ਬੱਬਰ ਲਹਿਰ ਦੇ ਸ਼ਹੀਦ ਕਰਮ ਸਿੰਘ ਦੌਲਤਪੁਰੀ

By September 3, 2015 0 Comments


karam singh daulatpuri babbar leharਬੱਬਰ ਅਕਾਲੀ ਲਹਿਰ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਦਾ ਅਨਿੱੜਵਾਂ ਅੰਗ ਰਿਹਾ ਹੈ, ਸਿਰ-ਧੜ ਦੀ ਬਾਜ਼ੀ ਲਾਉਣ ਵਾਲੇ ਬੱਬਰਾਂ ਵਿਚੋਂ ਬੱਬਰ ਕਰਮ ਸਿੰਘ ਵੀ ਇਕ ਸਨ, ਜਿਨ੍ਹਾਂ ਦਾ ਜਨਮ ਦੇਸ਼ ਦੀ ਆਜ਼ਾਦੀ ਲਈ ਕੁਬਾਨੀਆਂ ਕਰਨ ਵਾਲੇ 57 ਜੋਧਿਆਂ ਦੇ ਪਿੰਡ ਦੌਲਤਪੁਰ, ਜ਼ਿਲ੍ਹਾ ਜਲੰਧਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਵਿਖੇ 20 ਮਾਰਚ 1880 ਨੂੰ ਪਿਤਾ ਸ੍ਰੀ ਨੱਥਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਦੁੱਲੀ ਦੀ ਕੁੱਖੋਂ ਹੋਇਆ। ਕਰਮ ਸਿੰਘ 1898 ਵਿਚ ਅੰਗਰੇਜ਼ੀ ਫੌਜ ਵਿਚ ਭਰਤੀ ਹੋ ਗਏ। ਪਰ ਅੰਗਰਜ਼ਾਂ ਦੇ ਜ਼ਲਾਲਤੀ ਵਤੀਰੇ ਦੇ ਰੋਸ ਕਾਰਨ ਉਨ੍ਹਾਂ 8 ਸਾਲ ਮਗਰੋਂ ਨੌਕਰੀ ਛੱਡ ਦਿੱਤੀ। ਪਿੰਡ ਆ ਕੇ ਉਹ ਬਾਬਾ ਕਰਮ ਸਿੰਘ ਹੋਤੀ ਮਰਦਾਨ ਦੇ ਸੰਪਰਕ ਵਿਚ ਆਉਣ ਕਾਰਨ ਭੋਰਾ ਪੁੱਟ ਉਸ ਵਿਚ ਬੈਠ ਭਗਤੀ ਵਿਚ ਲੀਨ ਰਹਿਣ ਲੱਗੇ, ਜਿਸ ਕਰਕੇ ਉਨ੍ਹਾਂ ਦੇ ਚਾਚਾ ਵਰਿਆਮ ਸਿੰਘ ਨੇ ਉਨ੍ਹਾਂ ਨੂੰ ਆਪਣੇ ਕੋਲ ਕੈਨੇਡਾ ਸੱਦ ਲਿਆ। ਪਰ ਇਸੇ ਦੌਰਾਨ ਭਾਰਤ ਵਿਚ ਗ਼ਦਰ ਲਹਿਰ ਸ਼ੁਰੂ ਹੋਣ ਨਾਲ ਦੇਸ਼ ਦੀ ਆਜ਼ਾਦੀ ਦੀ ਜੰਗ ਵਿਚ ਕੁੱਦਣ ਲਈ ਉਹ ਭਾਰਤ ਆ ਗਏ ਅਤੇ ਅਕਾਲੀ ਲਹਿਰ ਦੇ ਪ੍ਰਭਾਵ ਕਾਰਨ ਉਨ੍ਹਾਂ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਜਾ ਕੇ ਅੰਮ੍ਰਿਤ ਛੱਕ ਲਿਆ, ਜਿਸ ਕਰਕੇ ਉਨ੍ਹਾਂ ਦਾ ਅਸਲ ਨਾਂਅ ਨਰੈਣ ਸਿੰਘ ਦੀ ਥਾਂ ਕਰਮ ਸਿੰਘ ਰੱਖ ਦਿੱਤਾ ਗਿਆ।
ਇਸ ਦੇ ਨਾਲ ਹੀ ਉਨ੍ਹਾਂ ਬੱਬਰ ਲਹਿਰ ਦੇ ਬਾਨੀਆਂ ਵਿਚੋਂ ਬੱਬਰ ਕਿਸ਼ਨ ਸਿੰਘ ਗੜਗੱਜ ਹੁਰਾਂ ਨਾਲ ਇਕਸੁਰ ਹੋ ਕੇ ਅੰਗਰੇਜ਼ ਹਾਕਮਾਂ ਨੂੰ ਦੇਸ਼ ਵਿਚੋਂ ਕੱਢਣ ਦਾ ਪ੍ਰਣ ਕਰ ਲਿਆ। ਜਥੇਬੰਦੀ ਦੀ ਮਜ਼ਬੂਤੀ ਅਤੇ ਪ੍ਰਚਾਰ ਲਈ ਉਨ੍ਹਾਂ ਇਕ ਚੱਕਰਵਰਤੀ ਜਥਾ ਬਣਾ ਕੇ ‘ਉਡਾਰੂ ਪ੍ਰੈੱਸ’ ਦੀ ਕਾਇਮੀ ਕਰਕੇ ਆਪਣੇ ਪਿੰਡ ਦੌਲਤਪੁਰ ਤੋਂ 2 ਅਗਸਤ 1922 ਤੋਂ ਆਪਣੀ ਸੰਪਾਦਨਾ ਹੇਠ ‘ਬੱਬਰ ਅਕਾਲੀ ਦੁਆਬਾ’ ਨਾਂਅ ਦੀ ਅਖ਼ਬਾਰ ਦੀ ਪ੍ਰਕਾਸ਼ਨਾ ਸ਼ੁਰੂ ਕਰ ਦਿੱਤੀ।
ਆਪਣੀ ਸਰਗਰਮੀ ਤੇਜ਼ ਕਰਦਿਆਂ 1921 ਵਿਚ ਉਨ੍ਹਾਂ ਗੁਰਦਾਸਪੁਰ ਦੇ ਪਿੰਡ ਕੋਠੀਆਂ ਦੇ ਮਹੰਤਾਂ ਵਿਰੁੱਧ ਮੋਰਚਾ ਲਾ ਕੇ ਅਤੇ 22 ਅਪ੍ਰੈਲ 1922 ਨੂੰ ਬਲਚੌਰ ਤੋਂ ਹੁਸ਼ਿਆਰਪੁਰ ਤੱਕ ਅੰਬਾਂ ਦੀ ਸਰਕਾਰੀ ਬੋਲੀ ਰੋਕ ਕੇ ਅੰਗਰੇਜ਼ ਹਕੂਮਤ ਨੂੰ ਸਿੱਧੇ ਰੂਪ ਵਿਚ ਲਲਕਾਰਾ ਮਰਿਆ। ਸੰਘਰਸ਼ ਨੂੰ ਤੇਜ਼ ਕਰਨ ਅਤੇ ਅਸਲ੍ਹਾ ਖਰੀਦਣ ਲਈ 2-3 ਫਰਵਰੀ 1923 ਨੂੰ ਜਾਡਲਾ ਵਿਖੇ ਵਿਆਜੂ ਪੈਸੇ ਦੇ ਕੇ ਗਰੀਬਾਂ ਦਾ ਖੂਨ ਚੂਸਣ ਵਾਲੇ ਸੇਠ ਮੁਣਸ਼ੀ ਰਾਮ ਹਾਂਡਾ ਦੇ ਘਰ ਡਾਕਾ ਮਾਰਿਆ।
23 ਜੁਲਾਈ 1923 ਨੂੰ ਛਦੌੜੀ ਪਿੰਡ ਦੇ ਰਾਮ ਦਿੱਤਾ ਉਰਫ ਕਾਕਾ ਲੰਬੜਦਾਰ ਤੋਂ ਗੜ੍ਹਸ਼ੰਕਰ (ਹੁਸ਼ਿਆਰਪੁਰ) ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣ ਜਾਂਦੇ ਸਮੇਂ ਮਾਮਲਾ ਲੁੱਟਣਾ, ਬੱਬਰ ਕਿਸ਼ਨ ਸਿੰਘ ਗੜਗੱਜ ਨੂੰ ਧੋਖੇ ਨਾਲ ਗ੍ਰਿਫਤਾਰ ਕਰਾਉਣ ਵਾਲੇ ਲਾਭ ਸਿੰਘ ਢੱਡੇ ਫਤਹਿ ਸਿੰਘ ਨੂੰ ਮਾਰਨ ਦਾ ਯਤਨ ਕਰਨਾ, ਬੱਬਰ ਧੰਨਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਮੁਖਬਰੀ ਕਰਨ ਕਰਕੇ ਲੰਬੜਦਾਰ ਹਜ਼ਾਰਾ ਸਿੰਘ ਬੈਹਬਲਪੁਰ ਅਤੇ ਆਪਣੇ ਨਾਨਕੇ ਪਿੰਡ ਕੌਲਗੜ੍ਹ ਦੇ ਰਲਾ ਤੇ ਦਿੱਤੂ ਲੰਬੜਦਾਰ ਭਰਾਵਾਂ ਨੂੰ ਪੁਲਿਸ ਦੀ ਟਾਊਟੀ ਕਰਨ ਬਦਲੇ ਸੋਧਾ ਲਾਉਣ ਕਰਕੇ ਭੈਅਭੀਤ ਹੋਈ ਅੰਗਰੇਜ਼ ਸਰਕਾਰ ਨੇ 1922 ਤੋਂ ਬੱਬਰਾਂ ਦੇ ਸਿਰਾਂ ਦੇ ਮੁੱਲ ਰੱਖਣੇ ਸ਼ੁਰੂ ਕਰ ਦਿੱਤੇ ਸਨ।
ਬਰਤਾਨੀਆਂ ਹਕੂਮਤ ਨੇ ਬੱਬਰ ਕਰਮ ਸਿੰਘ ਦੇ ਸਿਰ ਦਾ ਮੁੱਲ 1000 ਤੋਂ ਵਧਾ ਕੇ 3000 ਰੁਪਏ ਕਰ ਦਿੱਤਾ ਤਾਂ ਉਹ ਰੂਪੋਸ਼ ਹੋ ਕੇ ਸੰਘਰਸ਼ ਵਿਚ ਜੁੱਟੇ ਰਹੇ। ਇਸ ਇਨਾਮ ਦੇ ਲਾਲਚ ਵਿਚ ਪਿੰਡ ਮਾਣਕੋ (ਜਲੰਧਰ) ਦੇ ਵਸਨੀਕ ਉਨ੍ਹਾਂ ਦੇ ਇਕ ਸਾਥੀ ਅਨੂਪ ਸਿੰਘ ਅਤੇ ਉਸ ਦੇ ਚਾਚਾ ਬੋਘ ਸਿੰਘ ਨੇ ਗਦਾਰੀ ਕਰਦਿਆਂ ਬੱਬਰ ਕਰਮ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਿੰਡ ਬਬੇਲੀ ਬੁਲਾ ਕੇ ਉਨ੍ਹਾਂ ਦਾ ਅਸਲ੍ਹਾ ਨਕਾਰਾ ਅਤੇ ਪਾਸੇ ਕਰਕੇ ਅੰਗਰੇਜ਼ ਪੁਲਿਸ ਨੂੰ ਸੂਚਨਾ ਦੇ ਦਿੱਤੀ। ਜਿਸ ‘ਤੇ ਪਿੰਡ ਨੂੰ ਪੁਲਿਸ ਅਤੇ ਫੌਜ ਨੇ ਘੇਰਾ ਪਾ ਲਿਆ। ਜਿਊਂਦੇ ਜੀਅ ਪੁਲਿਸ ਦੇ ਹੱਥ ਆਉਣ ਦੀ ਥਾਂ ਲੜ ਮਰਨ ਨੂੰ ਤਰਜੀਹ ਦਿੰਦਿਆਂ 1 ਸਤੰਬਰ 1923 ਨੂੰ ਬੱਬਰ ਕਰਮ ਸਿੰਘ ਦੌਲਤਪੁਰੀ, ਬੱਬਰ ਬਿਸ਼ਨ ਸਿੰਘ ਮਾਂਗਟ, ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਅਤੇ ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਨੇ ਸ਼ਹੀਦੀ ਜਾਮ ਪੀ ਕੇ ਆਜ਼ਾਦੀ ਸੰਗਰਾਮ ਨੂੰ ਹੋਰ ਵੀ ਪ੍ਰਚੰਡ ਕਰ ਦਿੱਤਾ।
ਅੱਜ 1 ਸਤੰਬਰ ਬੱਬਰਾਂ ਦੇ ਸ਼ਹੀਦੀ ਦਿਵਸ ‘ਤੇ ਜਨਰਲ ਮੋਹਣ ਸਿੰਘ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਜ਼ਦੀਕੀ ਆਜ਼ਾਦ ਹਿੰਦ ਫੌਜ ਦੇ ਕਮਾਂਡਰ ਸਵਰਗੀ ਬਚਨ ਸਿੰਘ ਥਾਂਦੀ ਹੁਰਾਂ ਦੀ ਪਹਿਕਦਮੀ ‘ਤੇ ਸਥਾਪਤ ਕੀਤੇ ਗਏ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਦੌਲਤਪੁਰ (ਸ਼ਹੀਦ ਭਗਤ ਸਿੰਘ ਨਗਰ) ਵਿਖੇ 92ਵਾਂ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ।
-ਬਲਦੇਵ ਸਿੰਘ ਬੱਲੀ
ਪਿੰਡ ਠਠਿਆਲਾ ਢਾਹਾ, ਤਹਿ: ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ)।
Tags:
Posted in: ਸਾਹਿਤ