ਸਾਰਾਗੜ੍ਹੀ ਦੀ ਲੜਾਈ : 21 ਸਿੱਖ ਯੋਧਿਆਂ ਨੇ ਵਿਖਾਈ ਬੇਮਿਸਾਲ ਦਲੇਰੀ

By September 11, 2015 0 Comments


ਕਿੰਨੀ ਗੌਰਵਮਈ ਗਾਥਾ ਹੈ ਇਸ ਲੜਾਈ ਦੀ ਕਿ ਫਰਾਂਸ ਦੇ ਸਕੂਲਾਂ ਵਿਚ ਇਸ ਬਾਰੇ ਪੜ੍ਹਿਆ ਜਾਂਦਾ ਹੈ। ਅੰਮ੍ਰਿਤਸਰ ਵਿਚ ਜਦ ਦਰਬਾਰ ਸਾਹਿਬ ਯਾਤਰੂ ਜਾਂਦੇ ਹਨ ਤਾਂ ਰਸਤੇ ਵਿਚ ਸਾਰਾਗੜ੍ਹੀ ਦਾ ਗੁਰਦੁਆਰਾ ਹੈ। ਇਹ ਉਨ੍ਹਾਂ 21 ਸਿੱਖ ਜਵਾਨਾਂ ਦੀ ਬੀਰਤਾ ਦੀ ਯਾਦ ਵਿਚ ਹੈ।
battle of saragarhi
ਮੈਂ ਪਿਛਲੇ 50 ਸਾਲ ਤੋਂ ਲਗਾਤਾਰ ਸਾਰਾਗੜ੍ਹੀ ਸਾਕੇ ਨੂੰ ਯਾਦ ਕਰਨ ਲਈ ਲਿਖਦਾ ਆ ਰਿਹਾ ਹਾਂ। ਮੈਂ ਜਦ 1957 ਵਿਚ ਫਿਰੋਜ਼ਪੁਰ ਵਿਚ ਡੀ. ਪੀ. ਆਰ. ਓ. ਲੱਗ ਕੇ ਪੁੱਜਾ ਤਾਂ ਉਥੇ ਸਾਰਾਗੜ੍ਹੀ ਗੁਰਦੁਆਰਾ ਦੇਖ ਕੇ ਇਸ ਬਾਰੇ ਜਾਣਕਾਰੀ ਲਈ ਸੀ। ਕਿੰਨੀ ਖੁਸ਼ੀ ਤੇ ਉਤਸ਼ਾਹ ਮਿਲਿਆ ਇਹ ਜਾਣ ਕੇ ਕਿ 1897 ਵਿਚ 21 ਸਿੱਖ ਫੌਜੀ ਜਵਾਨਾਂ ਨੇ ਆਪਣੀ ਬਹਾਦਰੀ ਕਾਰਨ ਵਿਸ਼ਵ ਇਤਿਹਾਸ ਰਚ ਦਿੱਤਾ ਸੀ। ਮੈਂ ਇਸ ਲੜਾਈ ਬਾਰੇ ਬੜੇ ਇਤਿਹਾਸਕ ਤੱਥ ਪੜ੍ਹੇ ਹਨ। ਕਿੰਨੀ ਗੌਰਵਮਈ ਗਾਥਾ ਹੈ ਇਸ ਲੜਾਈ ਦੀ ਕਿ ਫਰਾਂਸ ਦੇ ਸਕੂਲਾਂ ਵਿਚ ਇਸ ਬਾਰੇ ਪੜ੍ਹਿਆ ਜਾਂਦਾ ਹੈ। ਅੰਮ੍ਰਿਤਸਰ ਵਿਚ ਜਦ ਦਰਬਾਰ ਸਾਹਿਬ ਯਾਤਰੂ ਜਾਂਦੇ ਹਨ ਤਾਂ ਰਸਤੇ ਵਿਚ ਸਾਰਾਗੜ੍ਹੀ ਦਾ ਗੁਰਦੁਆਰਾ ਹੈ। ਇਹ ਉਨ੍ਹਾਂ 21 ਸਿੱਖ ਜਵਾਨਾਂ ਦੀ ਵੀਰਤਾ ਦੀ ਯਾਦ ਵਿਚ ਹੈ। ਮੈਂ ਕਈ ਵਾਰ ਬੇਨਤੀ ਕੀਤੀ ਕਿ ਇਸ ਸਾਕੇ ਦਾ ਪੂਰਾ ਪ੍ਰਚਾਰ ਹੋਵੇ। ਮੈਨੂੰ ਖੁਸ਼ੀ ਹੋਈ ਕਿ 5 ਸਾਲ ਪਹਿਲਾਂ ਲੰਦਨ ਵਿਚ ਸਾਰਾਗੜ੍ਹੀ ਪੋਲੋ ਮੈਚ ਕਰਵਾਇਆ ਗਿਆ। ਸ਼ਾਹਜ਼ਾਦਾ ਚਾਰਲਸ ਨੇ ਪੂਰਾ ਸਮਾਂ ਮੈਚ ਦੇਖਿਆ, ਭਾਰਤ ਤੋਂ 4 ਸਿੱਖਾਂ ਦੀ ਟੀਮ ਤੇ ਯੂ. ਕੇ. ਦੀ ਫੌਜ ਦੀ ਟੀਮ ਵਿਚਕਾਰ ਮੁਕਾਬਲਾ ਹੋਇਆ। ਮੈਂ ਵੀ ਉਥੇ ਹਾਜ਼ਰ ਸੀ, ਸ਼ਾਮ ਨੂੰ ਮਹਾਰਾਜਾ ਦਲੀਪ ਸਿੰਘ ਦੇ ਐਲਵੇਡਨ ਵਿਚ ਬਣੇ ਮਹਿਲ ਵਿਚ ਖਾਣਾ ਹੋਇਆ ਤੇ ਸਾਰਾਗੜ੍ਹੀ ਦੀ ਲੜਾਈ ਦੀ ਚਰਚਾ ਕੀਤੀ ਗਈ ਸੀ।
ਅੱਜ ਮੈਨੂੰ ਖੁਸ਼ੀ ਹੈ ਕਿ ਇਹ ਖ਼ਬਰ ਛਪੀ ਹੈ ਕਿ ਭਾਰਤ ਦੇ ਵੱਡੇ ਫਿਲਮ ਐਕਟਰ ਅਜੇ ਦੇਵਗਣ ਨੇ ਐਲਾਨ ਕੀਤਾ ਹੈ ਕਿ ਉਹ ਸਾਰਾਗੜ੍ਹੀ ਦੇ ਸਾਕੇ ‘ਤੇ ਇਕ ਪੂਰੀ ਫਿਲਮ ਬਣਾਏਗਾ, ਜਿਸ ਦਾ ਨਾਂਅ ਹੋਵੇਗਾ ‘ਸਨਜ਼ ਆਫ ਸਰਦਾਰ’ (ਸਰਦਾਰਾਂ ਦੇ ਪੁੱਤਰ)। ਇਸ ਐਕਟਰ ਨੇ ਪਹਿਲਾਂ ਵੀ ਸਿੱਖਾਂ ਦਾ ਰੋਲ ਕੀਤਾ ਹੈ। ਇਸ ਫਿਲਮ ਦੇ ਬਣਨ ਨਾਲ ਸਾਰਾਗੜ੍ਹੀ ਦੀ ਬਹਾਦਰੀ ਦੀ ਵਿਸ਼ਵ ਭਰ ਵਿਚ ਧੁੰਮ ਪੈ ਜਾਵੇਗੀ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਰਕਾਰ ਨੇ ਵੀ ਸਕੂਲਾਂ ਦੀਆਂ ਕਿਤਾਬਾਂ ਵਿਚ ਇਸ ਬਾਰੇ ਪੜ੍ਹਾਈ ਆਰੰਭ ਕਰਾਈ ਹੈ। ਸਾਨੂੰ ਲੋੜ ਹੈ ਕਿ ਭਾਰਤ ਸਰਕਾਰ ਵੀ ਇਸ ਲੜਾਈ ਦਾ ਵਰਨਣ ਸਕੂਲਾਂ ਦੇ ਸਿਲੇਬਸ ਵਿਚ ਪਾਵੇ।
ਵਿਸ਼ਵ ਸੰਸਥਾ ਯੂ. ਐੱਨ. ਓ. ਦੀ ਕਲਚਰ ਤੇ ਵਿੱਦਿਆ ਬਾਰੇ ਬਣੀ ਸੰਸਥਾ ‘ਯੂਨੈਸਕੋ’ ਨੇ ਵਿਸ਼ਵ ਭਰ ਤੋਂ ਐਸੀਆਂ ਲੜਾਈਆਂ ਦੀ ਚੋਣ ਕੀਤੀ ਹੈ, ਜਿਨ੍ਹਾਂ ਵਿਚ ਸਭ ਤੋਂ ਵੱਧ ਸਮੂਹਿਕ ਬਹਾਦਰੀ ਦਿਖਾਈ ਗਈ ਹੈ। ਪਹਿਲੀ ਐਸੀ ਲੜਾਈ ਅੱਜ ਤੋਂ 2490 ਸਾਲ ਪਹਿਲਾਂ ਥਰਮੋਪਲੀ ਯੂਨਾਨ ਦੇਸ਼ ਵਿਚ ਹੋਈ ਸੀ, ਜਦੋਂ ਯੂਨਾਨ ਦੇ ਥੋੜ੍ਹੇ ਜਿਹੇ ਫੌਜੀ ਜਵਾਨਾਂ ਨੇ ਪਰਸੀਆਂ ਦੀ ਵੱਡੀ ਫੌਜ ਨੂੰ ਹਰਾ ਦਿੱਤਾ ਸੀ। ਇਨ੍ਹਾਂ ਵੱਲੋਂ ਜੋ 6 ਲੜਾਈਆਂ ਚੁਣੀਆਂ ਗਈਆਂ ਹਨ, ਉਨ੍ਹਾਂ ਵਿਚ ਸਾਰਾਗੜ੍ਹੀ ਦੀ ਲੜਾਈ ਵੀ ਸ਼ਾਮਿਲ ਹੈ, ਜਿਸ ਵਿਚ ਸਾਰਾਗੜ੍ਹੀ ਵਿਖੇ 1897 ਵਿਚ 21 ਸਿੱਖਾਂ ਨੇ ਹਜ਼ਾਰਾਂ ਕਬਾਇਲੀ ਹਮਲਾਵਰਾਂ ਨੂੰ ਸਾਰਾ ਦਿਨ ਰੋਕ ਕੇ ਰੱਖਿਆ ਤੇ ਇਕ-ਇਕ ਕਰਕੇ ਲੜਦੇ ਸ਼ਹੀਦ ਹੋ ਗਏ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਬਲ ਤੇ ਪਿਸ਼ਾਵਰ ਵਿਚ ਜੋ ਇਲਾਕਾ ਸੀ, ਉਸ ਵਿਚ ਕਿਲ੍ਹੇ ਉਸਾਰੇ ਗਏ ਸਨ। ਇਹ ਸਭ ਨੂੰ ਪਤਾ ਹੈ ਕਿ 1841-42 ਵਿਚ ਸਿੱਖ ਤੇ ਅੰਗਰੇਜ਼ ਫੌਜਾਂ ਨੇ ਮਿਲ ਕੇ ਅਫ਼ਗਾਨੀਆਂ ਨਾਲ ਯੁੱਧ ਲੜੇ ਸਨ। ਉਸ ਵਕਤ ਦੋ ਵੱਡੇ ਕਿਲ੍ਹੇ ਗੁਲਸਤਾਨ ਤੇ ਲੋਕਹਾਰਟ ਵਿਖੇ ਸਥਾਪਤ ਕੀਤੇ ਗਏ ਸਨ। ਉਨ੍ਹਾਂ ਵਿਚਕਾਰ ਇਕ ਪਹਾੜੀ ‘ਤੇ ਸਾਰਾਗੜ੍ਹੀ ਵਿਖੇ ਇਕ ਛੋਟੀ ਗੜ੍ਹੀ ਉਸਾਰੀ ਗਈ ਸੀ, ਉਸ ਦੀ ਸੰਭਾਲ ਸਿੱਖ ਰੈਜਮੈਂਟ ਦੇ ਹਵਾਲੇ ਸੀ, ਹਵਾਲਦਾਰ ਈਸ਼ਰ ਸਿੰਘ ਇਸ ਦੇ ਮੁਖੀ ਸਨ। ਉਸ ਸਮੇਂ ਵਾਇਰਲੈੱਸ ਨਹੀਂ ਸੀ ਹੁੰਦੀ, ਨਾ ਟੈਲੀਫੋਨ। ਇਕ ਥਾਂ ਤੋਂ ਦੂਜੀ ਥਾਂ ਸੁਨੇਹਾ ਭੇਜਣ ਲਈ ਉੱਚੀ ਥਾਂ ਤੋਂ ਚਮਕਦੇ ਸ਼ੀਸ਼ੇ ਰਾਹੀਂ ਜਾਂ ਹੱਥ ਵਿਚ ਝੰਡੀਆਂ ਰਾਹੀਂ ਇਸ਼ਾਰੇ ਹੁੰਦੇ ਸਨ। ਇਸ ਸਿਗਨਲ ਸਿਸਟਮ ਦਾ ਨਾਂਅ ਸੀ ਹੈਲੀਓਗ੍ਰਾਫ। ਸਾਰਾਗੜ੍ਹੀ ਤੋਂ ਇਕ ਸਿਪਾਹੀ ਨੇ 12 ਸਤੰਬਰ 1897 ਨੂੰ ਲੋਕਹਾਰਟ ਦੇ ਕਿਲ੍ਹੇ ‘ਤੇ ਇਸ ਸਿਸਟਮ ਰਾਹੀਂ ਇਤਲਾਹ ਦਿੱਤੀ ਕਿ ਹਜ਼ਾਰਾਂ ਕਬਾਇਲੀਆਂ ਨੇ ਗੜ੍ਹੀ ਘੇਰ ਲਈ ਹੈ ਤੇ ਹਮਲਾ ਕਰ ਰਹੇ ਹਨ। ਉਨ੍ਹਾਂ ਇਸ ਹਮਲੇ ਨੂੰ ਰੋਕ ਕੇ ਉਥੇ ਲੜਾਈ ਆਰੰਭ ਕਰ ਦਿੱਤੀ। ਇਕ-ਇਕ ਕਰਕੇ ਉਹ ਪਹਿਲਾਂ ਬੰਦੂਕ ਨਾਲ, ਫਿਰ ਤਲਵਾਰਾਂ ਨਾਲ ਲੜਦੇ ਸ਼ਹੀਦ ਹੋ ਗਏ। ਅਖੀਰ ਵਿਚ ਈਸ਼ਰ ਸਿੰਘ ਵੀ ਅਖੀਰਲਾ ਸੁਨੇਹਾ ਦੇ ਕੇ ਸ਼ਹੀਦੀ ਪਾ ਗਿਆ। ਸਾਰੇ ਹੈਰਾਨ ਸਨ ਕਿ 21 ਸਿੱਖ ਜਵਾਨਾਂ ਨੇ ਹਜ਼ਾਰਾਂ ਨੂੰ ਸਾਰਾ ਦਿਨ ਰੋਕ ਰੱਖਿਆ ਸੀ।
ਇਸ ਬਹਾਦਰੀ ਦੀ ਖ਼ਬਰ ਜਦ ਲੰਦਨ ਪੁੱਜੀ ਤਾਂ ਪਾਰਲੀਮੈਂਟ ਵਿਚ ਮੰਤਰੀ ਨੇ ਵਾਰਤਾ ਸੁਣਾਈ। ਸਾਰੇ ਐੱਮ. ਪੀ. ਸੀਟਾਂ ਤੋਂ ਖੜ੍ਹੇ ਹੋਏ ਤੇ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ।
ਅੱਜ ਇਸ ਘਟਨਾ ਦਾ ਜਿੰਨਾ ਅਸੀਂ ਪ੍ਰਚਾਰ ਕਰਾਂਗੇ, ਸਾਡੇ ਵਿਦਿਆਰਥੀ ਓਨੇ ਹੀ ਉਤਸ਼ਾਹਤ ਹੋਣਗੇ। ਵੀਰਤਾ ਦੀ ਗਾਥਾ ਕੌਮ ਨੂੰ ਖੜ੍ਹਾ ਕਰਦੀ ਹੈ। ਇਸ ਸਬੰਧੀ ਜੇਕਰ ਚੰਗੀ ਫਿਲਮ ਬਣਦੀ ਹੈ ਤਾਂ ਇਹ ਵੱਡਾ ਰੋਲ ਅਦਾ ਕਰ ਸਕਦੀ ਹੈ, ਹਾਲੀਵੁੱਡ ਦੀ ਕੋਈ ਕੰਪਨੀ ਵੀ ਅਜਿਹੀ ਕੋਈ ਫਿਲਮ ਬਣਾ ਕੇ ਜਸ ਖੱਟ ਸਕਦੀ ਹੈ।
ਤਰਲੋਚਨ ਸਿੰਘ
-ਸਾਬਕਾ ਐਮ. ਪੀ.
E-mail : tarlochan@tarlochansingh.com

Posted in: ਸਾਹਿਤ