1984 ਸਿੱਖ ਕਤਲੇਆਮ – ਰੋਂਗਟੇ ਖੜ੍ਹੇ ਕਰ ਦੇਣ ਵਾਲਾ ਸੱਚ

By October 31, 2014 0 Comments


ਕਤਲੇਆਮ ਪੀੜਤ ਪਰਵਾਰਾਂ ਨੂੰ ਪੰਜ-ਪੰਜ ਲੱਖ ਦੇ ਮੁਆਵਜ਼ੇ ਦਾ ਐਲਾਨ ਹੋਣ ਤੋਂ ਬਾਅਦ ਹੁਣ ਇਸ ਗੱਲ ਦੀ ਦੌੜ ਲੱਗ ਗਈ ਹੈ ਕਿ ਇਸ ਦਾ ਸਿਹਰਾ ਕਿਸ ਦੇ ਸਿਰ ਬੱਝੇ। ਪਹਿਲਾਂ ਕਦੇ ਅਜਿਹਾ ਨਹੀਂ ਹੋਇਆ। ਹਾਲਾਂਕਿ ਪ੍ਰਧਾਨ ਮੰਤਰੀ ਨੇ 3325 ਪਰਵਾਰਾਂ ਨੂੰ ਸਿਰਫ਼ 166 ਕਰੋੜ ਦੀ ਰਕਮ ਤਕਸੀਮ ਕਰਨ ਦੀ ਝੰਡੀ ਦਿਤੀ ਹੈ ਪਰ ਇਸ ਦਾ ਕ੍ਰੈਡਿਟ ਲੈਣ ਲਈ ਹਰ ਪਾਰਟੀ, ਹਰ ਆਗੂ ਇਥੋਂ ਤਕ ਕਿ ਧਾਰਮਕ ਪ੍ਰਚਾਰਕ ਵੀ ਕਾਹਲੇ ਪੈ ਗਏ ਹਨ। ਅਜਿਹਾ ਉਦੋਂ ਵੀ ਨਹੀਂ ਸੀ ਹੋਇਆ ਜਦੋਂ 2006 ਵਿਚ ਯੂਪੀਏ ਸਰਕਾਰ ਨੇ 717 ਕਰੋੜ ਦਾ ਮੁਆਵਜ਼ਾ ਐਲਾਨ ਕੀਤਾ ਸੀ। ਇਹ ਗੱਲ ਵਖਰੀ ਹੈ ਕਿ ਉਦੋਂ ਸਿਰਫ਼ 500 ਕਰੋੜ ਹੀ ਵੰਡਿਆ ਜਾ ਸਕਿਆ ਸੀ ਤੇ 217 ਕਰੋੜ ਇਸ ਕਾਰਨ ਲੈਪਸ ਹੋ ਗਿਆ ਕਿ ਸਰਕਾਰ ਨੂੰ ਅਜਿਹੇ ਲੋਕਾਂ ਬਾਰੇ ਪਤਾ ਲੱਗ ਗਿਆ ਸੀ ਕਿ ਉਹ ਅਸਲ ਵਿਚ ਪੀੜਤ ਨਹੀਂ ਹਨ।
ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਦਾ ਦਾਅਵਾ ਹੈ ਕਿ ਭਾਜਪਾ ਦੇ ਕੌਮੀ ਸਕੱਤਰ ਅਤੇ ਦਿੱਲੀ ਦੇ ਵਿਧਾਇਕ ਆਰ.ਪੀ. ਸਿੰਘ ਨੇ ਭਾਜਪਾ ਵਲੋਂ ਪ੍ਰਧਾਨ ਮੰਤਰੀ ਨਾਲ ਜੋ ਖ਼ਤੋ-ਕਿਤਾਬਤ ਕੀਤੀ ਇਹ ਉਸੇ ਦਾ ਨਤੀਜਾ ਹੈ।
ਤਿੰਨ ਦਹਾਕਿਆਂ ਤੋਂ ਦੰਗਾ ਪੀੜਤਾਂ ਦੇ ਕੇਸ ਲੜਦੇ ਆ ਰਹੇ ਐਡਵੋਕੇਟ ਐਚਐਸ ਫ਼ੂਲਕਾ ਇਸ ਨੂੰ ਅਲੱਗ ਅੰਦਾਜ਼ ਵਿਚ ਲੈਂਦੇ ਹਨ। ਉਹ ਕਹਿੰਦੇ ਹਨ ਕਿ ਕ੍ਰੈਡਿਟ ਕੋਈ ਵੀ ਲੈਂਦਾ ਫਿਰੇ,
ਪੀੜਤਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ। ਕੁੱਝ ਅਜਿਹੇ ਵੀ ਹਨ ਜਿਨ੍ਹਾਂ ਕੋਲ ਬੱਚਿਆਂ ਦੀ ਫ਼ੀਸ ਦੇਣ ਲਈ ਵੀ ਪੈਸੇ ਨਹੀਂ ਹਨ, ਇਹ ਰਾਹਤ ਉਨ੍ਹਾਂ ਲਈ ਬਹੁਤ ਵੱਡੀ ਗੱਲ ਹੈ। ਦੂਜੇ ਪਾਸੇ ਅਕਾਲ ਤਖ਼ਤ ਵਲੋਂ ਜਾਰੀ ਇਕ ਬਿਆਨ ਵਿਚ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਪੈਸੇ ਦੀ ਮਦਦ ਨਾਲ ਸਿੱਖਾਂ ਦੇ ਜ਼ਖ਼ਮਾਂ ‘ਤੇ ਮਲ੍ਹਮ ਨਹੀਂ ਲਗਾਈ ਜਾ ਸਕਦੀ। ਸਿੱਖਾਂ ਨੂੰ ਤਾਂ ਚੈਨ ਉਦੋਂ ਹੀ ਆਵੇਗਾ ਜਦੋਂ ਉਨ੍ਹਾਂ ਲੋਕਾਂ ਨੂੰ ਸਜ਼ਾ ਮਿਲੇਗੀ ਜੋ ਇਸ ਕਤਲੇਆਮ ਦੇ ਦੋਸ਼ੀ ਹਨ।
ਸ਼੍ਰੋਮਣੀ ਅਕਾਲੀ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਕਹਿੰਦੇ ਹਨ ਕਿ ਅਪਣੇ ਸਿਰ ਸਿਹਰਾ ਬੰਨ੍ਹਣ ਦੀ ਕੋਸ਼ਿਸ਼ ਕੋਈ ਵੀ ਕਰਦਾ ਫਿਰੇ ਪਰ ਅਸਲੀਅਤ ਨੂੰ ਬਦਲਿਆ ਨਹੀਂ ਜਾ ਸਕਦਾ। ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਅਤੇ ਸ. ਪਰਕਾਸ਼ ਸਿੰਘ ਬਾਦਲ ਪਹਿਲੀ ਵਾਰ ਉਨ੍ਹਾਂ ਨੂੰ ਮਿਲੇ ਤਾਂ ਪੰਜਾਬ ਦੀ ਸਿਆਸੀ ਚਰਚਾ ਤੋਂ ਪਹਿਲਾਂ ਉਨ੍ਹਾਂ ਇਹੀ ਮੰਗ ਰੱਖੀ ਸੀ ਕਿ ਦੰਗਾ ਪੀੜਤਾਂ ਲਈ ਹੋਰ ਮੁਆਵਜ਼ਾ ਦਿਤਾ ਜਾਵੇ। ਸ. ਬਾਦਲ ਨੇ ਇਹ ਵੀ ਕਿਹਾ ਸੀ ਕਿ ਦਿੱਲੀ ਵਿਚ ਜਿੰਨੇ ਕਤਲ ਹੋਏ ਓਨੇ ਮਾਮਲੇ ਦਰਜ ਨਹੀਂ ਹੋਏ ਜੋ ਕਿ ਹੋਣੇ ਚਾਹੀਦੇ ਸਨ। ਉਨ੍ਹਾਂ ਇਕ ਅਜਿਹਾ ਕਮੀਸ਼ਨ ਬਣਾਉਣ ਦੀ ਮੰਗ ਵੀ ਕੀਤੀ ਸੀ ਜੋ ਦੰਗੇ ਫੈਲਾਉਣ ਵਾਲਿਆਂ ਦੇ ਨਾਂਅ ਜੱਗ-ਜ਼ਾਹਰ ਕਰੇ। ਮਹੇਸ਼ਇੰਦਰ ਸਿੰਘ ਦਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਵਲੋਂ ਨਵੇਂ ਬਣਾਏ ਲਾਲ ਕਾਰਡਧਾਰਕਾਂ ਨੂੰ ਦੋ-ਦੋ ਲੱਖ ਰੁਪਏ ਦੀ ਗ੍ਰਾਂਟ ਦਿਵਾਉਣ ਲਈ ਅਲੱਗ ਤੋਂ ਚਿੱਠੀ ਲਿੱਖ ਚੁੱਕਾ ਹੈ। ਜਿਹੜੇ 6000 ਪੀੜਤਾਂ ਨੂੰ ਮਕਾਨ ਦੇਣੇ ਹਨ, ਉਨ੍ਹਾਂ ਵਿਚੋਂ 1600 ਨੂੰ ਹੀ ਦਿਤੇ ਗਏ ਹਨ। ਸ. ਬਾਦਲ ਨੇ ਇਹ ਮੁੱਦਾ ਵੀ ਪ੍ਰਧਾਨ ਮੰਤਰੀ ਸਾਹਮਣੇ ਚੁਕਿਆ ਹੈ ਕਿ ਅਸਲ ਵਿਚ ਮਕਾਨ ਕੇਂਦਰ ਸਰਕਾਰ ਨੂੰ ਬਣਾ ਕੇ ਦੇਣੇ ਚਾਹੀਦੇ ਸਨ ਜਦਕਿ ਇਹ ਜ਼ਿੰਮੇਵਾਰੀ ਪੰਜਾਬ ਸਰਕਾਰ ਨਿਭਾ ਰਹੀ ਹੈ।
Tags: