰਨਾ | ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਪਹਿਲਾਂ ਤੱਤੀ ਲੋਹ ‘ਤੇ ਬਿਠਾਇਆ ਗਿਆ, ਸੀਸ ਉਤੇ ਗਰਮ ਰੇਤ ਪਾਈ ਗਈ ਅਤੇ ਉੱਬਲਦੀ ਦੇਗ਼ ਵਿਚ ਬਿਠਾਇਆ ਗਿਆ | ਇਤਿਹਾਸ ਮੁਤਾਬਿਕ ਇਹ ਸਾਰਾ ਕੰਮ ਲਾਹੌਰ ਦਰਬਾਰ ਵਿਚ ਅਸਰ-ਰਸੂਖ ਰੱਖਣ ਵਾਲੇ ਵਿਅਕਤੀਆਂ ਵੱਲੋਂ ਕੀਤਾ ਗਿਆ |
ਇਤਿਹਾਸ ਇਸ ਗੱਲ ਦਾ ਸਾਖੀ ਹੈ ਕਿ ਗੁਰੂ ਜੀ ਅਖੀਰ ਤੱਕ ਅਡੋਲ, ਨਿਰਭੈ ਅਤੇ ਸ਼ਾਂਤ-ਚਿਤ ਰਹੇ | ਉਹ ਇਸ ਭਿਆਨਕ, ਨਿਰਦਈ ਹਾਲਾਤ ਵਿਚ ਵੀ ਹਰੀ ਸਿਮਰਨ ਵਿਚ ਲੀਨ ਰਹੇ ਤੇ ਪ੍ਰਭੂ ਦੇ ਭਾਣੇ ਨੂੰ ਸਦਾ ਮਿੱਠਾ ਕਰਕੇ ਮੰਨਣ ਦੀ ਜਾਚ ਸਿਖਾ ਗਏ | ਆਪ ਜੀ ਦੀ ਸ਼ਹਾਦਤ ਸਹਿਣਸ਼ੀਲਤਾ ਦੀ ਅਖੀਰ ਸੀ, ਜਿਸ ਨਾਲ ‘ਤੇਰਾ ਕੀਆ ਮੀਠਾ ਲਾਗੈ’ ਦਾ ਫਲਸਫਾ ‘ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜਸ਼ਤ¨ ਹਲਾਲੁ ਅਸਤੁ ਬੁਰਦਨ ਬ ਸ਼ਮਸ਼ੀਰ ਦਸਤੁ¨’ ਵਿਚ ਤਬਦੀਲ ਹੋ ਗਿਆ |
ਗੁਰੂ ਸਾਹਿਬ ਦੀ ਸ਼ਹੀਦੀ ਨਾਲ ਸਿੱਖਾਂ ਦੇ ਮਨਾਂ ਵਿਚ ਇਹ ਗੱਲ ਘਰ ਕਰ ਗਈ ਕਿ ਧਰਮ ਦੀ ਰੱਖਿਆ ਲਈ ਜ਼ੁਲਮ ਦੇ ਅੱਗੇ ਗੋਡੇ ਟੇਕਣ ਦੀ ਬਜਾਏ ਹਥਿਆਰਬੰਦ ਹੋਣਾ ਤੇ ਵੈਰੀ ਨਾਲ ਦੋ ਹੱਥ ਕਰਨਾ ਲਾਜ਼ਮੀ ਹੈ | ਇਸ ਸ਼ਹਾਦਤ ਤੋਂ ਬਾਅਦ ਮਾਲਾ ਫੇਰਨ ਵਾਲੇ ਹੱਥਾਂ ਵਿਚ ਸ਼ਮਸ਼ੀਰ ਆ ਗਈ | ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਅਕਾਲ ਪੁਰਖ ਦੇ ਸਦਾ ਰਹਿਣ ਵਾਲੇ ‘ਸ੍ਰੀ ਅਕਾਲ ਤਖ਼ਤ ਸਾਹਿਬ’ ਦੀ ਸਥਾਪਨਾ ਕੀਤੀ |
ਗੁਰੂ ਜੀ ਦੀ ਖਾਮੋਸ਼ ਸ਼ਹਾਦਤ ਨੇ ਸਿੱਖ ਕੌਮ ਵਿਚ ਜਬਰ ਵਿਰੁੱਧ ਬਗਾਵਤ ਦਾ ਅਥਾਹ ਜੋਸ਼ ਭਰ ਦਿੱਤਾ | ਇਹੀ ਕਾਰਨ ਸੀ ਕੇ ਸਿੱਖਾਂ ਨੇ ਹਰ ਮੁਸੀਬਤ ਨੂੰ ਖਿੜੇ-ਮੱਥੇ ਝੱਲਦਿਆਂ ਤੇ ਤਸੀਹੇ ਸਹਾਰਦਿਆਂ ਹੋਇਆਂ ਬੇ-ਅਣਖੇ ਜੀਵਨ ਨਾਲੋਂ ਅਣਖ ਭਰੀ ਮੌਤ ਨੂੰ ਪਹਿਲ ਦਿੱਤੀ | ‘ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ¨ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ¨ (ਪੰਨਾ 1102)’ ਦਾ ਅਦਰਸ਼ ਸਿੱਖੀ ਵਿਚ ਦਾਖਲ ਹੋਣ ਲਈ ਪਹਿਲਾ ਕਦਮ ਬਣ ਗਿਆ | ਸੱਚ ਉਤੇ ਪਹਿਰਾ ਦਿੰਦਿਆਂ ਸਿੱਖਾਂ ਨੇ ਬੁਰਾਈਆਂ ਦਾ ਟਾਕਰਾ ਕੀਤਾ | ਕਮਜ਼ੋਰਾਂ ਨੂੰ ਲਤਾੜੇ ਜਾਂਦੇ ਵੇਖ ਸਿੱਖਾਂ ਦੇ ਜਜ਼ਬੇ ਜਾਗ ਪਏ, ਸਿੱਖ ਨਿਆਸਰਿਆਂ ਨੂੰ ਆਸਰਾ ਦੇਣ ਲਈ ਬਲਦੀ ਅੱਗ ਵਿਚ ਵੀ ਕੁੱਦਣ ਲੱਗੇ |
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸਿੱਖਾਂ ਅੰਦਰ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਪੈਦਾ ਕੀਤੀਆਂ ਮੁਸੀਬਤਾਂ ਦਾ ਹਿੰਮਤ ਤੇ ਦਲੇਰੀ ਨਾਲ ਟਾਕਰਾ ਕਰਨ ਦੀ ਸਮਰੱਥਾ ਪੈਦਾ ਹੋਈ | ਪਿ੍ੰਸੀਪਲ ਸਤਿਬੀਰ ਸਿੰਘ ਨੇ ਠੀਕ ਲਿਖਿਆ ਹੈ ‘ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਕੁਰਬਾਨੀ ਦੇ ਕੇ ਸਿੱਖਾਂ ਲਈ ਪੂਰਨੇ ਪਾਏ ਤਾਂ ਕਿ ਆਉਣ ਵਾਲੀਆਂ ਨਸਲਾਂ ਉਨ੍ਹਾਂ ਪੂਰਨਿਆਂ ਉੱਤੇ ਚੱਲ ਸਕਣ | ਜੇ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਨਾ ਦਿੰਦੇ ਤਾਂ ਸ਼ਾਇਦ ਉਸ ਉਤਸ਼ਾਹ ਨਾਲ ਸਿੱਖ ਸ਼ਹਾਦਤਾਂ ਪੇਸ਼ ਨਾ ਕਰਦੇ, ਜਿਸ ਨਾਲ ਬਾਅਦ ਦੇ ਸਮੇਂ ਵਿਚ ਉਨ੍ਹਾਂ ਸ਼ਹਾਦਤਾਂ ਦਿੱਤੀਆਂ | ਜੇ ਸਿੱਖ ਆਚਰਨ ਨੇ ਦੁਨੀਆ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਤਾਂ ਇਸ ਦਾ ਵੱਡਾ ਕਾਰਨ ਗੁਰੂ ਜੀ ਦੀ ਸ਼ਹਾਦਤ ਸੀ, ਜਿਸ ਨੇ ਅਜਿਹੀ ਨੀਂਹ ਰੱਖੀ ਕਿ ਉਸ ਉੱਤੇ ਸਿੱਖੀ ਦਾ ਸੁੰਦਰ ਮਹੱਲ ਬਣਿਆ |’
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਾਡਾ ਮੁਢਲਾ ਫ਼ਰਜ਼ ਹੈ ਕਿ ਅਸੀਂ ਅਨਿਆਂ ਵਿਰੁੱਧ ਚੇਤੰਨ ਹੋ ਕੇ ਮਨੁੱਖੀ ਅਧਿਕਾਰਾਂ ਤੇ ਮਨੁੱਖੀ ਆਜ਼ਾਦੀ ਲਈ ਸੰਘਰਸ਼ਸ਼ੀਲ ਹੋਈਏ, ਸਿੱਖ ਧਰਮ ਦੇ ਸਿਧਾਂਤਾਂ ਨੂੰ ਵਿਵਹਾਰਕ ਜੀਵਨ ਦਾ ਹਿੱਸਾ ਬਣਾਈਏ ਅਤੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਫਲਸਫੇ ਨੂੰ ਹਿਰਦਿਆਂ ਵਿਚ ਵਸਾ ਲੋਕਾਈ ਦੀ ਸੇਵਾ ਵਿਚ ਜੁਟ ਜਾਈਏ-
ਜਪ੍ਹਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ¨

(ਪੰਨਾ 1409)

ਲੇਖਕ- ਡਾ. ਜਸਪਾਲ ਸਿੰਘ
Tags:
Posted in: ਸਾਹਿਤ