ਬੱਬਰ ਅਕਾਲੀ ਰਤਨ ਸਿੰਘ ਰੱਕੜ

By July 25, 2015 0 Comments


rattan singhਪੰਜਾਬ ਦੇ ਦੁਆਬੇ ਇਲਾਕੇ ਵਿਚ ਚੱਲੀ ਬੱਬਰ ਅਕਾਲੀ ਲਹਿਰ ਨੇ ਗੋਰਿਆਂ ਦੇ ਨੱਕ ਵਿਚ ਦਮ ਕਰ ਛੱਡਿਆ ਸੀ। ਇਸ ਲਹਿਰ ਨੇ 50 ਦੇ ਕਰੀਬ ਸ਼ਹੀਦ ਦੇ ਕੇ ਦੇਸ਼ ਦੀ ਆਜ਼ਾਦੀ ਵਿਚ ਵਡਮੁੱਲਾ ਯੋਗਦਾਨ ਪਾਇਆ। ਬੱਬਰ ਅਕਾਲੀ ਰਤਨ ਸਿੰਘ ਰੱਕੜ ਇਸ ਲਹਿਰ ਦੇ ਸਿਰਮੌਰ ਸ਼ਹੀਦ ਹੋਏ ਹਨ। ਬੱਬਰ ਰਤਨ ਸਿੰਘ ਰੱਕੜ ਦਾ ਜਨਮ 22 ਮਾਰਚ 1893 ਨੂੰ ਪਿੰਡ ਰੱਕੜਾਂ ਬੇਟ (ਬਲਾਚੌਰ) ਸ਼ਹੀਦ ਭਗਤ ਸਿੰਘ ਨਗਰ (ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਪਿਤਾ ਸ: ਜਵਾਹਰ ਸਿੰਘ ਦੇ ਘਰ ਮਾਤਾ ਬੀਬੀ ਗੋਖੀ ਦੀ ਉਦਰ ਤੋਂ ਹੋਇਆ। ਪਿਤਾ ਜੀ ਪਿੰਡ ਦੇ ਨੰਬਰਦਾਰ ਸਨ ਅਤੇ ਧਾਰਮਿਕ ਵਿਚਾਰਾਂ ‘ਚ ਪ੍ਰਪੱਕ ਸਨ। ਰਤਨ ਸਿੰਘ ਬਚਪਨ ਤੋਂ ਹੀ ਕੌਮ ਤੇ ਦੇਸ਼ ਨੂੰ ਸਮਰਪਿਤ ਅਣਖੀਲਾ, ਗੁਰਸਿੱਖ ਗੱਭਰੂ ਸੀ। 19 ਕੁ ਵਰ੍ਹਿਆਂ ਦੀ ਉਮਰ ਵਿਚ ਉਹ ਰਸਾਲਾ ਨੰ: 04 ਹਡਸਨ ਹਾਰਸ ਵਿਚ ਬਤੌਰ ਕਲਰਕ ਭਰਤੀ ਹੋ ਗਏ। ਚੰਗੀ ਡੀਲ-ਡੌਲ ਵਾਲੇ ਜਵਾਨ ਰਤਨ ਸਿੰਘ ਨੂੰ ਬਟਾਲੀਅਨ ਦੇ ਮਸਕੋਟ ਦਾ ਇੰਚਾਰਜ ਬਣਾਇਆ ਗਿਆ। ਇਥੇ ਹੀ ਨੌਕਰੀ ਦੌਰਾਨ ਉਨ੍ਹਾਂ ਨੂੰ ਅੰਗਰੇਜ਼ ਹਕੂਮਤ ਦੀਆਂ ਕਾਲੀਆਂ ਕਰਤੂਤਾਂ ਕਾਰਨ ਵਿਦੇਸ਼ੀ ਹਕੂਮਤ ਨਾਲ ਨਫ਼ਰਤ ਹੋ ਗਈ। ਫਿਰ ਉਹ ਪੰਜਾਬੀ ਰੈਜਮੈਂਟ ਵਿਚ ਭਰਤੀ ਹੋ ਗਏ ਪਰ ਛੇਤੀ ਮਹਿਸੂਸ ਕੀਤਾ ਕਿ ਕੁਝ ਰੁਪਿਆਂ ਪਿੱਛੇ ਅੰਗਰੇਜ਼ਾਂ ਨੂੰ ਆਪਣੀ ਜ਼ਿੰਦਗੀ ਵੇਚਣ ਨਾਲੋਂ ਤਾਂ ਆਪਣੀ ਜ਼ਿੰਦਗੀ ਦੇਸ਼ ਤੇ ਕੌਮ ਦੇ ਲੇਖੇ ਲਾ ਦੇਣੀ ਚਾਹੀਦੀ ਹੈ। 15 ਫਰਵਰੀ 1919 ਨੂੰ ਫੌਜ ਵਿਚੋਂ ਦੁਬਾਰਾ ਫਿਰ ਡਿਸਚਾਰਜ ਲੈ ਕੇ ਸ: ਰਤਨ ਸਿੰਘ ਆਪਣੇ ਪਿੰਡ ਆ ਕੇ ਖੇਤੀਬਾੜੀ ਦਾ ਕੰਮ ਕਰਨ ਲੱਗ ਪਏ। ਇਸ ਸਮੇਂ ਦੌਰਾਨ ਗਦਰ ਲਹਿਰ, ਜਲ੍ਹਿਆਂਵਾਲੇ ਬਾਗ ਦਾ ਸਾਕਾ ਅਤੇ ਹੋਰ ਦਿਲ-ਕੰਬਾਊ ਘਟਨਾਵਾਂ ਨੇ ਸਮੁੱਚੀ ਕੌਮ ਸਹਿਤ ਆਪ ਨੂੰ ਝੰਜੋੜ ਕੇ ਰੱਖ ਦਿੱਤਾ। ਇਸੇ ਦੌਰਾਨ ਆਪ ਨੇ ਬੱਬਰ ਅਕਾਲੀਆਂ ਨਾਲ ਮਿਲ ਕੇ ਪੂਰੀ ਸਰਗਰਮੀ ਨਾਲ ਆਮ ਲੋਕਾਂ ਵਿਚ ਵਿਚਰਦੇ ਹੋਏ ਆਜ਼ਾਦੀ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਅਤੇ ਕਈ ਬਹਾਦਰੀ ਭਰੇ ਕਾਰਨਾਮਿਆਂ ਨੂੰ ਅੰਜਾਮ ਦਿੱਤਾ। ਉਹ 23 ਅਪ੍ਰੈਲ 1932 ਨੂੰ ਚਲਦੀ ਗੱਡੀ ਰੋਕ ਕੇ ਫਰਾਰ ਹੋ ਗਏ। ਫਰਾਰੀ ਸਮੇਂ ਗਾਰਦ ਇੰਚਾਰਜ ਗੋਰੇ ਸਾਰਜੈਂਟ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਰ ਕੀ ਸੀ, ਅੰਗਰੇਜ਼ ਹਕੂਮਤ ਨੇ ਰੱਕੜ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਲਈ ਦਿਨ-ਰਾਤ ਇਕ ਕਰ ਦਿੱਤਾ।
ਅੰਗਰੇਜ਼ ਸਰਕਾਰ ਨੇ ਰੱਕੜ ਸਾਹਿਬ ਬਾਰੇ ਸੂਚਨਾ ਦੇਣ ਵਾਲੇ ਨੂੰ 10 ਹਜ਼ਾਰ ਰੁਪਏ ਨਕਦ ਇਨਾਮ ਅਤੇ 10 ਮੁਰੱਬੇ ਜ਼ਮੀਨ ਦੇਣ ਦਾ ਐਲਾਨ ਕਰ ਦਿੱਤਾ। ਇਸ ਸਮੇਂ ਉਹ ਰੁੜਕੀ ਖਾਸ (ਹੁਸ਼ਿਆਰਪੁਰ) ਵਿਖੇ ਬੱਬਰ ਗੋਂਦਾ ਸਿੰਘ ਦੇ ਘਰ ਰਹਿ ਰਹੇ ਸਨ ਤਾਂ ਇਨਾਮ ਦੇ ਲਾਲਚ ਵਿਚ ਦੂਰ ਦੇ ਰਿਸ਼ਤੇਦਾਰ ਦੇ ਮਿੱਤਰ ਮੀਹਾਂ ਸਿੰਘ ਵਾਸੀ ਗੜ੍ਹੀ ਕਾਨੂਗੋਆਂ (ਬਲਾਚੌਰ) ਨੇ ਗਦਾਰੀ ਕਰ ਦਿੱਤੀ। ਪੁਲਿਸ ਨੇ ਛਾਪਾ ਮਾਰ ਕੇ ਪਿੰਡ ਰੁੜਕੀ ਖਾਸ ਵਿਖੇ ਗੋਂਦਾ ਸਿੰਘ ਦੇ ਘਰ ਨੂੰ ਚਾਰ-ਚੁਫੇਰਿਉਂ ਘੇਰਾ ਪਾ ਲਿਆ ਪਰ ਸਫਲਤਾ ਹੱਥ ਨਾ ਲੱਗਦੀ ਦੇਖ ਕੇ ਗੋਂਦਾ ਸਿੰਘ ਤੇ ਆਸ-ਪਾਸ ਦੇ ਘਰਾਂ ਨੂੰ ਅੱਗ ਹੀ ਲਗਾ ਦਿੱਤੀ ਪਰ ਸਿੱਖ ਕੌਮ ਦੇ ਅਣਖੀਲੇ ਯੋਧੇ ਬੱਬਰ ਰਤਨ ਸਿੰਘ ਨੇ ਆਤਮ-ਸਮਰਪਣ ਦੀ ਬਜਾਏ ਮੌਤ ਨੂੰ ਤਰਜੀਹ ਦਿੱਤੀ ਤੇ ਗੋਰਿਆਂ ਦੀ ਹਕੂਮਤ ਦਾ ਮੁਕਾਬਲਾ ਕਰਦਿਆਂ 15 ਜੁਲਾਈ 1932 ਨੂੰ ਸ਼ਹਾਦਤ ਦਾ ਜਾਮ ਪੀ ਲਿਆ। 15 ਜੁਲਾਈ ਨੂੰ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ (ਬਲਾਚੌਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।
-ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ)।
ਮੋਬਾ: 9417648151
didarreporterajit@gmail.com
Tags: ,
Posted in: ਸਾਹਿਤ