16 ਜੁਲਾਈ ਨੂੰ ਸ਼ਹੀਦੀ ਦਿਵਸ ਤੇ ਵਿਸ਼ੇਸ਼ – ਭਾਈ ਤਾਰੂ ਸਿੰਘ ਸ਼ਹੀਦ

By July 13, 2015 0 Comments


bhai taru jiਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਕੇਸ, ਦਾਹੜੀ ਤੇ ਦਸਤਾਰ ਵਾਲਾ ਰੂਪ ਬਖਸ਼ ਕੇ, ਅੰਮ੍ਰਿਤ ਦੀ ਦਾਤ ਪ੍ਰਦਾਨ ਕਰ ਕੇ ਆਪਣੇ ਜਿਹਾ ਕਰ ਲਿਆ ਅਤੇ ਗੁਰੂ ਜੀ ਦਾ ਹੁਕਮ ਵੀ ਹੈ ਕਿ :
ਖਾਲਸਾ ਮੇਰੋ ਰੂਪ ਹੈ ਖਾਸ ।
ਖਾਲਸੇ ਮੇਂ ਹਉਂ ਕਰਉਂ ਨਿਵਾਸ॥
ਗੁਰੂ ਸਾਹਿਬ ਦੁਆਰਾ ਬਖਸ਼ੀ ਅਮੁੱਲ ਸਿੱਖੀ1 ਨੂੰ ਕੇਸਾਂ-ਸੁਆਸਾਂ ਸੰਗ ਨਿਭਾਉਣ ਦੇ ਦ੍ਰਿੜ ਸੰਕਲਪ ਦੇ ਧਾਰਨੀ ਭਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪੂਹਲਾ ਜਿਲ੍ਹਾ ਲਾਹੌਰ ਵਿਖੇ ਹੋਇਆ। ਬਚਪਨ ਵਿੱਚ ਹੀ ਪਿਤਾ ਦਾ ਸਾਇਆ ਸਿਰੋਂ ਉੱਠ ਜਾਣ ਤੇ ਗੁਰਸਿੱਖ ਮਾਤਾ ਨੇ ਬੱਚੇ ਦੀ ਰਗ-ਰਗ ਵਿਚ ਗੁਰਬਾਣੀ, ਗੁਰ ਇਤਿਹਾਸ ਤੇ ਗੁਰ ਸਿੱਖੀ ਲਈ ਅਥਾਹ ਸ਼ਰਧਾ ਤੇ ਪਿਆਰ ਭਰ ਦਿੱਤਾ।

 
ਬੰਦਾ ਬਹਾਦਰ ਦੀ ਸ਼ਹੀਦੀ (1716 ਈ:) ਤੋਂ ਬਾਅਦ ਸਿੱਖਾਂ ਉੱਤੇ ਮੁਗ਼ਲ ਹਕੂਮਤ ਦੇ ਜੁਲਮ ਦੀ ਤਲਵਾਰ ਅੰਨ੍ਹੇਵਾਹ ਚੱਲਣ ਲੱਗੀ। ਜੁਆਨ ਉਮਰੇ ਭਾਈ ਸਾਹਿਬ ਖੇਤੀਬਾੜੀ ਕਰਨ ਦੇ ਨਾਲ-ਨਾਲ ਆਪਣੀ ਜ਼ਮੀਨ ਦੀ ੳਪਜ ਦੁਆਰਾ ਜੰਗਲਾਂ ਵਿੱਾਚ ਘੁੰਮਣ ਵਾਲੇ ਬਿਪਤਾ ਮਾਰੇ ਆਪਣੇ ਸਿੱਖ ਭਰਾਵਾਂ ਲਈ ਲੰਗਰ ਦੀ ਸੇਵਾ ਤੇ ਹੋਰ ਮਦਦ ਕਰਨ ਲੱਗੇ। ਆਪ ਨਿੱਜੀ ਤੌਰ ਤੇ ਬੜੇ ਅਮਨ ਪਸੰਦ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਵਿਅਕਤੀ ਸਨ। ਜੰਡਿਆਲੇ ਦੇ ਇੱਕ ਮੁਖਬਰ ਹਰਭਗਤ ਨਿਰੰਜਨੀਏ ਨੇ ਭਾਈ ਸਾਹਿਬ ਦੇ ਖਿਲਾਫ ਲਾਹੌਰ ਦੇ ਗਵਰਨਰ ਜ਼ਕਰੀਆ ਖਾਂ ਦੇ ਕੰਨ ਭਰੇ ਕਿ ਤਾਰੂ ਸਿੰਘ ਡਾਕੂਆਂ ਤੇ ਬਾਗੀਆਂ ਨੂੰ ਆਪਣੇ ਘਰ ਸ਼ਰਨ ਦਿੰਦਾ ਹੈ। ਜ਼ਕਰੀਆ ਖਾਂ ਦੇ ਹੁਕਮ ਨਾਲ ਹਰਭਗਤ 20 ਪੈਦਲ ਸਿਪਾਹੀ ਲੈ ਕੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਤੁਰ ਪਿਆ। ਜੂਨ 1745 ਈ: ਵਿੱਚ ਤਾਰੂ ਤਿੰਘ ਨੂੰ ਫੜ੍ਹ ਕੇ ਰਾਜਧ੍ਰੋਹੀ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ।
ਜ਼ਕਰੀਆ ਖਾਂ ਵੱਲੋ ਭਾਈ ਤਾਰੂ ਸਿੰਘ ਨੂੰ ਆਪਣੇ ਕੀਤੇ ਤੇ ਪਛਤਾਵਾ ਕਰਕੇ ਇਸਲਾਮ ਕਬੂਲ ਕਰਨ ਲਈ ਕਈ ਲਾਲਚ ਤੇ ਡਰਾਵੇ ਦਿੱਤੇ ਗਏ ਪਰੰਤੂ ਭਾਈ ਤਾਰੂ ਸਿੰਘ “ ਨਿਰਭਉ ਜਪੈ ਸਗਲ ਭਉ ਮਿਟੈ” ਦੇ ਗੁਰਵਾਕ ਦੇ ਪੱਕੇ ਧਾਰਨੀ ਸਨ ਤੇ ਉਹਨਾਂ ਦਾ ਜਵਾਬ ਇਹ ਸੀ ਕਿ :
“ ਤੂੰ ਜੇ ਹਮ ਪੈ ਹੈਂ ਮਿਹਰਬਾਨ। ਆਖ ਹਮੈਂ ਨਾ ਹੋਹੁ ਮੁਸਲਮਾਨ।
ਤੂੰ ਦਸ ਹਮੈ ਕੁਛ ਐਸੇ ਰਾਹੁ। ਕੇਸੀਂ ਸਾਸੀਂ ਹੋਇ ਨਿਬਾਹੁ॥੧॥ ”
ਭਾਈ ਸਾਹਿਬ ਦਾ ਅਡੋਲ ਨਿਸਚਾ ਦੇਖ ਕੇ ਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਦੀ ਗੱਲ ਸੁੱਣ ਕੇ ਖਾਨ ਬਹਾਦਰ ਨੇ ਇੱਕ ਮੋਚੀ ਤੋਂ ਤਾਰੂ ਸਿੰਘ ਜੀ ਦੀ ਖੋਪਰੀ ਉਤਰਵਾ ਦਿੱਤੀ। ਪਹਿਲੀ ਜੁਲਾਈ 1745 ਈ: ਨੂੰ ਭਾਈ ਤਾਰੂ ਸਿੱਘ ਜੀ ਦੀ ਸ਼ਹੀਦੀ ਹੋਈ। ਉਸ ਸਮੇਂ ੳਹ ਪੰਝੀ ਸਾਲਾਂ ਦੇ ਨੌਜਵਾਨ ਸਨ। ਭਾਈ ਸਾਹਿਬ ਦੇ ਪ੍ਰਾਣ ਨਿਕਲਣ ਤੋਂ ਕੁਝ ਘੰਟੇ ਪਹਿਲਾਂ ਜ਼ਕਰੀਆ ਖਾਂ ਵੀ ਆਪਣੇ ਪਾਪਾਂ ਦਾ ਫਲ ਭੋਗਣ ਲਈ ਇੱਕ ਗੰਭੀਰ ਬਿਮਾਰੀ ਦੇ ਸਿੱਟੇ ਵਜੋਂ ਜਹਾਨ ਛੱਡ ਗਿਆ। ਸਿੱਖ ਧਰਮ ਵਿੱਚ ਇਹ ਰਵਾਇਤ ਹੈ ਕਿ ਭਾਈ ਸਾਹਿਬ ਨੇ ਤਸੀਹੇ ਭੁਗਤਣ ਸਮੇਂ ਇਹ ਕਿਹਾ ਸੀ ਕਿ ਉਸ ਦੀ ਮੌਤ ਤੋਂ ਪਹਿਲਾਂ ਜ਼ਾਲਮ ਜ਼ਕਰੀਆ ਖਾਂ ਦਾ ਵੀ ਅੰਤ ਹੋ ਜਾਵੇਗਾ। ਲਾਹੌਰ ਵਿੱਚ ਹੀ ਸ਼ਹੀਦਗੰਜ ਦੇ ਅਸਥਾਨ ਤੇ ਭਾਈ ਤਾਰੂ ਸਿੰਘ ਜੀ ਦੀ ਮਿਰਤਕ ਦੇਹ ਦਾ ਸਸਕਾਰ ਕੀਤਾ ਗਿਆ।
ਭਾਈ ਸਾਹਿਬ ਜੀ ਦੀ ਇਹ ਬੇਮਿਸਾਲ ਕੁਰਬਾਨੀ ਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਦਾ ਦ੍ਰਿੜ ਨਿਸਚਾ ਅਜੋਕੇ ਸਿੱਖ ਨੌਜਵਾਨਾਂ ਲਈ ਇੱਕ ਅਨੂਠੀ ਮਿਸਾਲ ਹੈ ਜੋ ਫੈਸ਼ਨ ਪ੍ਰਸਤੀ ਵਿੱਚ ਪੈ ਕੇ ਆਪਣੇ ਕੇਸ ਇੱਕ ਦੂਜੇ ਤੋਂ ਪਹਿਲਾਂ ਕਤਲ ਕਰਾਉਣ ਲਈ ਤਰਲੋਮੱਛੀ ਹੋ ਰਹੇ ਹਨ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਪੂਹਲਾ ਜ਼ਿਲ੍ਹਾ ਤਰਨਤਾਰਨ ਦੀ ਸੰਗਤ ਤੇ ਇਲਾਕਾ ਨਿਵਾਸੀਆਂ ਵੱਲੋਂ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ 16 ਜੁਲਾਈ (1 ਸਾਵਣ) ਨੂੰ ਭਾਰੀ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ।

ਸੁਭਿੰਦਰਜੀਤ ਸਿੰਘ,
ਐਮ.ਏ (ਹਿਸਟਰੀ, ਅੰਗਰੇਜ਼ੀ) ਐਮ.ਐਡ,
ਮੁੱਖ ਅਧਿਆਪਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ,
ਅਲਗੋਂ (ਤਰਨ ਤਾਰਨ)।
ਮੋਬਾਇਲ: 98159 42652

Posted in: ਸਾਹਿਤ