ਗ਼ਦਰੀ ਸ਼ਹੀਦਾਂ ਦੀ ਯਾਦ ਵਿਚ

By August 15, 2015 0 Comments


gadri babe
ਹਿੰਦੁਸਤਾਨ ਦੀ ਆਜ਼ਾਦੀ ਦੀ ਜੰਗ ਵਿਚ ਗ਼ਦਰੀ ਬਾਬਿਆਂ ਦੀ ਬਹਾਦਰੀ, ਸਿਰੜ ਅਤੇ ਕੁਰਬਾਨੀ ਦੀ ਇਕ ਅਦੁੱਤੀ ਮਿਸਾਲ ਹੈ। ਬਰਤਾਨਵੀ ਹਕੂਮਤ ਨੇ ਵੱਲੇ ਪੁਲ (ਅੰਮ੍ਰਿਤਸਰ) ਦੇ ਕੇਸ ਵਿਚ 9 ਅਗਸਤ, 1915 ਨੂੰ ਮਹਾਨ ਗ਼ਦਰੀ ਸੂਰਬੀਰ ਭਾਈ ਕਾਲਾ ਸਿੰਘ ਜਗਤਪੁਰ, ਭਾਈ ਆਤਮਾ ਸਿੰਘ ਤੇ ਹਰਨਾਮ ਸਿੰਘ ਠੱਠੀਖਾਰਾ ਅਤੇ ਭਾਈ ਚੰਨਣ ਸਿੰਘ ਬੂੜਚੰਦ (ਸਾਰੇ ਜ਼ਿਲ੍ਹਾ ਤਰਨ ਤਾਰਨ) ਨੂੰ ਲਾਹੌਰ ਵਿਖੇ ਫਾਂਸੀ ਦਿੱਤੀ ਸੀ। ਇਸੇ ਕੇਸ ਵਿਚ 12 ਅਗਸਤ, 1915 ਨੂੰ ਭਾਈ ਬੰਤਾ ਸਿੰਘ ਸੰਘਵਾਲ ਅਤੇ ਬੂਟਾ ਸਿੰਘ ਅਕਾਲਗੜ੍ਹ ਨੂੰ ਵੀ ਹਕੂਮਤ ਨੇ ਸ਼ਹੀਦ ਕੀਤਾ ਸੀ। 9 ਅਗਸਤ ਤੇ 12 ਅਗਸਤ ਉਕਤ ਗ਼ਦਰੀਆਂ ਦੀ ਸ਼ਹੀਦੀ ਦਾ ਸ਼ਤਾਬਦੀ ਦਿਵਸ ਹੈ।
ਵੱਲੇ ਪੁਲ ਦੇ ਸਾਕੇ ਦੀ ਇਬਾਰਤ ਇਹ ਸੀ ਕਿ ਗ਼ਦਰ ਫੇਲ੍ਹ ਹੋਣ ਤੋਂ ਬਾਅਦ ਜਿਹੜੇ ਗ਼ਦਰੀ ਯੋਧੇ ਅੰਗਰੇਜ਼ੀ ਹਕੂਮਤ ਦੀ ਗ੍ਰਿਫ਼ਤਾਰੀ ਤੋਂ ਬਚ ਗਏ ਸਨ, ਉਨ੍ਹਾਂ ਨਾਲ ਭਾਈ ਪ੍ਰੇਮ ਸਿੰਘ ਸੁਰਸਿੰਘ ਨੇ ਤਾਲਮੇਲ ਬਣਾ ਕੇ ਉਨ੍ਹਾਂ ਦੀ 25 ਮਈ, 1915 ਨੂੰ ਕਪੂਰਥਲਾ ਵਿਖੇ ਮੀਟਿੰਗ ਕੀਤੀ ਸੀ। ਮੀਟਿੰਗ ਵਿਚ ਗ਼ਦਰੀਆਂ ਨੇ ਮਤਾ ਪਕਾ ਲਿਆ ਕਿ ਗ਼ਦਰ ਭਾਵ ਇਨਕਲਾਬ ਕਰਨ ਦੇ ਸਾਡੇ ਪਹਿਲੇ ਯਤਨ ਭਾਵੇਂ ਅਸਫਲ ਹੋ ਗਏ ਹਨ ਪਰ ਫਿਰ ਵੀ ਅਸੀਂ ਹੌਸਲਾ ਨਹੀਂ ਹਾਰਨਾ ਅਤੇ ਦੇਸ਼ ਦੀ ਆਜ਼ਾਦੀ ਦੀ ਜੰਗ ਜਾਰੀ ਰੱਖਣੀ ਹੈ। ਮੀਟਿੰਗ ਤੋਂ ਬਾਅਦ ਪਹਿਲ ਦੇ ਆਧਾਰ ‘ਤੇ ਕੰਮ ਕੱਢਿਆ ਗਿਆ ਕਿ ਆਪਣੀ ਫੌਜੀ ਤਾਕਤ ਨੂੰ ਮੁੜ ਮਜ਼ਬੂਤ ਕਰਨ ਵਾਸਤੇ ਹਥਿਆਰ ਇਕੱਤਰ ਕੀਤੇ ਜਾਣ ਅਤੇ ਅੰਗਰੇਜ਼ ਹਕੂਮਤ ਦੇ ਮੁਖ਼ਬਰਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ।
ਉਕਤ ਮਹੱਤਵਪੂਰਨ ਕਾਰਜ ‘ਤੇ ਅਮਲ ਕਰਨ ਲਈ ਗ਼ਦਰੀਆਂ ਨੇ ਅੰਮ੍ਰਿਤਸਰ ਦੀ ਨਹਿਰ ਦੇ ਵੱਲੇ ਵਾਲੇ ਰੇਲਵੇ ਪੁਲ ਦੀ ਰਾਖੀ ਲਈ ਲੱਗੀ ਹੋਈ ਗਾਰਦ ਤੋਂ ਹਥਿਆਰ ਖੋਹਣ ਦੀ ਯੋਜਨਾ ਬਣਾਈ। ਇਸ ਐਕਸ਼ਨ ਦੀ ਪੂਰਤੀ ਵਾਸਤੇ ਗ਼ਦਰੀ ਸੂਰਬੀਰ ਕਪੂਰਥਲੇ ਤੋਂ ਦੋ ਟੋਲੀਆਂ ਬਣਾ ਕੇ ਵੱਖਰੇ-ਵੱਖਰੇ ਰਸਤੇ ਰਾਹੀਂ ‘ਠੱਠੀਖਾਰੇ’ (ਤਰਨ ਤਾਰਨ) ਨੂੰ ਤੁਰ ਪਏ। ਗ਼ਦਰੀਆਂ ਨੇ ਇਸ ਪਿੰਡ ਵਿਚ ਇਕੱਤਰ ਹੋ ਕੇ ਫਿਰ ਵੱਲੇ ਪੁਲ ਵਾਲੀ ਗਾਰਦ ‘ਤੇ ਹਮਲਾ ਕਰਨਾ ਸੀ। ਭਾਈ ਪ੍ਰੇਮ ਸਿੰਘ ਵਾਲੀ ਟੋਲੀ, ਜਿਸ ਵਿਚ ਬਚਨ ਸਿੰਘ ਢੁੱਡੀਕੇ, ਰੂੜ ਸਿੰਘ ਤਲਵੰਡੀ ਦੁਸਾਂਝ ਅਤੇ ਭਾਈ ਜਵੰਦ ਸਿੰਘ ਨੰਗਲ ਸਨ। ਇਹ ਗੋਇੰਦਵਾਲ ਸਾਹਿਬ ਦੇ ਰਸਤੇ ਰਾਹੀਂ ਮਿਥੇ ਹੋਏ ਥਾਂ ‘ਤੇ ਪਿੰਡ ਠੱਠੀਖਾਰਾ ਪਹੁੰਚ ਗਏ ਸਨ। ਪ੍ਰੇਮ ਸਿੰਘ ਨੇ ਉਥੋਂ ਆਤਮਾ ਸਿੰਘ ਅਤੇ ਹਰਨਾਮ ਸਿੰਘ ਨੂੰ ਵੀ ਟੋਲੀ ਦੇ ਨਾਲ ਮਿਲਾ ਲਿਆ ਸੀ। ਇਹ ਦੋਵੇਂ ਗ਼ਦਰੀ ਅੰਗਰੇਜ਼ ਹਕੂਮਤ ਨੇ ਪਿੰਡ ਵਿਚ ਨਜ਼ਰਬੰਦ ਕੀਤੇ ਹੋਏ ਸਨ। ਭਾਈ ਬੰਤਾ ਸਿੰਘ ਸੰਘਵਾਲ ਦੀ ਟੋਲੀ, ਜਿਸ ਵਿਚ ਭਾਈ ਰੰਗਾ ਸਿੰਘ ਖੁਰਦਪੁਰ, ਭਾਈ ਕਾਲਾ ਸਿੰਘ ਜਗਤਪੁਰ ਅਤੇ ਭਾਈ ਚੰਨਣ ਸਿੰਘ ਬੂੜਚੰਦ ਸਨ, ਨੇ ਕਰਤਾਰਪੁਰ ਰਾਹੀਂ ਅੰਮ੍ਰਿਤਸਰ ਤੇ ਠੱਠੀਖਾਰਾ ਪਹੁੰਚਣਾ ਸੀ ਪਰ ਇਹ ਲੇਟ ਹੋ ਗਏ। ਲੇਟ ਹੋਣ ਕਰਕੇ ਭਾਈ ਪ੍ਰੇਮ ਸਿੰਘ ਇਸ ਟੋਲੀ ਨੂੰ ਲੱਭਣ ਚਲੇ ਗਏ ਪਰ ਉਨ੍ਹਾਂ ਦੇ ਮਗਰੋਂ ਉਹ ਟੋਲੀ ਵੀ ਠੱਠੀਖਾਰਾ ਪਹੁੰਚ ਗਈ।
ਭਾਈ ਪ੍ਰੇਮ ਸਿੰਘ ਨੂੰ ਉਡੀਕੇ ਬਗੈਰ ਹੀ ਗ਼ਦਰੀਆਂ ਦੀਆਂ ਦੋਵੇਂ ਟੋਲੀਆਂ ਵਿਚੋਂ ਭਾਈ ਕਾਲਾ ਸਿੰਘ, ਭਾਈ ਚੰਨਣ ਸਿੰਘ, ਭਾਈ ਬੰਤਾ ਸਿੰਘ, ਭਾਈ ਜਵੰਦ ਸਿੰਘ, ਭਾਈ ਰੰਗਾ ਸਿੰਘ, ਭਾਈ ਰੂੜ ਸਿੰਘ, ਭਾਈ ਹਰਨਾਮ ਸਿੰਘ ਅਤੇ ਭਾਈ ਆਤਮਾ ਸਿੰਘ ਵੱਲੇ ਵਾਲੇ ਪੁਲ ਦੀ ਫੌਜੀ ਗਾਰਦ ਤੋਂ ਹਥਿਆਰ ਖੋਹਣ ਲਈ ਚਲੇ ਗਏ। ਗ਼ਦਰੀਆਂ ਨੇ ਫੌਜੀ ਗਾਰਦ ‘ਤੇ ਦੋ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਗਾਰਦ ਦਾ ਸੰਤਰੀ ਸੁਚੇਤ ਹੋਣ ਕਰਕੇ ਸਕੀਮ ਨੇਪਰੇ ਨਾ ਚੜ੍ਹ ਸਕੀ। ਤੀਜੀ ਵਾਰ 11 ਜੂਨ 1915 ਨੂੰ ਗ਼ਦਰੀ ਪੱਕਾ ਫ਼ੈਸਲਾ ਕਰਕੇ ਗਏ ਸਨ ਕਿ ਇਸ ਵਾਰ ਕੁਝ ਨਾ ਕੁਝ ਕਰਕੇ ਹੀ ਵਾਪਸ ਮੁੜਨਾ ਹੈ। ਗ਼ਦਰੀ ਨਹਿਰ ਦੀ ਪਟੜੀ ‘ਤੇ ਘਾਹ-ਫੂਸ ਦੇ ਵਿਚੋਂ ਦੀ ਜ਼ਮੀਨ ‘ਤੇ ਰੀਂਘਦੇ ਹੋਏ ਵੱਲੇ ਪੁਲ ਦੇ ਨਜ਼ਦੀਕ ਐਨ ਫੌਜੀ ਗਾਰਦ ਕੋਲ ਪਹੁੰਚ ਗਏ। ਗ਼ਦਰੀਆਂ ਦਾ ਫ਼ੈਸਲਾ ਇਹ ਸੀ ਕਿ ਜਦੋਂ ਰੇਲ ਗੱਡੀ ਲੰਘੇਗੀ, ਉਸ ਦੇ ਖੜਾਕ ਵਿਚ ਸੰਤਰੀ ‘ਤੇ ਹਮਲਾ ਕੀਤਾ ਜਾਵੇਗਾ। ਸਾਰੀ ਰਾਤ ਉਡੀਕਣ ਤੋਂ ਬਾਅਦ ਗੱਡੀ 12 ਜੂਨ ਨੂੰ ਸਵੇਰੇ ਤੜਕੇ 4 ਵਜੇ ਆਈ। ਗੱਡੀ ਦੇ ਖੜਾਕ ਦੀ ਓਟ ਲੈ ਕੇ ਭਾਈ ਜਵੰਦ ਸਿੰਘ ਅਤੇ ਬੰਤਾ ਸਿੰਘ ਨੇ ਸੰਤਰੀ ਨੂੰ ਪਿਸਤੌਲ ਦੀਆਂ ਗੋਲੀਆਂ ਨਾਲ ਥਾਂ ਹੀ ਢੇਰ ਕਰ ਦਿੱਤਾ ਸੀ ਅਤੇ ਉਸ ਦੀ ਰਾਈਫਲ ਆਪਣੇ ਕਬਜ਼ੇ ਵਿਚ ਲੈ ਲਈ ਸੀ। ਭਾਈ ਕਾਲਾ ਸਿੰਘ ਨੂੰ ਇਕ ਫੌਜੀ ਨੇ ਜੱਫਾ ਮਾਰ ਲਿਆ, ਪਰ ਕਾਲਾ ਸਿੰਘ ਨੇ ਜੱਫਾ ਛੁਡਾ ਕੇ ਫੌਜੀ ਨੂੰ ਬੰਦੂਕ ਦੀਆਂ ਗੋਲੀਆਂ ਨਾਲ ਥਾਂ ਹੀ ਢੇਰੀ ਕਰ ਦਿੱਤਾ ਸੀ।
ਗ਼ਦਰੀ, ਫੌਜੀਆਂ ਨੂੰ ਮਾਰਨ ਤੋਂ ਬਾਅਦ ਗਾਰਦ ਦੇ ਹਥਿਆਰ ਲੈ ਕੇ ਤਰਨ ਤਾਰਨ ਨੂੰ ਤੁਰ ਪਏ। ਕਾਲਾ ਸਿੰਘ ਅਤੇ ਬੰਤਾ ਸਿੰਘ ਨੇ ਫੌਜੀਆਂ ਦੀਆਂ ਵਰਦੀਆਂ ਪਾ ਲਈਆਂ। ਬਾਕੀ ਵਰਦੀਆਂ ਉਨ੍ਹਾਂ ਨੇ ਨਾਲ ਲੈ ਲਈਆਂ ਸਨ। ਗਾਰਦ ਦੇ ਦੂਜੇ ਫੌਜੀਆਂ ਨੇ ਗ਼ਦਰੀਆਂ ਨੂੰ ਘੇਰਨ ਵਾਸਤੇ ਸਾਰੇ ਪਾਸੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਅਤੇ ਉੱਚੀ-ਉੱਚੀ ਰੌਲਾ ਵੀ ਪਾ ਦਿੱਤਾ। ਦਿਨ ਦਾ ਚੜ੍ਹਾਅ ਹੋਣ ਕਰਕੇ ਵੱਲੇ ਪਿੰਡ ਦੇ ਲੋਕ ਇਕੱਠੇ ਹੋ ਗਏ। ਤਮਾਸ਼ਬੀਨ ਲੋਕ ਅਤੇ ਅੰਗਰੇਜ਼ਾਂ ਦੇ ਝੋਲੀ-ਚੁੱਕ ਪੁਲਿਸ ਦੇ ਨਾਲ ਰਲ ਕੇ ਗ਼ਦਰੀਆਂ ਦੇ ਪਿੱਛੇ ਲੱਗ ਗਏ। ਗ਼ਦਰੀਆਂ ਪ੍ਰਤੀ ਅੰਗਰੇਜ਼ਾਂ ਨੇ ਆਪਣੇ ਝੋਲੀ-ਚੁੱਕਾਂ ਰਾਹੀਂ ਪਿੰਡ ਵਿਚ ਬੜਾ ਕੂੜ ਪ੍ਰਚਾਰ ਕਰਾਇਆ ਹੋਇਆ ਸੀ। ਇਸ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਅਣਭੋਲ ਲੋਕ ਵੀ ਗ਼ਦਰੀਆਂ ਨੂੰ ਫੜਾਉਣ ਜਾਂ ਮਰਵਾਉਣ ਦੇ ਇਰਾਦੇ ਨਾਲ ਹਜ਼ੂਮ ਵਿਚ ਸ਼ਾਮਿਲ ਹੁੰਦੇ ਗਏ।
ਗ਼ਦਰੀਆਂ ਤੇ ਪੁਲਿਸ ਵਿਚਕਾਰ ਗੋਲੀਬਾਰੀ ਹੁੰਦੀ ਰਹੀ ਅਤੇ ਤਮਾਸ਼ਬੀਨ ਇਸ ਯੁੱਧ ਨੂੰ ਤਮਾਸ਼ਾ ਸਮਝ ਕੇ ਦੇਖਦੇ ਰਹੇ। ਗ਼ਦਰੀ ਲੜਦੇ-ਲੜਦੇ ਤਰਨ ਤਾਰਨ ਦੇ ਲਾਗੇ ‘ਪਲਾਸੌਰ’ ਪਹੁੰਚ ਚੁੱਕੇ ਸਨ ਪਰ ਪੁਲਿਸ ਅਤੇ ਵਾਹਰ ਉਨ੍ਹਾਂ ਦਾ ਪਿੱਛਾ ਛੱਡ ਨਹੀਂ ਰਹੀ ਸੀ। ਗ਼ਦਰੀ ਪਲਾਸੌਰ ਤੋਂ ਮੋੜ ਕੱਟ ਕੇ ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ ਪੱਤਣ ‘ਤੇ ਪਹੁੰਚ ਗਏ। ਉਥੋਂ ਦਰਿਆ ਪਾਰ ਕਰਨ ਲਈ ਬੇੜੀ ਲਈ ਅਤੇ ਕਪੂਰਥਲੇ ਨੂੰ ਚੱਲ ਪਏ। ਪੁਲਿਸ ਬੇੜੀ ‘ਤੇ ਵੀ ਗੋਲੀਆਂ ਦਾ ਮੀਂਹ ਵਰ੍ਹਾਈ ਜਾ ਰਹੀ ਸੀ। ਗੋਲੀਆਂ ਦੀ ਬੁਛਾੜ ਨਾਲ ਇਕ ਮਲਾਹ ਵੀ ਮਾਰਿਆ ਗਿਆ ਸੀ।
ਅੰਗਰੇਜ਼ ਹਕੂਮਤ ਨੇ ਬਿਆਸ ਦਰਿਆ ਦੇ ਦੂਜੇ ਬੰਨ੍ਹੇ ਕਪੂਰਥਲੇ ਦੀ ਪੁਲਿਸ ਨੂੰ ਵੀ ਚੌਕਸ ਕੀਤਾ ਹੋਇਆ ਸੀ। ਪੁਲਿਸ ਨੇ ਹਰੇਕ ਰਸਤੇ ‘ਤੇ ਸਖਤ ਪਹਿਰੇ ਲਾਏ ਹੋਏ ਸਨ। ਪਿੰਡਾਂ ਵਿਚ ਵੀ ਅੰਗਰੇਜ਼ ਹਕੂਮਤ ਦੇ ਜਸੂਸ ਹਰਲ-ਹਰਲ ਕਰਦੇ ਫਿਰਦੇ ਸਨ। ਗ਼ਦਰੀਆਂ ਨੇ ਅੰਮ੍ਰਿਤਸਰ ਤੋਂ ਲੈ ਕੇ ਤਰਨ ਤਾਰਨ, ਪਲਾਸੌਰ, ਗੋਇੰਦਵਾਲ ਸਾਹਿਬ ਅਤੇ ਬਿਆਸ ਦਰਿਆ ਦੇ ਪੱਤਣ ਤੱਕ 24 ਘੰਟੇ ਦੇ ਕਰੀਬ ਲੰਬਾ ਸਮਾਂ ਅੰਗਰੇਜ਼ੀ ਹਕੂਮਤ ਦੀ ਪੁਲਿਸ ਨਾਲ ਮੁਕਾਬਲਾ ਕੀਤਾ ਸੀ। ਇਸ ਯੁੱਧ ਦਾ ਪੈਂਡਾ 60 ਕਿਲੋਮੀਟਰ ਦੇ ਕਰੀਬ ਬਣਦਾ ਸੀ। ਇੰਨੀ ਲੰਬੀ ਲੜਾਈ ਤੇ ਇੰਨੇ ਜ਼ਿਆਦਾ ਪੈਂਡੇ ਕਾਰਨ ਗ਼ਦਰੀ ਥੱਕ-ਟੁੱਟ ਕੇ ਚੂਰ ਹੋ ਚੁੱਕੇ ਸਨ। ਉਨ੍ਹਾਂ ਦੇ ਸਰੀਰ ਪਿਆਸ ਤੇ ਭੁੱਖ ਨਾਲ ਹੰਭ ਗਏ ਸਨ।
ਉਨ੍ਹਾਂ ਨੇ ਦਰਿਆ ਪਾਰ ਕਰਕੇ ਝੱਲ ਵਿਚ ਕੁਝ ਸਮੇਂ ਲਈ ਆਰਾਮ ਕੀਤਾ ਅਤੇ ਬਾਅਦ ਵਿਚ ਹਥਿਆਰ ਲੁਕਾ ਕੇ ਆਪ ਰੋਟੀ-ਪਾਣੀ ਖਾਣ-ਪੀਣ ਲਈ ਨੇੜਲੇ ਪਿੰਡਾਂ ਨੂੰ ਤੁਰ ਪਏ। ਝੱਲ ਦੇ ਨਜ਼ਦੀਕ ਇਕ ਪਿੰਡ ਵਿਚੋਂ ਭਾਈ ਚੰਨਣ ਸਿੰਘ, ਭਾਈ ਕਾਲਾ ਸਿੰਘ, ਭਾਈ ਹਰਨਾਮ ਸਿੰਘ ਅਤੇ ਭਾਈ ਆਤਮਾ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ‘ਤੇ ਲਾਹੌਰ ਵਿਚ ਮੁਕੱਦਮਾ ਚੱਲਿਆ ਸੀ ਅਤੇ ਅੰਗਰੇਜ਼ ਹਕੂਮਤ ਨੇ ਇਨ੍ਹਾਂ ਨੂੰ 11.8.1915 ਨੂੰ ਫਾਂਸੀ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਬਾਅਦ ਵਿਚ ਭਾਈ ਬੰਤਾ ਸਿੰਘ ਨੂੰ ਪੁਲਿਸ ਨੇ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕਰਕੇ 12 ਅਗਸਤ 1915 ਨੂੰ ਸ਼ਹੀਦ ਕਰ ਦਿੱਤਾ ਅਤੇ ਇਨ੍ਹਾਂ ਦੇ ਨਾਲ ਹੀ ਬੂਟਾ ਸਿੰਘ ਅਕਾਲਗੜ੍ਹ ਨੂੰ ਵੀ ਸ਼ਹੀਦ ਕੀਤਾ ਸੀ। ਇਸ ਵਰ੍ਹੇ ਇਨ੍ਹਾਂ ਮਹਾਨ ਦੇਸ਼ ਭਗਤਾਂ ਦੀਆਂ ਸ਼ਹਾਦਤਾਂ ਦਾ ਸ਼ਹੀਦੀ ਸ਼ਤਾਬਦੀ ਦਿਵਸ ਹੈ।
ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਰਾਜ ਕਰਦੀਆਂ ਧਿਰਾਂ ਨੇ ਇਨ੍ਹਾਂ ਮਹਾਨ ਗ਼ਦਰੀਆਂ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਅੱਖੋਂ-ਪਰੋਖੇ ਕੀਤਾ ਹੋਇਆ ਹੈ। ਇਨ੍ਹਾਂ ਦੇਸ਼ ਭਗਤਾਂ ਦੀਆਂ ਯਾਦਗਾਰਾਂ ਵੀ ਪਿੰਡਾਂ ਵਿਚ ਨਾਮਾਤਰ ਹੀ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੇਸ਼ ਭਗਤਾਂ ਦੀਆਂ ਯਾਦਗਾਰਾਂ ਉਨ੍ਹਾਂ ਦੇ ਪਿੰਡਾਂ ਵਿਚ ਉਸਾਰਨ ਵੱਲ ਵਿਸ਼ੇਸ਼ ਧਿਆਨ ਦੇਵੇ। ਕੁਰਬਾਨੀਆਂ ਭਰੇ ਇਤਿਹਾਸ ਨੂੰ ਘੋਖਣ-ਵਿਚਾਰਨ ਅਤੇ ਇਸ ਤੋਂ ਪ੍ਰੇਰਿਤ ਹੋ ਕੇ ਹੀ ਖੁਸ਼ਹਾਲ ਭਵਿੱਖ ਵੱਲ ਵਧਿਆ ਜਾ ਸਕਦਾ ਹੈ।
ਪ੍ਰਿਥੀਪਾਲ ਸਿੰਘ ਮਾੜੀਮੇਗਾ
-ਬਾਬਾ ਸੋਹਨ ਸਿੰਘ ਭਕਨਾ ਭਵਨ, 40, ਕੋਰਟ ਰੋਡ, ਅੰਮ੍ਰਿਤਸਰ। ਮੋਬਾ: 98760-78731
Originally published in ajit jalandhar
Link -http://beta.ajitjalandhar.com/supplement/20150812/28.cms
Tags:
Posted in: ਸਾਹਿਤ