ਮਿਸਾਈਲ ਮੈਨ ਨੂੰ ਸਦੀਆਂ ਤੱਕ ਯਾਦ ਰੱਖੇਗੀ ਦੁਨੀਆਂ

By July 28, 2015 0 Comments


ਲੋਕਾਂ ਦੇ ਘਰਾਂ ‘ਚ ਅਖ਼ਬਾਰ ਵੰਡ ਕੇ ਆਰੰਭਕ ਸਿੱਖਿਆ ਕੀਤੀ ਸੀ ਹਾਸਲ

ਪੂਰੀ ਦੁਨੀਆ ਲਈ ਪ੍ਰੇਰਣਾਸ੍ਰੋਤ ਬਣੇ ਅਬਦੁਲ ਕਲਾਮ ਦਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਦਰਜ਼

apj
ਡਾ. ਏ.ਪੀ.ਜੇ ਅਬਦੁਲ ਕਲਾਮ ਜਿਨ੍ਹਾਂ ਦੀ ਸ਼ਖ਼ਸੀਅਤ ਦੁਨੀਆਂ ਭਰ ਦੇ ਲੋਕਾਂ ਲਈ ਪ੍ਰੇਰਣਾਸ੍ਰੋਤ ਬਣ ਕੇ ਉੱਭਰੀ ਹੈ, ਜਿਨ੍ਹਾਂ ਆਪਣੀ ਪੂਰੀ ਜ਼ਿੰਦਗੀ ਵਿਚ ਵੱਡੀ ਪੱਧਰ ‘ਤੇ ਚੁਨੌਤੀਆਂ ਦਾ ਸਾਹਮਣਾ ਕੀਤਾ ਅਤੇ ਹਰੇਕ ਚੁਨੌਤੀ ਦਾ ਡਟ ਕੇ ਮੁਕਾਬਲਾ ਕਰਨ ਤੋਂ ਬਾਅਦ ਉਨ੍ਹਾਂ ਹਰੇਕ ਮੁਸ਼ਕਲ ਦਾ ਹੱਲ ਕੱਢਿਆ ਅਤੇ ਦੱਸਿਆ ਕਿ ਦੁਨੀਆਂ ਵਿਚ ਕੁੱਝ ਵੀ ਨਾਮੁਮਕਨ ਨਹੀਂ ਸਗੋਂ ਸਭ ਕੁੱਝ ਮੁਮਕਿਨ ਹੈ। ਇਨ੍ਹਾਂ ਆਪਣੀ ਜ਼ਿੰਦਗੀ ਵਿਚ ਕਈ ਅਹਿਮ ਕਿਤਾਬਾਂ ਵੀ ਲਿਖੀਆਂ ਜਿਨ੍ਹਾਂ ਨੂੰ ਦੁਨੀਆ ਭਰ ਦੇ ਲੋਕਾਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਪੜ੍ਹਿਆ ਗਿਆ ਅਤੇ ਹੋਵੇ ਜਾਂ ਨਾ ਹੋਵੇ ਉਨ੍ਹਾਂ ਦੀ ਸੋਚ ਉੱਤੇ ਅਮਲ ਵੀ ਕੀਤਾ ਗਿਆ। ਆਓ ਜਾਣਦੇ ਹਾਂ ਇਸ ਮਹਾਨ ਸ਼ਖ਼ਸੀਅਤ ਦੇ ਜੀਵਨ ਦੀਆਂ ਅਹਿਮ ਗੱਲਾਂ ਬਾਰੇ।

ਭਾਰਤ ਦੇ 11ਵੇਂ ਰਾਸ਼ਟਰਪਤੀ ਏ.ਪੀ.ਜੇ ਅਬਦੁਲ ਕਲਾਮ ਦਾ ਪੂਰਾ ਨਾਂ ਡਾਕਟਰ ”ਅਵੁੱਲ ਪਾਕਿਰ ਜੈਨੁੱਲਾਬਦੀਨ ਅਬਦੁਲ ਕਲਾਮ” ਹੈ। ਇਹ ਪਹਿਲੇ ਅਜਿਹੇ ਗੈਰ-ਰਾਜਨੀਤਕ ਰਾਸ਼ਟਰਪਤੀ ਰਹੇ ਜਿਨ੍ਹਾਂ ਦਾ ਰਾਜਨੀਤੀ ਵਿੱਚ ਪ੍ਰਵੇਸ਼ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਦਿੱਤੇ ਗਏ ਉੱਤਮ ਯੋਗਦਾਨ ਕਾਰਨ ਹੋਇਆ। ਏ.ਪੀ.ਜੇ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਰਾਮੇਸ਼ਵਰਮ(ਤਮਿਲਨਾਡੁ) ਵਿਖੇ ਹੋਇਆ ਸੀ। ਇਨ੍ਹਾਂ ਦੇ ਪਿਤਾ ਜੈਨੁਲਾਬਦੀਨ ਇੱਕ ਘੱਟ ਪੜ੍ਹੇ-ਲਿਖੇ ਅਤੇ ਗ਼ਰੀਬ ਮਲਾਹ ਸਨ। ਉਹ ਨਿਯਮਾਂ ਦੇ ਪੱਕੇ ਅਤੇ ਬਹੁਤ ਸ਼ਰੀਫ਼ ਸੁਭਾਅ ਦੇ ਇਨਸਾਨ ਸਨ ਜੋ ਦਿਨ ਵਿੱਚ ਚਾਰ ਵਕਤ ਦੀ ਨਮਾਜ਼ ਵੀ ਪੜ੍ਹਦੇ ਸਨ। ਅਬਦੁਲ ਕਲਾਮ ਦੇ ਪਿਤਾ ਆਪਣੀ ਕਿਸ਼ਤੀ ਮਛੇਰੀਆਂ ਨੂੰ ਦੇ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਸਨ, ਇਸ ਦੇ ਪਰਿਣਾਮ ਸਰੂਪ ਬਾਲਕ ਅਬਦੁਲ ਕਲਾਮ ਨੂੰ ਆਪਣੀ ਆਰੰਭਕ ਸਿੱਖਿਆ ਪੂਰੀ ਕਰਨ ਲਈ ਘਰਾਂ ਵਿੱਚ ਅਖ਼ਬਾਰ ਵੰਡਣ ਦਾ ਕਾਰਜ ਕਰਨਾ ਪਿਆ। ਏ.ਪੀ.ਜੇ ਅਬਦੁਲ ਕਲਾਮ ਇੱਕ ਵੱਡੇ ਅਤੇ ਸੰਯੁਕਤ ਪਰਿਵਾਰ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਮੈਂਬਰਾਂ ਦੀ ਗਿਣਤੀ ਦਾ ਅੰਦਾਜ਼ਾ ਇਸ ਗੱਲ ਵਲੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਹ ਆਪ ਪੰਜ ਭਰਾ ਅਤੇ ਪੰਜ ਭੈਣਾਂ ਸਨ ਅਤੇ ਘਰ ਵਿੱਚ ਤਿੰਨ ਪਰਿਵਾਰ ਇਕੱਠੇ ਰਿਹਾ ਕਰਦੇ ਸਨ। ਏ.ਪੀ.ਜੇ ਅਬਦੁਲ ਕਲਾਮ ਦਾ ਵਿਦਿਆਰਥੀ ਜੀਵਨ ਬਹੁਤ ਮੁਸ਼ਕਲਾਂ ਭਰਿਆ ਗੁਜ਼ਰਿਆ। ਜਦੋਂ ਉਹ 8 ਜਾਂ 9 ਸਾਲ ਦੇ ਰਹੇ ਹੋਣਗੇ, ਉਦੋਂ ਤੋਂ ਉਨ੍ਹਾਂ ਨੇ ਅਖ਼ਬਾਰ ਵੰਡਣ ਦਾ ਕਾਰਜ ਸ਼ੁਰੂ ਕਰ ਦਿੱਤਾ ਸੀ। ਉਹ ਸਵੇਰੇ 4 ਵਜੇ ਉੱਠਦੇ ਅਤੇ ਸਭ ਤੋਂ ਪਹਿਲਾਂ ਹਿਸਾਬ ਦੀ ਟਿਊਸ਼ਨ ਲਈ ਜਾਂਦੇ, ਉੱਥੋਂ ਵਾਪਸ ਆ ਕੇ ਪਿਤਾ ਨਾਲ ਕੁਰਾਨ ਸ਼ਰੀਫ਼ ਪੜ੍ਹਦੇ ਅਤੇ ਫਿਰ ਅਖ਼ਬਾਰ ਵੰਡਣ ਨਿਕਲ ਪੈਂਦੇ। ਬਚਪਨ ਵਿੱਚ ਹੀ ਉਨ੍ਹਾਂ ਇਹ ਨਿਸ਼ਚਾ ਕਰ ਲਿਆ ਸੀ ਕਿ ਉਨ੍ਹਾਂ ਦਾ ਲਕਸ਼ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਉੱਨਤੀ ਕਰਕੇ ਦੇਸ਼ ਨੂੰ ਵਿਗਿਆਨਕ ਪੱਖੋਂ ਸਭ ਤੋਂ ਉਤੰਨ ਦੇਸ਼ਾਂ ਦੀ ਕਤਾਰ ਵਿਚ ਲੈ ਕੇ ਜਾਣਾ ਸੀ। ਜਿਸ ਲਈ ਉਨ੍ਹਾਂ ਨੇ ਕਾਲਜ ਵਿੱਚ ਭੌਤਿਕ ਵਿਗਿਆਨ ਵਿਸ਼ੇ ਨੂੰ ਚੁਣਿਆ। ਇਸ ਤੋਂ ਬਾਅਦ ਉਨ੍ਹਾਂ ਮਦਰਾਸ ਇੰਸਟੀਚਿਊਟ ਆਫ਼ ਟੈਕਨੋਲਾਜੀ ਵਿਖੇ ਐਰੋਨਾਟਿਕਲ ਇੰਜੀਨੀਅਰਿੰਗ ਦੀ ਪੜਾਈ ਪੂਰੀ ਕੀਤੀ। ਏ.ਪੀ.ਜੇ ਅਬਦੁਲ ਕਲਾਮ ਦੀ ਪ੍ਰਤਿਭਾ ਦੇ ਪੱਧਰ ਨੂੰ ਇਸੇ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਉਹ ਸਿੱਧੇ ਵਿਗਿਆਨ ਦੇ ਖੇਤਰ ਵਿਚੋਂ ਰਾਜਨੀਤੀ ਦੇ ਸਰਵਉੱਚ ਅਹੁਦੇ ਉੱਤੇ ਬਿਰਾਜਮਾਨ ਹੋਏ ਸਨ। ਟਾਪੂ ਵਰਗੇ ਛੋਟੇ ਜਿਹੇ ਸ਼ਹਿਰ ‘ਰਾਮੇਸ਼ਵਰਮ, ਵਿਖੇ ਪੈਦਾ ਹੋਏ ਅਬਦੁਲ ਕਲਾਮ ਦਾ ਕੁਦਰਤ ਨਾਲ ਸ਼ੁਰੂ ਤੋਂ ਹੀ ਬਹੁਤ ਲਗਾਓ ਰਿਹਾ। ਇਸ ਦੇ ਪਿੱਛੇ ਸ਼ਾਇਦ ਇਹ ਕਾਰਨ ਵੀ ਹੋ ਸਕਦਾ ਹੈ ਕਿ ਉਨ੍ਹਾਂ ਦੀ ਗ੍ਰਹਿ ਭੂਮੀ ਆਪ ਇੱਕ ਕੁਦਰਤੀ ਅਤੇ ਮਨੋਹਰ ਭੂਮੀ ਸੀ। ਬਚਪਨ ਤੋਂ ਹੀ ਉਨ੍ਹਾਂ ਆਪਣੀ ਪੜ੍ਹਾਈ ਨੂੰ ਬਹੁਤ ਹੀ ਜ਼ਿਆਦਾ ਅਹਿਮੀਅਤ ਦਿੱਤੀ। ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਆਪਣੇ ਇਸ ਜੀਵਨ ਵਿੱਚ ਸਫਲ ਹੋਣਾ ਹੈ ਤਾਂ ਪੜ੍ਹਾਈ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਅਬਦੁਲ ਕਲਾਮ ਦੀ ਸ਼ਖ਼ਸੀਅਤ ਇੰਨੀ ਉੱਨਤ ਹੈ ਕਿ ਉਨ੍ਹਾਂ ਵਿਚ ਸਾਰੇ ਧਰਮ, ਜਾਤੀ ਅਤੇ ਸੰਪਰਦਾਵਾਂ ਦੇ ਵਿਅਕਤੀ ਨਜ਼ਰ ਆਉਂਦੇ ਸਨ। 1962 ਵਿੱਚ ਏ.ਪੀ.ਜੇ ਅਬਦੁਲ ਕਲਾਮ ਭਾਰਤੀ ਅੰਤਰਿਕਸ਼ ਅਨੁਸੰਧਾਨ ਸੰਗਠਨ ਨਾਲ ਜੁੜ ਗਏ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਆਪਣੀ ਸਫਲਤਾ ਦੀ ਕਹਾਣੀ ਘੜਨੀ ਸ਼ੁਰੂ ਕਰ ਦਿੱਤੀ। ਡਾ. ਅਬਦੁਲ ਕਲਾਮ ਨੂੰ ਪ੍ਰੋਜੈਕਟ ਡਾਇਰੈਕਟਰ ਦੇ ਤੌਰ ‘ਤੇ ਭਾਰਤ ਦਾ ਪਹਿਲਾ ਸਵਦੇਸ਼ੀ ਉਪ ਗ੍ਰਹਿ (ਐੱਸ.ਐਲ.ਵੀ ਤੀਸਰੀ) ਪ੍ਰਕਸ਼ੇਪਾਸਤਰ ਬਣਾਉਣ ਦਾ ਮਾਣ ਹਾਸਲ ਹੈ। ਡਾ. ਏ.ਪੀ.ਜੇ ਅਬਦੁਲ ਕਲਾਮ ਜੁਲਾਈ 1992 ਤੋਂ ਦਸੰਬਰ 1999 ਤੱਕ ਰੱਖਿਆ ਮੰਤਰੀ ਦੇ ਵਿਗਿਆਨ ਸਲਾਹਕਾਰ ਅਤੇ ਸੁਰੱਖਿਆ ਜਾਂਚ ਅਤੇ ਵਿਕਾਸ ਵਿਭਾਗ ਦੇ ਸਕੱਤਰ ਰਹੇ। ਉਨ੍ਹਾਂ ਸਟ੍ਰੇਟੈਜਿਕ ਮਿਸਾਇਲਸ ਸਿਸਟਮ ਦੀ ਵਰਤੋ ਆਗਨੇਯਾਸਤਰੋਂ ਦੇ ਰੂਪ ‘ਚ ਕੀਤੀ। ਇਹ ਭਾਰਤ ਸਰਕਾਰ ਦੇ ਮੁੱਖ ਵਿਗਿਆਨੀ ਸਲਾਹਕਾਰ ਵੀ ਰਹੇ। ਏ.ਪੀ.ਜੇ ਅਬਦੁਲ ਕਲਾਮ ਨੂੰ ਭਾਰਤੀ ਜਨਤਾ ਪਾਰਟੀ ਵਿਵੇਚਿਤ ਐਨ.ਡੀ.ਏ ਘਟਕ ਦਲਾਂ ਨੇ ਰਾਸ਼ਟਰਪਤੀ ਚੋਣ ਸਮੇਂ ਆਪਣਾ ਉਮੀਦਵਾਰ ਬਣਾਇਆ ਸੀ, ਜਿਸ ਦਾ ਵਾਮ ਦਲਾਂ ਤੋਂ ਇਲਾਵਾ ਸਮੂਹ ਦਲਾਂ ਨੇ ਵੀ ਸਮਰਥਨ ਕੀਤਾ।18 ਜੁਲਾਈ 2002 ਨੂੰ ਡਾ. ਕਲਾਮ ਨੂੰ 90 ਫ਼ੀਸਦੀ ਬਹੁਮਤ ਨਾਲ ਭਾਰਤ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ। ਰਾਸ਼ਟਰਪਤੀ ਬਣਨ ਤੋਂ ਬਾਅਦ ਡਾ. ਕਲਾਮ ਦੇ ਰਾਸ਼ਟਰਪਤੀ ਭਵਨ ਦੇ ਨਜ਼ਦੀਕ ਰੋਜ਼ਗਾਰ ਕਰਦੇ ਮੋਚੀ ਅਤੇ ਇੱਕ ਛੋਟੇ ਜਿਹੇ ਢਾਬੇ ਵਾਲੇ ਵਿਅਕਤੀਆਂ ਨੂੰ ਆਪਣੇ ਰਾਸ਼ਟਰਪਤੀ ਭਵਨ ਵਿਚ ਬਤੌਰ ਮਹਿਮਾਨ ਵਜੋਂ ਬੁਲਾਇਆ ਅਤੇ ਉਨ੍ਹਾਂ ਨੂੰ ਜੀ ਆਇਆ ਕਹਿਣ ਤੋਂ ਬਾਅਦ ਉਨ੍ਹਾਂ ਦੇ ਸੇਵਾ ਕੀਤੀ। ਇਨ੍ਹਾਂ 5 ਸਾਲਾਂ ਦੌਰਾਨ ਰਾਸ਼ਟਰਪਤੀ ਭਵਨ ਵਿਚ ਕਦੇ ਛੋਟੇ ਬੱਚਿਆਂ ਦੀ ਕਿਲਕਾਰੀਆਂ ਗੂੰਜਦੀ ਰਹਿੰਦੀਆਂ ਜਾਂ ਨੌਜਵਾਨਾਂ ਵੱਲੋਂ ਨਵੀਆਂ ਤਕਨੀਕੀ ਖੋਜਾਂ ਉੱਤੇ ਪ੍ਰੋਗਰਾਮ ਚੱਲਦੇ ਰਹਿੰਦੇ। ਡਾ. ਕਲਾਮ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ ਇਸੇ ਲਈ ਉਹ ਆਪਣਾ ਜ਼ਿਆਦਾਤਰ ਸਮਾਂ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਚ ਸਥਿਤ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਵਿਚ ਵਿਚਰ ਕੇ ਹੀ ਗੁਜ਼ਾਰਦੇ ਸਨ। ਇਸ ਉਪਰੰਤ ਉਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਸਥਿਤ ਇਤਿਹਾਸਕ ਪਿੰਡ ਉੱਚਾ ਪਿੰਡ ਸੰਘੋਲ ਵਿਖੇ ਇੱਕ ਨਿੱਜੀ ਕਾਲਜ ਦੇ ਸਮਾਗਮ ਵਿਚ ਵੀ ਸ਼ਾਮਲ ਹੋਏ। ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਕਾਲਜ ਪਹੁੰਚੇ ਡਾ. ਕਲਾਮ ਨੇ ਆਪਣੇ ਜੀਵਨ ਵਿਚ ਆਇਆ ਮੁਸ਼ਕਲਾਂ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ, ਆਦਿ ਵਿਸ਼ੇਸ਼ ਗੱਲਾਂ ਦਾ ਜ਼ਿਕਰ ਵੀ ਕੀਤਾ। ਇਸ ਉਪਰੰਤ ਉਨ੍ਹਾਂ ਆਪਣੇ ਭਾਸ਼ਣ ਦੌਰਾਨ ਗੁਰੂਆਂ ਦੇ ਸਿੱਖ ਇਤਿਹਾਸ ਨੂੰ ਸਿਰ ਝੁਕਾ ਕੇ ਪ੍ਰਣਾਮ ਕੀਤਾ ਅਤੇ ਕਿਹਾ ਕਿ ਸਿੱਖ ਦੁਨੀਆ ਭਰ ਵਿਚ ਆਪਣੀ ਕੌਮ ਦਾ ਨਾਂ ਰੌਸ਼ਨ ਕਰ ਰਹੇ ਹਨ।

ਏ.ਪੀ.ਜੇ ਅਬਦੁਲ ਕਲਾਮ ਦੀਆਂ ਉਪਲਬਧੀਆਂ –
d ਡਾਕਟਰ ਅਬਦੁਲ ਕਲਾਮ ਨੂੰ ਪ੍ਰੋਜੈਕਟ ਡਾਇਰੈਕਟਰ ਦੇ ਤੌਰ ‘ਤੇ ਭਾਰਤ ਦਾ ਪਹਿਲਾ ਸਵਦੇਸ਼ੀ ਉਪ ਗ੍ਰਹਿ (ਐੱਸ. ਐਲ.ਵੀ.ਤੀਸਰੀ ) ਪ੍ਰਕਸ਼ੇਪਾਸਤਰ ਬਣਾਉਣ ਦਾ ਮਾਣ ਹਾਸਲ ਹੈ।
d ਜੁਲਾਈ 1980 ਵਿੱਚ ਇਨ੍ਹਾਂ ਨੇ ਰੋਹੀਣੀ ਉਪ ਗ੍ਰਹਿ ਨੂੰ ਧਰਤੀ ਦੀ ਜਮਾਤ ਦੇ ਨਜ਼ਦੀਕ ਸਥਾਪਤ ਕੀਤਾ ਸੀ।
d ਡਾ. ਅਬਦੁਲ ਕਲਾਮ ਨੇ ਪੋਖਰਣ ਵਿੱਚ ਦੂਜੀ ਵਾਰੀ ਨਿਊਕਲੀਅਰ ਵਿਸਫੋਟ ਵੀ ਪ੍ਰਮਾਣੂ ਊਰਜਾ ਨਾਲ ਮਿਲਾ ਕੇ ਕੀਤਾ, ਇਸ ਤਰ੍ਹਾਂ ਭਾਰਤ ਨੇ ਪ੍ਰਮਾਣੂ ਹਥਿਆਰ ਦੇ ਉਸਾਰੀ ਦੀ ਸਮਰੱਥਾ ਪ੍ਰਾਪਤ ਕਰਨ ਵਿੱਚ ਸਫਲਤਾ ਹਾਸਲ ਕੀਤੀ।
d ਡਾਕਟਰ ਕਲਾਮ ਨੇ ਭਾਰਤ ਦੇ ਵਿਕਾਸ ਪੱਧਰ ਨੂੰ 2020 ਤੱਕ ਵਿਗਿਆਨ ਦੇ ਖੇਤਰ ਵਿੱਚ ਅਤਿ ਆਧੁਨਿਕ ਕਰਨ ਲਈ ਇੱਕ ਵਿਸ਼ੇਸ਼ ਸੋਚ ਵੀ ਪ੍ਰਦਾਨ ਕੀਤੀ।

ਵਰਨਣਯੋਗ ਹੈ ਕਿ ਭਾਰਤ ਦੇ ਪ੍ਰਮੁੱਖ ਵਿਗਿਆਨੀਆਂ ਵੱਲੋਂ ਤਿਆਰ ਕੀਤੀ ਜਾਂਦੀ ਨਿਊਕਲੀਅਰ ਵਿਸਫੋਟ ਪ੍ਰਮਾਣੂ ਮਿਸਾਈਲ ਹਰੇਕ ਸਾਲ ਫ਼ੇਲ੍ਹ ਹੁੰਦੀ ਜਾ ਰਹੀ ਸੀ ਤਾਂ ਡਾ. ਅਬਦੁਲ ਕਲਾਮ ਨੇ ਆਪਣੇ 2000 ਵਿਅਕਤੀਆਂ ਅਤੇ ਔਰਤਾਂ ਦੇ ਦਲ ਦੀ ਇੱਕ ਸਭਾ ਬੁਲਾਈ ਅਤੇ ਉਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰੀ ਇਹ ਮਿਸਾਈਲ ਟੈੱਸਟ ਸਫਲ ਹੋ ਕੇ ਰਹੇਗਾ, ਇਹ ਸਾਡੇ ਲਈ ਇੱਕ ਸੁਨਹਿਰੀ ਮੌਕਾ ਹੈ, ਇਹ ਸਾਡੇ ਦੇਸ਼ ਨੂੰ ਸਾਡੀ ਇੱਕ ਉੱਤਮ ਦੇਣ ਹੋਵੇਗੀ ਅਤੇ ਮੈਂ ਵਾਅਦਾ ਕਰਦਾ ਹਾਂ ਕਿ ਇਸ ਵਾਰ ਭਾਰਤ ਨੂੰ ਇਸ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜਿਸ ਤੋਂ ਬਾਅਦ ਸਾਰੇ ਦਲ ਵਿਚ ਜਿਵੇਂ ਇੱਕ ਨਵੀਂ ਉਰਜ਼ਾ ਭਰ ਗਈ ਹੋਵੇ ਅਤੇ ਦਲ ਦੇ ਸਮੂਹ ਮੈਂਬਰ ਆਪਣੀ ਦਿਨ-ਰਾਤ ਦੀ ਮਿਹਨਤ ਨਾਲ ਇਸ ਮਿਸਾਈਲ ਨੂੰ ਨਵੀਆਂ ਤਕਨੀਕਾਂ ਨਾਲ ਤਿਆਰ ਕਰਨ ਲੱਗੇ। ਕਾਫ਼ੀ ਲੰਬਾ ਸਮਾਂ ਇਸ ਨੂੰ ਤਿਆਰ ਕਰਨ ਤੋਂ ਬਾਅਦ ਜਦੋਂ ਮਿਸਾਈਲ ਟੈੱਸਟ ਤੋਂ ਇੱਕ ਦਿਨ ਪਹਿਲਾਂ ਰਾਤ ਸਮੇਂ ਭਾਰਤ ਦੇ ਰੱਖਿਆ ਮੰਤਰੀ ਡਾ. ਕਲਾਮ ਅਤੇ ਦਲ ਦੇ ਕੁੱਝ ਵਿਅਕਤੀਆਂ ਨਾਲ ਸਮੁੰਦਰ ਤਟ ‘ਤੇ ਸੈਰ ਕਰ ਰਹੇ ਸਨ ਤਾਂ ਇੱਕ ਦਮ ਰੱਖਿਆ ਮੰਤਰੀ ਨੇ ਦਿਮਾਗ਼ ਵਿਚ ਪਤਾ ਨਹੀਂ ਕਿ ਆਇਆ ਕਿ ਉਨ੍ਹਾਂ ਡਾ. ਕਲਾਮ ਨੂੰ ਕਿਹਾ ਕਿ ਮਿਸਾਈਲ ਟੈੱਸਟ ਦੀ ਸਫਲਤਾ ‘ਤੇ ਤੁਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕਰਨਾ ਚਾਹੋਂਗੇਂ, ਜਦੋਂ ਕਿ ਸਾਰੇ ਦੇਸ਼ ਦੇ ਵਿਗਿਆਨੀਆਂ ਵਿਚ ਇਹ ਡਰ ਸੀ ਕਿ ਪਤਾ ਨਹੀਂ ਟੈੱਸਟ ਸਫਲ ਹੋਵੇਗਾ ਜਾਂ ਨਹੀਂ। ਇਸ ਦੇ ਜਵਾਬ ‘ਛ ਡਾ. ਕਲਾਮ ਨੇ ਬੜੇ ਹੀ ਖ਼ੁਸ਼ ਮਿਜ਼ਾਜ ਹੁੰਦਿਆਂ ਜਵਾਬ ਦਿੱਤਾ ਕਿ ਮੈਂ ਆਪਣੀ ਪ੍ਰਯੋਗਸ਼ਾਲਾਂ ਦੇ ਪੋਧਿਆਂ ਦੀ ਰੱਖਿਆ ਕਰਨਾ ਚਾਹੁੰਦਾ ਹਾਂ ਤਾਂ ਜੋ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਹੋਵੇ ਬਾਕੀ ਰਹੀ ਗੱਲ ਟੈੱਸਟ ਸਫਲ ਹੋਣ ਦੀ ਮੈਂ ਇਸ ਵਿਚ ਆਪਣੀ ਪੂਰੀ ਸ਼ਕਤੀ ਅਤੇ ਦਿਮਾਗ਼ ਲਗਾ ਦਿੱਤਾ ਹੈ ਜੋ ਕਿ ਕਿਸੇ ਵੀ ਹਾਲਤ ‘ਚ ਸਫਲ ਹੋ ਕੇ ਰਹੇਗਾ। ਆਖ਼ਿਰਕਾਰ ਅਗਲੇ ਦਿਨ ਹੋਏ ਇਸ ਟੈੱਸਟ ਤੋਂ ਬਾਅਦ ਸਾਰੇ ਦੇਸ਼ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਇਹ ਟੈੱਸਟ ਸਫਲ ਹੋ ਗਿਆ।
ਏ.ਪੀ.ਜੇ ਅਬਦੁਲ ਕਲਾਮ ਨੂੰ ਵਿਗਿਆਨ ਦੇ ਖੇਤਰ ਵਿੱਚ ਆਪਣੇ ਉੱਤਮ ਯੋਗਦਾਨ ਲਈ ਭਾਰਤ ਦੇ ਨਾਗਰਿਕ ਸਨਮਾਨ ਦੇ ਰੂਪ ਵਿੱਚ 1981 ਵਿੱਚ ਪਦਮ ਵਿਭੂਸ਼ਨ, 1990 ਵਿੱਚ ਪਦਮ ਵਿਭੂਸ਼ਨ ਅਤੇ 1997 ਵਿੱਚ ਭਾਰਤ ਰਤਨ ਪ੍ਰਦਾਨ ਕੀਤੇ ਗਏ।
ਏ.ਪੀ.ਜੇ ਅਬਦੁਲ ਕਲਾਮ ਇੱਕੋ ਇੱਕੋ ਅਜਿਹੇ ਪਰਿਵਾਰ ਨਾਲ ਸਬੰਧਿਤ ਅਸਮਾਨ ਸ਼ਖ਼ਸੀਅਤ ਦੇ ਰੂਪ ਵਿੱਚ ਜਾਣੇ ਜਾਂਦੇ ਹਨ ਜਿਨ੍ਹਾਂ ਨੇ ਐਰੋਨਾਟਿਕਲ ਖੇਤਰ ਵਿੱਚ ਭਾਰਤ ਨੂੰ ਇੱਕ ਨਵੀਂ ਉਚਾਈ ਉੱਤੇ ਪਹੁੰਚਾਇਆ ਹੈ। ਅਬਦੁਲ ਕਲਾਮ ਭਾਰਤ ਦੇ ਪਹਿਲੇ ਅਜਿਹੇ ਰਾਸ਼ਟਰਪਤੀਆਂ ਹਨ ਜੋ ਕਵਾਰੇ ਹੋਣ ਦੇ ਨਾਲ-ਨਾਲ ਵਿਗਿਆਨੀ ਪ੍ਰਿਸ਼ਠਭੂਮੀ ਤੋਂ ਰਾਜਨੀਤੀ ਵਿੱਚ ਦਾਖਲ ਹੋਏ। ਸਰਵਪੱਲੀ ਰਾਧਾਕ੍ਰਿਸ਼ਣਨ ਅਤੇ ਡਾ. ਜ਼ਾਕਿਰ ਹੁਸੈਨ ਤੋਂ ਬਾਅਦ ਇਹ ਇੱਕ ਮਾਤਰ ਅਜਿਹੇ ਰਾਸ਼ਟਰਪਤੀ ਸਨ ਜਿਨ੍ਹਾਂ ਨੂੰ ਭਾਰਤ ਰਤਨ ਮਿਲਣ ਦਾ ਸਨਮਾਨ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਪ੍ਰਾਪਤ ਹੋ ਗਿਆ ਸੀ

ਲੇਖਕ – ਅਰੁਣ ਆਹੂਜਾ(ਫ਼ਤਹਿਗੜ੍ਹ ਸਾਹਿਬ) – 80543-07793

Posted in: ਸਾਹਿਤ