ਡਗਸ਼ੱਈ ਕੇਸ ਅਧੀਨ ਸਜ਼ਾ ਪਾਉਣ ਵਾਲੇ ਗ਼ਦਰੀ ਦੇਸ਼ ਭਗਤਾਂ ਨੂੰ ਯਾਦ ਕਰਦਿਆਂ…

By September 3, 2015 0 Comments


shaheedਹਿੰਦੁਸਤਾਨ ਨੂੰ ਬਰਤਾਨਵੀ ਸਾਮਰਾਜ ਤੋਂ ਮੁਕਤ ਕਰਵਾਉਣ ਲਈ ਜੁਝਾਰੂ ਯੋਧਿਆਂ ਵੱਲੋਂ ਲਗਾਏ ਗਏ ਵੱਖ-ਵੱਖ ਮੋਰਚਿਆਂ ਅਤੇ ਇਨਕਲਾਬੀ ਲਹਿਰਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਜਿਥੇ ਆਪਣਾ-ਆਪਣਾ ਯੋਗਦਾਨ ਪਾਇਆ, ਉਥੇ ਗ਼ਦਰ ਲਹਿਰ ਦੇ ਰੂਪ ਵਿਚ ਗ਼ਦਰੀ ਦੇਸ਼ ਭਗਤਾਂ ਦੀ ਬਹਾਦਰੀ, ਸਿਰੜ ਅਤੇ ਕੁਰਬਾਨੀਆਂ ਆਜ਼ਾਦੀ ਦੇ ਇਸ ਸੰਘਰਸ਼ ਦੀ ਇਕ ਅਦੁੱਤੀ ਮਿਸਾਲ ਹਨ, ਜਿਸ ਨਾਲ ਕੌਮ ਦਾ ਸਿਰ ਫ਼ਖਰ ਨਾਲ ਉੱਚਾ ਹੁੰਦਾ ਹੈ। ਇਨ੍ਹਾਂ ਸੂਰਬੀਰ ਯੋਧਿਆਂ ਨੇ ਇਸ ਸੰਘਰਸ਼ ਵਿਚ ਜਿਥੇ ਆਪਣੀਆਂ ਕੀਮਤੀ ਜਾਨਾਂ ਦੇਸ਼ ਦੇ ਲੇਖੇ ਲਾਉਂਦਿਆਂ ਹੱਸ-ਹੱਸ ਕੇ ਸ਼ਹੀਦੀਆਂ ਦਿੱਤੀਆਂ, ਉਥੇ ਕਈ ਗ਼ਦਰੀਆਂ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਵਰ੍ਹੇ ਕਾਲ-ਕੋਠੜੀਆਂ ਵਿਚ ਸਜ਼ਾ ਦੇ ਰੂਪ ਵਿਚ ਬਿਤਾਏ ਅਤੇ ਆਪਣੀਆਂ ਜਾਇਦਾਦਾਂ ਆਦਿ ਜ਼ਬਤ ਕਰਾ ਲਈਆਂ। ਗ਼ਦਰ ਪਾਰਟੀ ਦੇ ਸੂਰਬੀਰ ਯੋਧਿਆਂ ਨੇ ਜਦੋਂ ਸਾਮਰਾਜਵਾਦ ਖਿਲਾਫ ਬਗਾਵਤ ਦਾ ਝੰਡਾ ਖੜ੍ਹਾ ਕਰਦਿਆਂ ਆਜ਼ਾਦੀ ਦੀ ਪ੍ਰਾਪਤੀ ਲਈ ਕਮਰਕੱਸੇ ਕਰਨੇ ਸ਼ੁਰੂ ਕੀਤੇ ਤਾਂ ਵਿਦੇਸ਼ਾਂ ‘ਚ ਰਹਿੰਦਿਆਂ ਗ਼ਦਰ ਪਾਰਟੀ ਨੂੰ ਚਲਾ ਰਹੇ ਗ਼ਦਰੀਆਂ ਨੇ ਭਾਰਤ ਵਾਪਸ ਪਰਤ ਕੇ ਆਮ ਲੋਕਾਂ ਨੂੰ ਆਜ਼ਾਦੀ ਲਈ ਚੇਤੰਨ ਕਰਨ ਦਾ ਕੰਮ ਅਰੰਭਿਆ।
ਇਸੇ ਮਕਸਦ ਤਹਿਤ ਸ: ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਨੇ ਫੌਜੀ ਛਾਉਣੀਆਂ ਵਿਚ ਜਵਾਨਾਂ ਨਾਲ ਗੁਪਤ ਤਾਲਮੇਲ ਵਧਾ ਕੇ ਭਾਰਤ ਵਿਚ ਗ਼ਦਰ ਕਰਨ ਲਈ ਫੌਜੀ ਭਰਾਵਾਂ ਨੂੰ ਗ਼ਦਰ ਲਹਿਰ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ, ਜਿਸ ਵਿਚ ਉਹ ਕਾਫੀ ਕਾਮਯਾਬ ਵੀ ਰਹੇ। ਭਾਰਤ ਵਿਚ ਹਥਿਆਰਬੰਦ ਬਗਾਵਤ ਲਈ ਫੌਜੀ ਛਾਉਣੀਆਂ ਵਿਚ ਬਗਾਵਤinder ਕਰਕੇ ਗ਼ਦਰ ਪਾਰਟੀ ਨਾਲ ਮਿਲ ਕੇ ਅੰਗਰੇਜ਼ਾਂ ਕੋਲੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਤਰੀਕਾਂ ਤੈਅ ਕੀਤੀਆਂ ਗਈਆਂ, ਜਿਸ ਦੇ ਸਿੱਟੇ ਵਜੋਂ ਕਈ ਫੌਜੀ ਛਾਉਣੀਆਂ ਵਿਚ ਬਗਾਵਤਾਂ ਵੀ ਹੋਈਆਂ। 23ਵੇਂ ਫੌਜੀ ਰਸਾਲੇ ਨੇ ਵੀ ਇਸ ਅੰਦੋਲਨ ਦਾ ਹਿੱਸਾ ਬਣਦਿਆਂ ਪੂਰੀ ਤਿਆਰੀ ਕਰ ਲਈ ਅਤੇ ਸਾਥੀਆਂ ਸਮੇਤ ਬਗਾਵਤ ਕਰਨ ਲਈ ਇਕਜੁੱਟ ਹੋ ਗਏ। ਇਹ 23 ਨੰਬਰ ਰਸਾਲਾ ਜੋ ਕਿ ਸਾਮਰਾਜ ਹਕੂਮਤ ਲਈ ਸ਼ੱਕੀ ਹੋ ਗਿਆ ਸੀ, ਦੀਆਂ ਸਾਰੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਲਈ ਅੰਮ੍ਰਿਤਸਰ ਦੇ ਸੀ. ਆਈ. ਡੀ. ਦੇ ਡਿਪਟੀ ਸੁਪਰਡੈਂਟ ਲਿਆਕਤ ਹਯਾਤ ਨੇ ਗ਼ਦਰ ਪਾਰਟੀ ਵਿਚ ਜ਼ੈਲਦਾਰ ਬੇਲਾ ਸਿੰਘ ਰਾਹੀਂ ਗਦਾਰ ਕਿਰਪਾਲ ਸਿੰਘ (ਜਿਸ ਦੀ ਗਦਾਰੀ ਕਾਰਨ ਗ਼ਦਰੀਆਂ ਦਾ ਆਜ਼ਾਦੀ ਦਾ ਸੁਪਨਾ ਅਧੂਰਾ ਰਹਿ ਗਿਆ ਸੀ) ਦੇ ਤਾਏ ਦੇ ਪੁੱਤ ਬਲਵੰਤ ਸਿੰਘ ਜੋ ਸ਼ਿੰਘਾਈ ਤੋਂ ਪਰਤਿਆ ਸੀ, ਨੂੰ 23ਵੇਂ ਰਸਾਲੇ ਵਿਚ ਭਰਤੀ ਕਰਵਾ ਦਿੱਤਾ ਗਿਆ।
ਖੁਫੀਆ ਰਿਪੋਰਟਾਂ ਦੇ ਆਧਾਰ ‘ਤੇ ਇਸ ਰਸਾਲੇ ਨੂੰ 19 ਫਰਵਰੀ 1915 ਨੂੰ ਬਸਰੇ ਦੀ ਜੰਗ ਵਿਚ ਭੇਜ ਦਿੱਤਾ ਗਿਆ ਅਤੇ ਇਸ ਦੇ ਡਿਪੂ ਨੂੰ ਉੱਤਰ ਪ੍ਰਦੇਸ਼ ਦੇ ਨੌਗਾਉ ਛਾਉਣੀ ਵਿਚ ਬਦਲ ਦਿੱਤਾ ਗਿਆ। 13 ਮਈ 1915 ਨੂੰ ਨੌਗਾਉ ਪਹੁੰਚਣ ਲਈ ਹਰਪਾਲਪੁਰ ਰੇਲਵੇ ਸਟੇਸ਼ਨ ਉੱਤੇ ਉਤਰਨ ਸਮੇਂ ਦਫੇਦਾਰ ਵਧਾਵਾ ਸਿੰਘ ਦਾ ਬਕਸਾ ਡਿੱਗ ਪਿਆ, ਜਿਸ ਵਿਚ ਰੱਖਿਆ ਬੰਬ ਅਚਾਨਕ ਫਟ ਜਾਣ ਕਾਰਨ ਭਗਦੜ ਮਚ ਗਈ, ਬਕਸੇ ਉੱਪਰ ਵਧਾਵਾ ਸਿੰਘ ਦਾ ਨਾਂਅ ਲਿਖਿਆ ਹੋਣ ਕਰਕੇ ਜਮਾਂਦਾਰ ਅਸਮੈਲ ਖਾਂ ਦੀ ਪਹਿਚਾਣ ‘ਤੇ ਵਸਾਵਾ ਸਿੰਘ ਅਤੇ ਪੂਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਨ੍ਹਾਂ ਦੋਵਾਂ ਨੂੰ ਵਾਅਦਾ-ਮੁਆਫੀ ਦਾ ਲਾਲਚ ਦੇ ਕੇ ਇਨ੍ਹਾਂ ਕੋਲੋਂ ਗ਼ਦਰੀਆਂ ਨਾਲ ਜੁੜੇ ਹੋਏ ਬਾਕੀ ਸਾਥੀਆਂ ਦੇ ਨਾਵਾਂ ਬਾਰੇ ਪੁੱਛ ਲਿਆ ਗਿਆ। ਬਸਰੇ ਦੀ ਜੰਗ ਵਿਚ ਗਏ ਇਨ੍ਹਾਂ ਦੇ ਬਾਕੀ 18 ਸਾਥੀਆਂ ਦੇ ਨਾਵਾਂ ਦਾ ਪਤਾ ਲੱਗਣ ‘ਤੇ ਉਨ੍ਹਾਂ ਨੂੰ ਜੰਗ ਵਿਚੋਂ ਵਾਪਸ ਬੁਲਾ ਲਿਆ ਗਿਆ ਅਤੇ ਡਗਸ਼ੱਈ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੀਆਂ ਕਾਲ-ਕੋਠੜੀਆਂ ਵਿਚ ਡੱਕ ਦਿੱਤਾ ਗਿਆ।
ਇਨ੍ਹਾਂ 18 ਸੂਰਬੀਰ ਯੋਧਿਆਂ ‘ਤੇ 15 ਅਗਸਤ 1915 ਤੋਂ ਮੁਕੱਦਮਾ ਸ਼ੁਰੂ ਕਰਕੇ 29 ਅਗਸਤ 1915 ਨੂੰ ਅਦਾਲਤ ਵੱਲੋਂ ਸਜ਼ਾਵਾਂ ਦੇ ਦਿੱਤੀਆਂ ਗਈਆਂ। ਸਿਰਫ 15 ਦਿਨ ਚੱਲੇ ਇਸ ਇਕਤਰਫਾ ਮੁਕੱਦਮੇ ਵਿਚ ਨਾ ਕੋਈ ਅਪੀਲ, ਨਾ ਕੋਈ ਦਲੀਲ ਅਤੇ ਨਾ ਹੀ ਕੋਈ ਵਕੀਲ ਸੀ। ਅਖੀਰ 3 ਸਤੰਬਰ 1915 ਨੂੰ ਅੰਬਾਲਾ ਜੇਲ੍ਹ ਵਿਚ ਇਨ੍ਹਾਂ 18 ਦੇਸ਼ ਭਗਤਾਂ ਵਿਚੋਂ 12 ਗ਼ਦਰੀਆਂ ਨੂੰ ਜਿਨ੍ਹਾਂ ਵਿਚ ਦਫੇਦਾਰ ਵਧਾਵਾ ਸਿੰਘ ਪੁੱਤਰ ਸੁਰੈਣ ਸਿੰਘ, ਭਾਗ ਸਿੰਘ ਪੁੱਤਰ ਬੂੜ ਸਿੰਘ, ਤਾਰਾ ਸਿੰਘ ਪੁੱਤਰ ਸ਼ਾਮ ਸਿੰਘ, ਭਗਤ ਸਿੰਘ ਪੁੱਤਰ ਈਸ਼ਰ ਸਿੰਘ (ਚਾਰੇ ਪਿੰਡ ਰੂੜੀ ਵਾਲਾ), ਗੁੱਜਰ ਸਿੰਘ ਪੁੱਤਰ ਨਿਹਾਲ ਸਿੰਘ, ਜੇਠਾ ਸਿੰਘ ਪੁੱਤਰ ਬਹਾਦਰ ਸਿੰਘ (ਦੋਵੇਂ ਪਿੰਡ ਲਹੁਕਾ), ਇੰਦਰ ਸਿੰਘ ਪੁੱਤਰ ਜਵੈਦ ਸਿੰਘ ਪਿੰਡ ਜੀਉਬਾਲਾ, ਇੰਦਰ ਸਿੰਘ ਪੁੱਤਰ ਭਗਤ ਸਿੰਘ ਸ਼ਾਹਬਾਜਪੁਰ, ਬੂਟਾ ਸਿੰਘ ਪੁੱਤਰ ਚੈਂਚਲ ਸਿੰਘ ਪਿੰਡ ਕਸੇਲ, ਲਛਮਣ ਸਿੰਘ ਪੁੱਤਰ ਨੱਥਾ ਸਿੰਘ ਚੂਸਲੇਵਾੜ, ਬੁੱਧ ਸਿੰਘ ਪੁੱਤਰ ਹੀਰਾ ਸਿੰਘ ਢੋਡੀਆਂ ਅਤੇ ਅਬਦੁੱਲਾ ਨਾਹਲਬੰਦ ਪੁੱਤਰ ਈਲਾਹੁਦੀਨ ਪਿੰਡ ਤਰਪਾਲ (ਜ਼ਿਲ੍ਹਾ ਗੁੱਜਰਾਂਵਾਲਾ) ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਇਨ੍ਹਾਂ ਦੇ ਬਾਕੀ 6 ਸਾਥੀਆਂ ਜਿਨ੍ਹਾਂ ਵਿਚ ਨੱਥਾ ਸਿੰਘ ਪੁੱਤਰ ਸਦਾ ਸਿੰਘ, ਕੇਹਰ ਸਿੰਘ ਪੁੱਤਰ ਕਾਹਨ ਸਿੰਘ, ਬਿਸ਼ਨ ਸਿੰਘ ਪੁੱਤਰ ਜੀਵਨ ਸਿੰਘ, ਬਿਸ਼ਨ ਸਿੰਘ ਪੁੱਤਰ ਰਾਮ ਸਿੰਘ (ਚਾਰੇ ਵਾਸੀ ਪਿੰਡ ਢੋਟੀਆਂ) ਅਤੇ ਨੰਦ ਸਿੰਘ ਪੁੱਤਰ ਪੰਜਾਬ ਸਿੰਘ ਪਿੰਡ ਬੁਰਜ ਰਾਏ ਕੇ, ਚੰਨਣ ਸਿੰਘ ਪੁੱਤਰ ਨੱਥਾ ਸਿੰਘ ਪਿੰਡ ਢੰਡ ਕਸੇਲ ਨੂੰ ਉਮਰ ਕੈਦ, ਕਾਲੇ ਪਾਣੀ ਦੀਆਂ ਸਜ਼ਾਵਾਂ ਦੇ ਨਾਲ-ਨਾਲ ਇਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ।
ਜ਼ਿਕਰਯੋਗ ਹੈ ਕਿ ਡਗਸ਼ੱਈ ਕੇਸ ਅਧੀਨ ਸਜ਼ਾਵਾਂ ਪਾਉਣ ਵਾਲੇ ਇਨ੍ਹਾਂ 18 ਗ਼ਦਰੀ ਦੇਸ਼ ਭਗਤਾਂ ਵਿਚ ਇਕ ਅਬਦੁੱਲਾ ਨਾਹਲਬੰਦ ਜੋ ਕਿ ਜ਼ਿਲ੍ਹਾ ਗੁੱਜਰਾਂਵਾਲਾ ਨਾਲ ਸਬੰਧਤ ਸੀ, ਨੂੰ ਛੱਡ ਕੇ ਬਾਕੀ 17 ਦੇਸ਼ ਭਗਤਾਂ ਦਾ ਸਬੰਧ ਮਾਝੇ ਦੇ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨ ਤਾਰਨ) ਨਾਲ ਹੈ। 3 ਸਤੰਬਰ 2015 ਨੂੰ ਇਨ੍ਹਾਂ ਗ਼ਦਰੀ ਸੂਰਬੀਰਾਂ ਵੱਲੋਂ ਆਜ਼ਾਦੀ ਦੀ ਪ੍ਰਾਪਤੀ ਲਈ ਦਿੱਤੀ ਕੁਰਬਾਨੀ ਨੂੰ 100 ਸਾਲ ਪੂਰੇ ਹੋਣ ਜਾ ਰਹੇ ਹਨ। ਇਨ੍ਹਾਂ ਗ਼ਦਰੀ ਯੋਧਿਆਂ ਦੀ ਸ਼ਤਾਬਦੀ ਮਨਾਉਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪਿੰਡ ਰੂੜੀਵਾਲਾ ਜ਼ਿਲ੍ਹਾ ਤਰਨ ਤਾਰਨ ਵਿਖੇ ਵਿਸ਼ਾਲ ਪ੍ਰੋਗਰਾਮ ਤਹਿਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਦੇਸ਼ ਨੂੰ ਆਜ਼ਾਦ ਹੋਇਆਂ 68 ਵਰ੍ਹੇ ਬੀਤ ਚੁੱਕੇ ਹਨ ਪਰ ਕਿਸੇ ਵੀ ਸਰਕਾਰ ਨੇ ਗ਼ਦਰੀ ਯੋਧਿਆਂ ਦੀਆਂ ਕੁਰਬਾਨੀਆਂ ਦਾ ਮੁੱਲ ਪਾਉਣਾ ਮੁਨਾਸਿਬ ਨਹੀਂ ਸਮਝਿਆ। ਸਰਕਾਰ ਨੂੰ ਚਾਹੀਦਾ ਹੈ ਕਿ ਆਜ਼ਾਦੀ ਲਈ ਕੁਰਬਾਨ ਹੋਏ ਇਨ੍ਹਾਂ ਸੂਰਬੀਰ ਯੋਧਿਆਂ ਦੀਆਂ ਯਾਦਗਾਰਾਂ ਉਨ੍ਹਾਂ ਦੇ ਪਿੰਡਾਂ ਵਿਚ ਉਸਾਰਨ ਵੱਲ ਧਿਆਨ ਦੇਵੇ, ਤਾਂ ਜੋ ਨਵੀਂ ਪੀੜ੍ਹੀ ਇਨ੍ਹਾਂ ਸੂਰਬੀਰ ਯੋਧਿਆਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦੇ ਹੋਏ ਇਨ੍ਹਾਂ ਦੇ ਗੌਰਵਮਈ ਇਤਿਹਾਸ ਤੋਂ ਵਾਕਿਫ਼ ਹੋ ਸਕੇ।
ਬਲਵਿੰਦਰ ਸਿੰਘ ਚੇਹਲਾ
-(ਤਰਨ ਤਾਰਨ)। ਮੋਬਾ: 99883-22630
Source : http://beta.ajitjalandhar.com/supplement/20150902/28.cms
Tags:
Posted in: ਸਾਹਿਤ